ਸਰਹੱਦੀ ਪਿੰਡਾਂ ਅਤੇ ਚੌਕੀਆਂ 'ਤੇ ਪਾਕਿਸਤਾਨੀ ਗੋਲੀਬਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨੀ ਫ਼ੌਜੀਆਂ ਦੁਆਰਾ ਜੰਮੂ, ਕਠੂਆ ਅਤੇ ਸਾਂਬਾ ਜ਼ਿਲ੍ਹਿਆਂ ਵਿਚ ਅੰਤਰਰਾਸ਼ਟਰੀ ਸਰਹੱਦ ਨਾਲ ਲੱਗੇ ਭਾਰਤੀ ਪਿੰਡਾਂ ਅਤੇ ਸਰਹੱਦੀ ਚੌਕੀਆਂ 'ਤੇ ਅੱਜ ਮੋਰਟਾਰ...

Children taking treatment in the Hospital

ਜੰਮੂ, 23 ਮਈ : ਪਾਕਿਸਤਾਨੀ ਫ਼ੌਜੀਆਂ ਦੁਆਰਾ ਜੰਮੂ, ਕਠੂਆ ਅਤੇ ਸਾਂਬਾ ਜ਼ਿਲ੍ਹਿਆਂ ਵਿਚ ਅੰਤਰਰਾਸ਼ਟਰੀ ਸਰਹੱਦ ਨਾਲ ਲੱਗੇ ਭਾਰਤੀ ਪਿੰਡਾਂ ਅਤੇ ਸਰਹੱਦੀ ਚੌਕੀਆਂ 'ਤੇ ਅੱਜ ਮੋਰਟਾਰ ਦੇ ਗੋਲੇ ਸੁੱਟਣ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਪੰਜ ਜਣਿਆਂ ਦੀ ਮੌਤ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ।  ਭਾਰੀ ਗੋਲੀਬਾਰੀ ਕਾਰਨ ਸਰਹੱਦੀ ਸ਼ਹਿਰ ਅਰਨੀਆ ਅਤੇ ਸਰਹੱਦ ਨਾਲ ਲੱਗੇ 100 ਪਿੰਡਾਂ ਵਿਚੋਂ 76 ਹਜ਼ਾਰ ਤੋਂ ਵੱਧ ਪੇਂਡੂ ਅਪਣੇ ਘਰ ਛੱਡ ਕੇ ਚਲੇ ਗਏ ਹਨ। 

ਜੰਮੂ, ਕਠੂਆ ਅਤੇ ਸਾਂਬਾ ਜ਼ਿਲ੍ਹਿਆਂ ਵਿਚ ਅੱਜ ਲਗਾਤਾਰ ਨੌਵੇਂ ਦਿਨ ਪਾਕਿਸਤਾਨੀ ਰੇਂਜਰਾਂ ਨੇ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ 'ਤੇ ਗੋਲੀਬਾਰੀ ਕੀਤੀ। ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਸਾਂਬਾ ਵਿਚ ਅੱਜ ਸਵੇਰੇ ਨੌਂ ਵਜੇ ਸ਼ੁਰੂ ਹੋਈ ਗੋਲੀਬਾਰੀ ਵਿਚ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖ਼ਮੀ ਹੋ ਗਏ। ਪਾਕਿਸਤਾਨੀ ਰੇਂਜਰਾਂ ਨੇ ਕਠੂਆ ਜ਼ਿਲ੍ਹੇ ਵਿਚ ਰਿਹਾਇਸ਼ੀ ਇਲਾਕਿਆਂ ਅਤੇ ਚੌਕੀਆਂ ਨੂੰ ਵੀ ਨਿਸ਼ਾਨਾ ਬਣਾਇਆ। 

ਜੰਮੂ ਜ਼ਿਲ੍ਹੇ ਦੇ ਆਰਐਸ ਪੁਰਾ, ਅਰਨੀਆ, ਬਿਸਨਾਹ ਅਤੇ ਰਾਮਗੜ੍ਹ ਤੇ ਸਾਂਬਾ ਸੈਕਟਰਾਂ 'ਤੇ ਕਲ ਰਾਤ ਤੋਂ ਗੋਲੀਬਾਰੀ ਜਾਰੀ ਹੈ। ਪੁਲਿਸ ਅਧਿਕਾਰੀ ਨੇ ਕਿਹਾ, 'ਪਾਕਿਸਤਾਨ ਵਲੋਂ ਅੱਜ ਸਵੇਰੇ ਕੀਤੀ ਗਈ ਭਾਰੀ ਗੋਲੀਬਾਰੀ ਵਿਚ ਉਕਤ ਮੌਤਾਂ ਹੋਈਆਂ। ਰਾਤ ਸਮੇਂ ਇਨ੍ਹਾਂ ਸੈਕਟਰਾਂ ਦੇ ਵੱਖ ਵੱਖ ਪਿੰਡਾਂ ਵਿਚੋਂ ਭਾਰੀ ਗਿਣਤੀ ਵਿਚ ਲੋਕ ਕੱਢੇ ਗਏ।' ਪਾਕਿਸਤਾਨੀ ਫ਼ੌਜੀਆਂ ਦੁਆਰਾ ਭਾਰਤੀ ਪਿੰਡਾਂ ਵਿਚ ਮੋਰਟਾਰ ਬੰਬ ਸੁੱਟਣ ਦੀ ਘਟਨਾ ਵਿਚ 20 ਨਾਗਰਿਕ ਜ਼ਖ਼ਮੀ ਹੋ ਗਏ।

ਗੋਲੀਬਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਅਰਨੀਆ ਸੈਕਟਰ ਵਿਚ ਸੰਨਾਟਾ ਪਸਰਿਆ ਹੋਇਆ ਹੈ। ਬਹੁਤੇ ਲੋਕ ਅਪਣੇ ਘਰ ਛੱਡ ਕੇ ਸਰਕਾਰੀ ਕੈਂਪਾਂ ਵਿਚ ਜਾਂ ਅਪਣੇ ਰਿਸ਼ਤੇਦਾਰਾਂ ਦੇ ਘਰ ਚਲੇ ਗਏ ਹਨ। ਪਾਕਿਸਤਾਨੀ ਸੁਰੱਖਿਆ ਬਲਾਂ ਦੀ ਗੋਲੀਬਾਰੀ ਵਿਚ ਸੱਤ ਮਹੀਨੇ ਦੇ ਬੱਚੇ ਦੇ ਮਾਰੇ ਜਾਣ ਮਗਰੋਂ ਅੱਜ ਪਾਕਿਸਤਾਨ ਦੇ ਉਪ ਰਾਜਦੂਤ ਸਈਅਦ ਹੈਦਰ ਸ਼ਾਹ ਨੂੰ ਤਲਬ ਕੀਤਾ ਗਿਆ ਅਤੇ ਸਖ਼ਤ ਵਿਰੋਧ ਪ੍ਰਗਟ ਕੀਤਾ ਗਿਆ।  (ਏਜੰਸੀ)