ਮੁੰਬਈ ਬੰਦ ਦੌਰਾਨ ਅੱਗਜ਼ਨੀ, ਪੱਥਰਬਾਜ਼ੀ, ਲਾਠੀਚਾਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰੀ ਨੌਕਰੀਆਂ ਅਤੇ ਸਿਖਿਆ ਅਦਾਰਿਆਂ ਵਿਚ ਰਾਖਵਾਂਕਰਨ ਵਾਸਤੇ ਮਰਾਠਿਆਂ ਦਾ ਅੰਦੋਲਨ ਹਿੰਸਕ ਹੁੰਦਾ ਜਾ ਰਿਹਾ ਹੈ................

Marathas Protesting

ਨਵੀਂ ਦਿੱਲੀ: ਸਰਕਾਰੀ ਨੌਕਰੀਆਂ ਅਤੇ ਸਿਖਿਆ ਅਦਾਰਿਆਂ ਵਿਚ ਰਾਖਵਾਂਕਰਨ ਵਾਸਤੇ ਮਰਾਠਿਆਂ ਦਾ ਅੰਦੋਲਨ ਹਿੰਸਕ ਹੁੰਦਾ ਜਾ ਰਿਹਾ ਹੈ। ਅੱਜ 'ਮੁੰਬਈ ਬੰਦ' ਦੌਰਾਨ ਮੁੰਬਈ ਅਤੇ ਠਾਣੇ ਵਿਚ ਸਰਕਾਰੀ ਬਸਾਂ 'ਤੇ ਹਮਲੇ ਕੀਤੇ ਗਏ ਜਦਕਿ ਲੋਕਲ ਟਰੇਨਾਂ ਰੋਕ ਦਿਤੀਆਂ ਗਈਆਂ।  ਹਿੰਸਾ ਵਿਚ ਤਿੰਨ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲਿਸ ਨੇ ਭੀੜ ਨੂੰ ਖਦੇੜਨ ਲਈ ਕੁੱਝ ਥਾਵਾਂ 'ਤੇ ਲਾਠੀਚਾਰਜ ਵੀ ਕੀਤਾ ਅਤੇ ਕੁੱਝ ਲੋਕਾਂ ਨੂੰ ਹਿਰਾਸਤ ਵਿਚ ਵੀ ਲੈ ਲਿਆ। ਕਲ ਪ੍ਰਦਰਸ਼ਨ ਦੌਰਾਨ ਜ਼ਹਿਰ ਪੀਣ ਵਾਲੇ ਪ੍ਰਦਰਸ਼ਨਕਾਰੀ ਜਗਨਨਾਥ ਸੋਨਵਰਣੇ ਦੀ ਅੱਜ ਸਰਕਾਰੀ ਹਸਪਤਾਲ ਵਿਚ ਮੌਤ ਹੋ ਗਈ।

ਇਸ ਤੋਂ ਪਹਿਲਾਂ ਇਕ ਹੋਰ ਪ੍ਰਦਰਸ਼ਨਕਾਰੀ ਨੇ ਨਦੀ ਵਿਚ ਛਾਲ ਮਾਰ ਕੇ ਜਾਨ ਦੇ ਦਿਤੀ ਸੀ। ਸੂਬੇ ਦੀ ਆਬਾਦੀ ਵਿਚ 33 ਫ਼ੀ ਸਦੀ ਮਰਾਠੇ ਹਨ।  ਵੇਲਗ ਇਸਟੇਟ ਇਲਾਕੇ ਵਿਚ ਸਰਕਾਰੀ ਬੱਸ ਦੀ ਤੋੜ-ਭੰਨ ਕੀਤੀ ਗਈ। ਗੋਖਲੇ ਰੋਡ 'ਤੇ ਖੁਲ੍ਹੀਆਂ ਦੁਕਾਨਾਂ ਦੇ ਜਬਰਨ ਸ਼ਟਰ ਬੰਦ ਕਰਵਾਏ ਗਏ। ਮਜੀਵਾੜਾ ਪੁਲ ਉੱਤੇ ਟਾਇਰਾਂ ਨੂੰ ਅੱਗ ਲਗਾਉਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਦਕਿ ਮਰਾਠਾ ਕ੍ਰਾਂਤੀ ਮੋਰਚਾ ਸ਼ਾਂਤੀਪੂਰਨ ਪ੍ਰਦਰਸ਼ਨ ਦੀ ਗੱਲ ਕਰ ਰਿਹਾ ਹੈ।  ਥਾਨੇ ਵਿਚ ਹੀ ਪਰਦਰਸ਼ਨਕਾਰੀਆਂ ਨੇ ਲੋਕਲ ਟ੍ਰੇਨ ਨੂੰ ਰੋਕ ਕੇ ਪ੍ਰਦਰਸ਼ਨ ਕੀਤਾ।

ਲਾਤੁਰ ਜ਼ਿਲ੍ਹੇ ਵਿਚ ਜਬਰਨ ਦੁਕਾਨ ਦਾ ਸ਼ਟਰ ਅਤੇ ਸਬਜ਼ੀ ਦਾ ਠੇਲਾ ਸੁੱਟੇ ਜਾਣ ਕਾਰਨ ਦੋ ਗੁਟਾਂ 'ਚ ਝੜਪ ਹੋ ਗਈ। ਮੌਕੇ 'ਤੇ ਪੁਲਿਸ ਨੇ ਪਹੁੰਚਕੇ ਹਾਲਾਤ 'ਤੇ ਕਾਬੂ ਪਾਇਆ। ਬੰਦ ਦਾ ਅਸਰ ਜ਼ਿਆਦਾ ਮੁੰਬਈ ਵਿਚ ਵਿਖਾਈ ਦਿਤਾ। ਉਦਯੋਗ ਮੰਤਰੀ ਸੁਭਾਸ਼ ਦੇਸਾਈ ਨੇ ਕਿਹਾ ਕਿ ਮਰਾਠਾ ਰਾਖਵਾਂਕਰਨ ਦੇ ਮਾਮਲੇ ਵਿਚ ਅਦਾਲਤ ਦੇ ਫ਼ੈਸਲੇ ਨੂੰ ਧਿਆਨ ਵਿਚ ਰਖਣਾ ਪਵੇਗਾ।  ਜਿਨ੍ਹਾਂ ਲੋਕਾਂ ਨੇ ਰਾਖਵਾਂਕਰਨ ਦਾ ਵਾਅਦਾ ਕੀਤਾ ਸੀ, ਉਨ੍ਹਾਂ ਨੂੰ ਸਾਹਮਣੇ ਆਉਣਾ ਚਾਹੀਦਾ ਹੈ। (ਏਜੰਸੀ)