ਪ੍ਰਿਅੰਕਾ ਨੇ ਜਿੱਥੇ-ਜਿੱਥੇ ਚੋਣ ਪ੍ਰਚਾਰ ਕੀਤਾ, ਉੱਥੇ 97% ਸੀਟਾਂ ਹਾਰੀ ਕਾਂਗਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਿਅੰਕਾ ਨੂੰ ਪੂਰਬੀ ਉੱਤਰ ਪ੍ਰਦੇਸ਼ ਦਾ ਇੰਚਾਰਜ ਬਣਾਇਆ ਗਿਆ ਸੀ

Priyanka Gandhi Vadra

ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਨਤੀਜੇ ਕਾਂਗਰਸ ਪਾਰਟੀ ਅਤੇ ਖ਼ਾਸ ਕਰ ਉਸ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਵੱਡੀ ਭੈਣ ਤੇ ਪੂਰਬੀ ਉੱਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਅੰਕਾ ਗਾਂਧੀ ਵਾਡਰਾ ਲਈ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਹੈ। ਚੋਣਾਂ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਨੂੰ ਜਿਸ ਤਰ੍ਹਾਂ ਪੂਰਬੀ ਉੱਤਰ ਪ੍ਰਦੇਸ਼ ਦਾ ਇੰਚਾਰਜ ਬਣਾਇਆ ਗਿਆ, ਉਸ ਦਾ ਕੋਈ ਫ਼ਾਇਦਾ ਪਾਰਟੀ ਨੂੰ ਨਾ ਮਿਲਿਆ।

ਪ੍ਰਿਅੰਕਾ ਨੇ ਚੋਣਾਂ ਸ਼ੁਰੂ ਹੋਣ ਤੋਂ ਠੀਕ ਤਿੰਨ ਮਹੀਨੇ ਪਹਿਲਾਂ ਮੋਰਚਾ ਸੰਭਾਲਿਆ ਸੀ। ਲੋਕ ਸਭਾ ਚੋਣਾਂ 'ਚ ਪੂਰੇ ਪ੍ਰਚਾਰ ਦੌਰਾਨ ਪ੍ਰਿਅੰਕਾ ਗਾਂਧੀ ਨੇ 38 ਰੈਲੀਆਂ ਕੀਤੀਆਂ। ਇਨ੍ਹਾਂ 'ਚ 26 ਰੈਲੀਆਂ ਉਨ੍ਹਾਂ ਨੇ ਸਿਰਫ਼ ਉੱਤਰ ਪ੍ਰਦੇਸ਼ 'ਚ ਕੀਤੀਆਂ। ਬਾਕੀ ਮੱਧ ਪ੍ਰਦੇਸ਼, ਦਿੱਲੀ, ਪੰਜਾਬ, ਝਾਰਖੰਡ ਅਤੇ ਹਰਿਆਣਾ 'ਚ ਕਾਂਗਰਸੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ। ਪ੍ਰਿਅੰਕਾ ਗਾਂਧੀ ਨੇ ਜਿੰਨੀਆਂ ਸੀਟਾਂ 'ਤੇ ਚੋਣ ਪ੍ਰਚਾਰ ਕੀਤਾ, ਉਨ੍ਹਾਂ 'ਚੋਂ 97% ਸੀਟਾਂ ਕਾਂਗਰਸ ਹਾਰ ਗਈ।

ਪ੍ਰਿਅੰਕਾ ਗਾਂਧੀ ਨੂੰ ਪੂਰਬੀ ਉੱਤਰ ਪ੍ਰਦੇਸ਼ ਦਾ ਇੰਚਾਰਜ ਬਣਾਇਆ ਗਿਆ ਸੀ। ਉਨ੍ਹਾਂ ਦੇ ਨਾਲ ਹੀ ਜਯੋਤਿਰਾਦਿੱਤਿਆ ਸਿੰਧਿਆ ਨੂੰ ਪਛਮੀ ਉੱਤਰ ਪ੍ਰਦੇਸ਼ ਦਾ ਇੰਚਾਰਜ ਬਣਾਇਆ ਗਿਆ ਸੀ। ਦੋਹਾਂ ਨੂੰ ਪਾਰਟੀ 'ਚ ਜਨਰਲ ਸਕੱਤਰ ਦਾ ਅਹੁਦਾ ਦਿੱਤਾ ਗਿਆ ਸੀ। ਉੱਤਰ ਪ੍ਰਦੇਸ਼ 'ਚ ਤਿਕੌਣੀ ਮੁਕਾਬਲਾ ਸੀ। ਉੱਤਰ ਪ੍ਰਦੇਸ਼ 'ਚ ਕਾਂਗਰਸ ਪਾਰਟੀ ਨੂੰ ਸਿਰਫ਼ ਇਕ ਸੀਟ ਮਿਲੀ ਹੈ। ਰਾਏਬਰੇਲੀ ਤੋਂ ਸੋਨੀਆ ਗਾਂਧੀ ਆਪਣੀ ਸੀਟ ਨੂੰ ਬਚਾਉਣ 'ਚ ਕਾਮਯਾਬ ਰਹੀ ਹੈ। ਜਯੋਤਿਰਾਦਿੱਤਿਆ ਸਿੰਧਿਆ ਆਪਣੀ ਮੱਧ ਪ੍ਰਦੇਸ਼ ਦੀ ਗੁਣ ਲੋਕ ਸਭਾ ਸੀਟ ਵੀ ਨਾ ਬਚਾ ਸਕੇ। ਉਨ੍ਹਾਂ ਨੂੰ ਭਾਜਪਾ ਦੇ ਕ੍ਰਿਸ਼ਣ ਪਾਲ ਯਾਦਵ ਨੇ 1,25,549 ਵੋਟਾਂ ਨਾਲ ਹਰਾਇਆ।