ਰਾਹੁਲ ਗਾਂਧੀ ਦਾ ਵੱਡਾ ਐਲਾਨ : 20 ਫ਼ੀਸਦੀ ਗਰੀਬ ਪਰਿਵਾਰਾਂ ਹਰ ਸਾਲ 72 ਹਜ਼ਾਰ ਰੁਪਏ ਦੇਵੇਗੀ ਕਾਂਗਰਸ
ਨਵੀਂ ਦਿੱਲੀ : ਲੋਕ ਸਭਾ ਚੋਣਾਂ 2019 ਤੋਂ ਠੀਕ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੱਡਾ ਚੋਣ ਵਾਅਦਾ ਕੀਤਾ ਹੈ। ਚੋਣ ਜੰਗ 'ਚ ਬਾਜ਼ੀ ਆਪਣੇ ਨਾਂ ਕਰਨ ਲਈ ਰਾਹੁਲ ...
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਫ਼ੀ ਸਰਗਰਮ ਦਿਖਾਈ ਦੇ ਰਹੇ ਹਨ। ਅੱਜ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਉਨ੍ਹਾਂ ਇਕ ਵਿਸ਼ੇਸ਼ ਪ੍ਰੈੱਸ ਕਾਨਫ਼ਰੰਸ ਕੀਤੀ ਜਿਥੇ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੇ ਦੇਸ਼ 'ਚੋਂ ਗ਼ਰੀਬੀ ਮਿਟਾਉਣ ਵਾਲੀ ਧਮਾਕੇਦਾਰ ਸਕੀਮ ਬਣਾਈ ਹੈ। ਬਾਕਾਇਦਾ ਪ੍ਰੈੱਸ ਕਾਨਫ਼ਰੰਸ ਕਰ ਕੇ ਰਾਹੁਲ ਨੇ ਇਸ ਦੀ ਜਾਣਕਾਰੀ ਦਿਤੀ ਅਤੇ ਪੱਤਰਕਾਰਾਂ ਦੇ ਸਾਹਮਣੇ ਦੋ-ਤਿੰਨ ਵਾਰ ਕਿਹਾ ਵੀ ਕਿ ਉਨ੍ਹਾਂ ਦੀ ਗੱਲ ਸੁਣ ਕੇ ਕਿਵੇਂ ਉਹ ਹੈਰਾਨ ਹੋ ਗਏ। ਪਾਰਟੀ ਦੇ ਬੁਲਾਰੇ ਰਦਦੀਪ ਸੂਰਜੇਵਾਲਾ ਨੇ ਜਿਵੇਂ ਹੀ ਮਾਈਕ ਰਾਹੁਲ ਗਾਂਧੀ ਨੂੰ ਦਿਤਾ ਤਾਂ ਰਾਹੁਲ ਗਾਂਧੀ ਨੇ ਬੜੇ ਹੀ ਜੋਸ਼ ਨਾਲ ਅਪਣੀ ਨਵੀਂ ਸਕੀਮ ਦੀ ਜਾਣਕਾਰੀ ਪੱਤਰਕਾਰਾਂ ਨੂੰ ਦਿਤੀ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਦਾ ਵਾਅਦਾ ਹੈ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣੀ ਤਾਂ ਦੇਸ਼ ਵਿਚ ਕਿਸੇ ਪਰਵਾਰ ਦੀ ਆਮਦਨ 12 ਹਜ਼ਾਰ ਪ੍ਰਤੀ ਮਹੀਨੇ ਤੋਂ ਘੱਟ ਨਹੀਂ ਹੋਵੇਗੀ। ਕਾਂਗਰਸ ਪਾਰਟੀ ਗਾਰੰਟੀ ਲੈਂਦੀ ਹੈ ਕਿ ਉਹ 20 ਫ਼ੀ ਸਦੀ ਗ਼ਰੀਬ ਪਰਵਾਰਾਂ ਨੂੰ ਹਰ ਸਾਲ 72 ਹਜ਼ਾਰ ਰੁਪਏ ਦੇਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਮੰਨਣਾ ਹੈ ਕਿ ਦੇਸ਼ ਵਿਚ ਹਰ ਪਰਵਾਰ ਦੀ ਆਮਦਨ 12 ਹਜ਼ਾਰ ਰੁਪਏ ਮਹੀਨਾ ਹੋਣੀ ਚਾਹੀਦੀ ਹੈ, ਪਰ 20 ਫ਼ੀ ਸਦੀ ਪਰਵਾਰ ਅਜਿਹਾ ਹਨ ਜਿਨ੍ਹਾਂ ਦੀ ਆਮਦਨ 6 ਹਜ਼ਾਰ ਰੁਪਏ ਮਹੀਨਾ ਹੈ। ਅਜਿਹੇ ਵਿਚ ਬਾਕੀ 6 ਹਜ਼ਾਰ ਮਹੀਨਾ ਦੇ ਹਿਸਾਬ ਨਾਲ ਸਾਲ ਦੇ 72 ਹਜ਼ਾਰ ਰੁਪਏ ਅਤਿ ਗ਼ਰੀਬ ਪਰਵਾਰਾਂ ਨੂੰ ਦਿਤੇ ਜਾਣਗੇ।
ਰਾਹੁਲ ਨੇ ਦਸਿਆ ਕਿ ਇਹ ਸਕੀਮ ਕਈ ਦਿੱਗਜ਼ ਆਰਥਕ ਮਾਹਰਾਂ ਨਾਲ ਸਲਾਹ ਮਸ਼ਵਰਾ ਕਰ ਕੇ ਬਣਾਈ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ ਨੇ ਅਤੇ ਪੀ. ਚਿਦੰਬਰਮ ਵਰਗੇ ਉਨ੍ਹਾਂ ਦੇ ਪਾਰਟੀ ਦੇ ਆਰਥਕ ਜਾਣਕਾਰਾਂ ਨੇ ਛੇ ਮਹੀਨੇ ਦੀ ਮਿਹਨਤ ਤੋਂ ਬਾਅਦ ਇਹ ਸਕੀਮ ਬਣਾਈ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਇਹ ਵੀ ਸਵਾਲ ਉਠੇਗਾ ਕਿ ਇੰਨਾ ਪੈਸਾ ਕਿਥੋਂ ਆਵੇਗਾ ਅਤੇ ਖ਼ਜ਼ਾਨੇ 'ਤੇ ਕਿੰਨਾ ਬੋਝ ਪਵੇਗਾ, ਕਿਉਂਕਿ ਮੋਦੀ ਸਰਕਾਰ ਨੇ ਗ਼ਰੀਬਾਂ ਨੂੰ 6 ਹਜ਼ਾਰ ਰੁਪਏ ਸਾਲ ਦੇ ਦੇਣ ਦਾ ਵਾਅਦਾ ਕੀਤਾ ਹੈ ਅਤੇ ਦਸਦੇ ਹਨ ਕਿ ਸਰਕਾਰੀ ਖ਼ਜ਼ਾਨੇ ਤੋਂ ਇਹ ਰਾਸ਼ੀ ਕਢਣਾ ਭਾਰੀ ਪੈ ਰਿਹਾ ਹੈ। ਅਜਿਹੇ ਵਿਚ ਕਾਂਗਰਸ 72 ਹਜ਼ਾਰ ਰੁਪਏ ਕਿਵੇਂ ਦੇ ਸਕੇਗੀ? ਇਸ ਬਾਰੇ ਰਾਹੁਲ ਨੇ ਸਪੱਸ਼ਟ ਕੀਤਾ ਕਿ ਦੇਸ਼ ਕੋਲ ਇੰਨਾ ਕੁ ਪੈਸਾ ਹੈ ਤੇ ਉਨ੍ਹਾਂ ਨੇ ਪੂਰਾ ਹਿਸਾਬ ਲਗਾ ਲਿਆ ਹੈ ਅਤੇ ਇਹ ਸੰਭਵ ਹੈ।
ਰਾਹੁਲ ਨੇ ਕਿਹਾ ਕਿ 21ਵੀਂ ਸਦੀ ਵਿਚ ਭਾਰਤ ਵਿਚ ਗ਼ਰੀਬੀ ਨਹੀਂ ਰਹਿ ਸਕਦੀ। ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਈ ਤਾਂ ਗ਼ਰੀਬੀ ਖ਼ਤਮ ਕਰ ਦਿਤੀ ਜਾਵੇਗੀ।
ਇਸ ਵੇਲੇ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਕਾਂਗਰਸ ਦੋ ਤਰ੍ਹਾਂ ਦਾ ਦੇਸ਼ ਨਹੀਂ ਚਾਹੁੰਦੀ ਤੇ ਕਾਂਗਰਸ ਦੇ ਰਾਜ 'ਚ ਗ਼ਰੀਬਾਂ ਤੇ ਅਮੀਰਾਂ ਨੂੰ ਬਰਾਬਰ ਇੱਜ਼ਤ ਮਿਲੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਅਮੀਰਾਂ ਦੇ ਖ਼ਜ਼ਾਨੇ ਭਰ ਕੇ ਦੇਸ਼ ਦੇ ਗ਼ਰੀਬਾਂ, ਨੌਜਵਾਨਾਂ ਤੇ ਪਿਛੜੇ ਵਰਗਾਂ ਨਾਲ ਮਜ਼ਾਕ ਕੀਤਾ ਹੈ।
ਰਾਹੁਲ ਨੇ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ ਕਾਂਗਰਸ ਨੇ ਮਨਰੇਗਾ ਵਰਗੀ ਸਥਿਰ ਸਕੀਮ ਦੇ ਕੇ 14 ਕਰੋੜ ਲੋਕਾਂ ਨੂੰ ਗ਼ਰੀਬੀ 'ਚੋਂ ਕਢਿਆ ਸੀ ਤੇ ਹੁਣ ਕਾਂਗਰਸ ਸਰਕਾਰ ਆਉਣ 'ਤੇ ਗ਼ਰੀਬੀ ਉਪਰ ਦੂਜਾ ਤੇ ਫ਼ਾਈਨਲ ਵਾਰ ਕੀਤਾ ਜਾਵੇਗਾ। ਪੱਤਰਕਾਰਾਂ ਨੇ ਇਸ ਵੇਲੇ ਰਾਹੁਲ ਕੋਲੋਂ ਹੋਰ ਵਿਸ਼ਿਆਂ 'ਤੇ ਵੀ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕਿਹਾ ਕਿ ਉਹ ਅੱਜ ਕੇਵਲ ਇਸ ਸਕੀਮ ਬਾਰੇ ਹੀ ਦੱਸਣਗੇ ਤੇ ਇਸ ਸਕੀਮ ਬਾਰੇ ਜਿਹੜਾ ਵੀ ਸਵਾਲ ਹੋਵੇ ਤਾਂ ਉਹ ਪੁੱਛ ਸਕਦੇ ਹਨ।
ਰਾਹੁਲ ਨੇ ਦਸਿਆ ਕਿ ਇਸ ਸਕੀਮ ਨਾਲ 5 ਕਰੋੜ ਪਰਵਾਰਾਂ ਦੇ ਕਰੀਬ 20 ਕਰੋੜ ਲੋਕਾਂ ਨੂੰ ਲਾਭ ਮਿਲੇਗਾ ਤੇ ਜਦੋਂ ਉਹ ਲੋਕ ਘੱਟੋ-ਘੱਟ ਆਮਦਨ ਤੋਂ ਉਪਰ ਕਮਾਉਣ ਲੱਗ ਜਾਣਗੇ ਤਾਂ ਇਸ ਸਕੀਮ ਦਾ ਰਵਿਊ ਕੀਤਾ ਜਾਵੇਗਾ ਤੇ ਇਸ ਤਰ੍ਹਾਂ ਦੇਸ਼ 'ਚੋਂ ਗ਼ਰੀਬੀ ਦੀ ਜੜ੍ਹ ਵੱਢ ਦਿਤੀ ਜਾਵੇਗੀ।