ਨਰਿੰਦਰ ਮੋਦੀ ਨੇ 'ਗ਼ਰੀਬਾਂ ਦੀ ਸੇਵਾ' ਲਈ ਆਯੂਸ਼ਮਾਨ ਭਾਰਤ ਯੋਜਨਾ ਦੀ ਸ਼ੁਰੂਆਤ ਕੀਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਜਨ ਅਰੋਗ ਯੋਜਨਾ (ਪੀ.ਐਮ.-ਜੇ.ਏ.ਵਾਈ.)-ਆਯੂਸ਼ਮਾਨ ਭਾਰਤ ਦੀ ਸ਼ੁਰੂਆਤ ਕੀਤੀ.............

Prime Minister Narendra Modi

ਰਾਂਚੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਜਨ ਅਰੋਗ ਯੋਜਨਾ (ਪੀ.ਐਮ.-ਜੇ.ਏ.ਵਾਈ.)-ਆਯੂਸ਼ਮਾਨ ਭਾਰਤ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਨੂੰ 'ਪਰਿਵਰਤਨਕਾਰੀ' ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੇਸ਼ ਦੇ ਗ਼ਰੀਬ ਲੋਕਾਂ ਦੀ ਸੇਵਾ ਕਰਨ ਦੀ ਦਿਸ਼ਾ 'ਚ ਇਕ ਕਦਮ ਹੈ। 
ਉਨ੍ਹਾਂ ਕਿਹਾ, ''ਕੁੱਝ ਲੋਕ ਇਸ ਨੂੰ 'ਮੋਦੀ ਕੇਅਰ' ਕਹਿੰਦੇ ਹਨ, ਕੁੱਝ ਇਸ ਨੂੰ ਗ਼ਰੀਬਾਂ ਲਈ ਚਲਾਈ ਜਾਣ ਵਾਲੀ ਇਕ ਯੋਜਨਾ ਕਹਿੰਦੇ ਹਨ। ਯਕੀਨੀ ਤੌਰ 'ਤੇ ਇਹ ਗ਼ਰੀਬਾਂ ਲਈ ਲਾਭਕਾਰੀ ਯੋਜਨਾ ਹੈ।''

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਯੋਜਨਾ ਦੁਨੀਆਂ 'ਚ ਸੱਭ ਤੋਂ ਵੱਡੀ, ਸਰਕਾਰ ਵਲੋਂ ਚਲਾਈ ਜਾਣ ਵਾਲੀ ਸਿਹਤ ਦੀ ਦੇਖਭਾਲ ਬਾਬਤ ਯੋਜਨਾ ਹੈ। ਉਨ੍ਹਾਂ ਕਿਹਾ, ''ਜੇ ਤੁਸੀ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਦੀ ਆਬਾਦੀ ਨੂੰ ਵੀ ਜੋੜ ਦੇਵੋ ਤਾਂ ਉਨ੍ਹਾਂ ਦੀ ਕੁਲ ਗਿਣਤੀ ਇਸ ਯੋਜਨਾ ਦੇ ਲਾਭਪਾਤਰੀਆਂ ਦੀ ਗਿਣਤੀ ਦੇ ਲਗਭਗ ਹੀ ਹੋਵੇਗੀ।'' ਕਾਂਗਰਸ ਦਾ ਸਪੱਸ਼ਟ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰ ਗ਼ਰੀਬਾਂ ਨੂੰ ਮਜ਼ਬੂਤ ਕੀਤੇ ਬਗ਼ੈਰ 'ਵੋਟ ਬੈਂਕ ਦੀ ਸਿਆਸਤ' 'ਚ ਸ਼ਾਮਲ ਰਹੀ ਸੀ। ਉਨ੍ਹਾਂ ਕਿਹਾ, ''ਅਸੀਂ ਗ਼ਰੀਬੀ ਹਟਾਉ ਦੇ ਨਾਹਰੇ ਸੁਣਦੇ ਰਹੇ ਹਾਂ ਪਰ ਇਹ ਸਿਰਫ਼ ਗ਼ਰੀਬਾਂ ਦੀਆਂ ਅੱਖਾਂ 'ਚ ਮਿੱਟੀ ਪਾਉਣ ਦੀ ਇਕ ਕੋਸ਼ਿਸ਼ ਸੀ।

ਜੇਕਰ (ਭਲਾਈ) ਯੋਜਨਾਵਾਂ ਨੂੰ ਲਾਗੂ ਕੀਤਾ ਗਿਆ ਹੁੰਦਾ, ਜਿਵੇਂ ਕਿ ਵਾਅਦਾ ਕੀਤਾ ਗਿਆ ਸੀ ਤਾਂ ਦੇਸ਼ 'ਚ ਗ਼ਰੀਬਾਂ ਦੀ ਹਾਲਤ ਅੱਜ ਚੰਗੀ ਹੁੰਦੀ।'' ਮੋਦੀ ਨੇ ਦਾਅਵਾ ਕੀਤਾ ਕਿ ਪਿਛਲੀਆਂ ਸਰਕਾਰਾਂ ਨੂੰ ਇਹ ਅਹਿਸਾਸ ਨਹੀਂ ਸੀ ਕਿ ਗ਼ਰੀਬਾਂ ਦਾ ਵੀ ਆਤਮਸਨਮਾਨ ਅਤੇ ਮਾਣ ਹੈ। ਉਨ੍ਹਾਂ ਕਿਹਾ, ''ਮੈਂ ਗ਼ਰੀਬਾਂ ਦੇ ਜੀਵਨ ਨੂੰ ਵੇਖਿਆ ਹੈ ਅਤੇ ਜੀਆ ਹੈ। ਇਸ ਲਈ ਮੈਂ ਉਨ੍ਹਾਂ ਦੇ ਜੀਵਨ 'ਚ ਆਤਮ-ਸਨਮਾਨ ਅਤੇ ਮਾਣ ਦੇ ਮਹੱਤਵ ਨੂੰ ਜਾਣਦਾ ਹਾਂ। ਮੈਂ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਦੇ ਮਾਣ ਨੂੰ ਕਾਇਮ ਰੱਖਣ ਲਈ ਅਪਣੇ ਵਲੋਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਹਨ।

ਇਹ ਭਾਜਪਾ ਸਰਕਾਰ ਹੀ ਹੈ ਜੋ ਗ਼ਰੀਬ ਲੋਕਾਂ ਨੂੰ ਮਜ਼ਬੂਤ ਬਣਾਉਣ 'ਤੇ ਧਿਆਨ ਕੇਂਦਰਤ ਕਰ ਰਹੀ ਹੈ। ਨਰਿੰਦਰ ਮੋਦੀ ਨੇ 'ਗ਼ਰੀਬਾਂ ਦੀ ਸੇਵਾ' ਲਈ ਆਯੂਸ਼ਮਾਨ ਭਾਰਤ ਯੋਜਨਾ ਦੀ ਸ਼ੁਰੂਆਤ ਕੀਤੀ ਉਨ੍ਹਾਂ ਸਪੱਸ਼ਟ ਕੀਤਾ ਕਿ ਜੋ ਸੂਬੇ ਇਸ ਯੋਜਨਾ ਨਾਲ ਜੁੜਸੇ ਹਨ, ਉਸ 'ਚ ਰਹਿਣ ਵਾਲੇ ਭਾਵੇਂ ਕਿਸੇ ਹੋਰ ਸੂਬੇ 'ਚ ਵੀ ਚਲੇ ਜਾਣ ਉਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਮਿਲਦਾ ਰਹੇਗਾ।

ਅਜੇ ਤਕ ਦੇਸ਼ ਦੇ 13 ਹਜ਼ਾਰ ਤੋਂ ਜ਼ਿਆਦਾ ਹਸਪਤਾਲ ਇਸ ਯੋਜਨਾ ਨਾਲ ਜੁੜ ਚੁਕੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਯੋਜਨਾ ਕਿੰਨੀ ਵਿਆਪਕ ਹੈ ਇਸ ਦਾ ਪਤਾ ਇਸ ਗੱਲ ਤੋਂ ਲਗਦਾ ਹੈ ਕਿ ਕੈਂਸਰ, ਦਿਲ ਦੀ ਬਿਮਾਰੀ, ਗੁਰਦੇ ਅਤੇ ਲੀਵਰ ਦੀ ਬਿਮਾਰੀ, ਸ਼ੂਗਰ ਸਮੇਤ 1300 ਤੋਂ ਜ਼ਿਆਦਾ ਬਿਮਾਰੀਆਂ ਦਾ ਇਲਾਜ ਇਸ 'ਚ ਸ਼ਾਮਲ ਹੈ। ਉਨ੍ਹਾਂ ਕਿਹਾ, ''ਸਾਰਿਆਂ ਨੂੰ ਆਯੁਸ਼ਮਾਨ ਭਾਰਤ ਦਾ ਲਾਭ ਮਿਲੇਗਾ ਅਤੇ ਇਹੀ ਸੱਭ ਦਾ ਸਾਥ, ਸੱਭ ਦਾ ਵਿਕਾਸ ਹੈ।'' ਮੋਦੀ ਨੇ ਕਿਹਾ ਕਿ ਦੇਸ਼ ਦੇ 5 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ 5 ਲੱਖ ਤਕ ਦਾ ਸਿਹਤ ਬੀਮਾ ਦੇਣ ਵਾਲੀ ਇਹ ਦੁਨੀਆਂ ਦੀ ਸੱਭ ਤੋਂ ਵੱਡੀ ਯੋਜਨਾ ਹੈ।

ਉਨ੍ਹਾਂ ਕਿਹਾ ਕਿ ਪੰਜ ਲੱਖ ਰੁਪਏ ਤਕ ਦਾ ਜੋ ਖ਼ਰਚ ਹੈ ਉਸ 'ਚ ਹਸਪਤਾਲ 'ਚ ਭਰਤੀ ਹੋਣ ਤੋਂ ਇਲਾਵਾ ਜ਼ਰੂਰੀ ਜਾਂਚ, ਦਵਾਈ, ਭਰਤੀ ਹੋਣ ਤੋਂ ਪਹਿਲਾਂ ਦਾ ਖ਼ਰਚਾ ਅਤੇ ਇਲਾਜ ਪੂਰਾ ਹੋਣ ਤਕ ਦਾ ਖ਼ਰਚਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਪਹਿਲਾਂ ਕੋਈ ਬਿਮਾਰੀ ਹੈ ਤਾਂ ਉਸ ਬਿਮਾਰੀ ਦਾ ਵੀ ਖ਼ਰਚਾ ਇਸ ਯੋਜਨਾ ਵਲੋਂ ਚੁਕਿਆ ਜਾਵੇਗਾ। 14555 ਨੰਬਰ 'ਤੇ ਫ਼ੋਨ ਕਰ ਕੇ ਜਾਂ ਫਿਰ ਅਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ 'ਤੇ ਵੀ ਯੋਜਨਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਨ੍ਹਾਂ ਗੰਭੀਰ ਬਿਮਾਰੀਆਂ ਦਾ ਇਲਾਜ ਸਰਕਾਰੀ ਹੀ ਨਹੀਂ ਬਲਕਿ ਕਈ ਨਿਜੀ ਹਸਪਤਾਲਾਂ 'ਚ ਵੀ ਕੀਤਾ ਜਾ ਸਕੇਗਾ। (ਪੀਟੀਆਈ)