ਲੋਕ ਸਭਾ 'ਚ ਮਹਿਲਾ ਸੰਸਦ ਮੈਂਬਰਾਂ ਨੇ ਆਜ਼ਮ ਖ਼ਾਨ ਵਿਰੁਧ ਖੋਲ੍ਹਿਆ ਮੋਰਚਾ, ਸਖ਼ਤ ਕਾਰਵਾਈ ਦੀ ਮੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਪੀਕਰ ਵਿਰੁਧ ਟਿਪਣੀ ਕਰਨ ਦਾ ਮਾਮਲਾ

Speaker to ask Azam Khan to apologise for his controversial remarks

ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਭਰ ਆਜ਼ਮ ਖ਼ਾਨ ਦੀ ਟਿਪਣੀ 'ਤੇ ਸ਼ੁਕਰਵਾਰ ਨੂੰ ਵੀ ਲੋਕ ਸਭਾ 'ਚ ਕਾਫ਼ੀ ਹੰਗਾਮਾ ਹੋਇਆ। ਕਈ ਪਾਰਟੀਆਂ ਦੀ ਮਹਿਲਾ ਸੰਸਦ ਮੈਂਬਰਾਂ ਨੇ ਸਦਨ 'ਚ ਆਜਮ ਖ਼ਾਨ ਦੇ ਬਿਆਨ ਦੀ ਨਿਖੇਧੀ ਕੀਤੀ। ਸਪੀਕਰ ਨੇ ਆਜਮ ਖ਼ਾਨ ਨੂੰ ਆਪਣੇ ਬਿਆਨ ਲਈ ਸਦਨ 'ਚ ਮਾਫ਼ੀ ਮੰਗਣ ਬਾਰੇ ਕਿਹਾ ਹੈ। ਇਸ ਮਾਮਲੇ 'ਚ ਸਿਫ਼ਰ ਕਾਲ ਵਿਚ ਭਾਜਪਾ, ਕਾਂਗਰਕ, ਤ੍ਰਿਣਮੂਲ ਕਾਂਗਰਸ, ਰਾਕਾਂਪਾ ਸਮੇਤ ਵੱਖ-ਵੱਖ ਪਾਰਟੀਆਂ ਨੇ ਸਪੀਕਰ ਤੋਂ ਅਜਿਹੀ ਕਾਰਵਾਈ ਦੀ ਮੰਗ ਕੀਤੀ ਜੋ 'ਨਜ਼ੀਰ' ਬਣ ਸਕੇ।

ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਆਜਮ ਖ਼ਾਨ ਆਪਣੇ ਵਿਵਾਦਤ ਬਿਆਨ ਲਈ ਮਾਫ਼ੀ ਮੰਗਣ ਜਾਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਜਾਵੇ। ਲੋਕ ਸਭਾ ਪ੍ਰਧਾਨ ਓਮ ਬਿਰਲਾ ਨੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਅਤੇ ਮੈਂਬਰਾਂ ਦੀ ਗੱਲ ਸੁਣਨ ਤੋਂ ਬਾਅਦ ਕਿਹਾ ਕਿ ਉਹ ਸਾਰੇ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ ਕਰ ਕੇ ਇਸ ਬਾਰੇ ਕੋਈ ਫ਼ੈਸਲਾ ਲੈਣਗੇ।

ਇਸ ਘਟਨਾ ਨਾਲ ਪੂਰਾ ਸਦਨ ਸ਼ਰਮਸਾਰ ਹੋਇਆ : ਸਮ੍ਰਿਤੀ ਇਰਾਨੀ
ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ, "ਇਹ ਮਰਦਾਂ ਸਮੇਤ ਸਾਰੇ ਸੰਸਦ ਮੈਂਬਰਾਂ 'ਤੇ 'ਧੱਬਾ' ਹੈ। ਇਸ ਘਟਨਾ ਨਾਲ ਪੂਰਾ ਸਦਨ ਸ਼ਰਮਸਾਰ ਹੋਇਆ ਹੈ। ਜੇ ਅਜਿਹੀ ਘਟਨਾ ਸਦਨ ਦੇ ਬਾਹਰ ਹੁੰਦੀ ਤਾਂ ਪੁਲਿਸ ਤੋਂ ਸੁਰੱਖਿਆ ਮੰਗੀ ਜਾਂਦੀ। ਉਨ੍ਹਾਂ ਕਿਹਾ ਕਿ ਉਹ ਅਜਿਹਾ ਕਰ ਕੇ ਹੁਣ ਬੱਚ ਨਹੀਂ ਸਕਦੇ। ਇਹ ਸਿਰਫ਼ ਔਰਤ ਦਾ ਸਵਾਲ ਨਹੀਂ ਹੈ। ਤੁਸੀ (ਸਪੀਕਰ) ਅਜਿਹੀ ਕਾਰਵਾਈ ਕਰੋ ਕਿ ਦੁਬਾਰਾ ਅਜਿਹੀ ਗੱਲ ਕਹਿਣ ਦੀ ਕੋਈ ਹਿੰਮਤ ਨਾ ਕਰ ਸਕੇ।"

ਆਜਮ ਖ਼ਾਨ ਵਿਰੁਧ ਸਖ਼ਤ ਕਾਰਵਾਈ ਹੋਵੇ : ਨਿਰਮਲਾ ਸੀਤਾਰਮਣ
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ, "ਬੀਤੇ ਦਿਨੀਂ ਜਿਹੜੀ ਘਟਨਾ ਹੋਈ ਹੈ ਉਹ ਬਹੁਤ ਨਿੰਦਣਯੋਗ ਹੈ। ਕੋਈ ਔਰਤ ਬਹੁਤ ਮੁਸ਼ਕਲ ਨਾਲ ਅਜਿਹੇ ਅਹੁਦੇ ਤਕ ਪਹੁੰਚਦੀ ਹੈ ਅਤੇ ਅਜਿਹਾ ਅਪਮਾਨ ਸਹਿਣਾ ਪਵੇ, ਇਹ ਠੀਕ ਨਹੀਂ ਹੈ। ਸਾਨੂੰ ਸਿਆਸੀ ਮਤਭੇਦਾਂ ਤੋਂ ਹਟ ਕੇ ਅਤੇ ਇਕਜੁਟ ਹੋ ਕੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ। ਆਜਮ ਖ਼ਾਨ ਵਿਰੁਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।"

ਆਉਣ ਵਾਲੀਆਂ ਪੀੜੀਆਂ ਮਾਫ਼ ਨਹੀਂ ਕਰਨਗੀਆਂ : ਸੁਪ੍ਰਿਆ ਸੁਲੇ
ਐਨਸੀਪੀ ਦੀ ਸੁਪ੍ਰਿਆ ਸੁਲੇ ਨੇ ਕਿਹਾ, "ਇਸ ਘਟਨਾ ਤੋਂ ਬਾਅਦ ਸਿਰ ਸ਼ਰਮ ਨਾਲ ਝੁਕ ਗਿਆ ਹੈ। ਜੇ ਇਸ 'ਤੇ ਸਹੀ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੀਆਂ ਪੀੜੀਆਂ ਮਾਫ਼ ਨਹੀਂ ਕਰਨਗੀਆਂ। ਅਸੀ ਉਮੀਦ ਕਰਦੇ ਹਾਂ ਕਿ ਤੁਸੀ (ਸਪੀਕਰ) ਕਾਰਵਾਈ ਕਰੋ। ਸਖ਼ਤ ਤੋਂ ਸਖ਼ਤ ਕਾਰਵਾਈ ਕਰੋ।"

ਜੋ ਹੋਇਆ ਉਹ ਚੰਗਾ ਨਹੀਂ ਸੀ : ਕਲਿਆਣ ਬੈਨਰਜ਼ੀ
ਤ੍ਰਿਣਮੂਲ ਕਾਂਗਰਸ ਦੇ ਕਲਿਆਣ ਬੈਨਰਜ਼ੀ ਨੇ ਕਿਹਾ, "ਇਹ ਅਜਿਹੀ ਘਟਨਾ ਹੈ, ਜੋ ਨਿੰਦਣਯੋਗ ਹੈ। ਔਰਤਾਂ ਪ੍ਰਤੀ ਭਾਵੇਂ ਸ਼ਬਦਾਂ ਨਾਲ ਜਾਂ ਹਰਕਤਾਂ ਨਾਲ ਕਿਸੇ ਤਰ੍ਹਾਂ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਆਜਮ ਖ਼ਾਨ ਨੇ ਬੀਤੇ ਦਿਨ ਜਿਹੜੀ ਗੱਲ ਕਹੀ ਉਸ ਸਹੀ ਨਹੀਂ ਹੈ। ਉਸ ਨਾਲ ਔਰਤਾਂ ਦੀਆਂ ਭਾਵਨਾਵਾਂ ਨੂੰ ਸੱਟ ਲੱਗੀ ਹੈ। ਜੋ ਹੋਇਆ ਉਹ ਚੰਗਾ ਨਹੀਂ ਸੀ, ਇਸ 'ਤੇ ਕਾਰਵਾਈ ਹੋਵੇ।"

ਇਹ ਹੈ ਮਾਮਲਾ :
ਆਜਮ ਖ਼ਾਨ ਬੀਤੇ ਦਿਨ ਜਦੋਂ ਸੰਸਦ 'ਚ ਬੋਲਣ ਲਈ ਖੜੇ ਹੋਏ ਤਾਂ ਹੰਗਾਮਾ ਹੋ ਗਿਆ। ਆਜਮ ਖ਼ਾਨ ਨੇ ਆਪਣੀ ਗੱਲ ਦੀ ਸ਼ੁਰੂਆਤ ਇਕ ਸ਼ੇਅਰ ਨਾਲ ਕੀਤੀ, 'ਤੂ ਇਧਰ-ਉਧਰ ਕੀ ਨਾ ਬਾਤ ਕਰ..' ਪਰ ਇਸ ਤੋਂ ਬਾਅਦ ਜੋ ਆਜਮ ਖ਼ਾਨ ਨੇ ਕਿਹਾ ਕਿ ਉਸ 'ਤੇ ਭਾਰਤੀ ਜਨਤਾ ਪਾਰਟੀ ਵਲੋਂ ਹੰਗਾਮ ਸ਼ੁਰੂ ਹੋ ਗਿਆ। ਜਿਸ ਸਮੇਂ ਆਜ਼ਮ ਖਾਨ ਬੋਲ ਰਹੇ ਸਨ, ਉਦੋਂ ਸਪੀਕਰ ਦੀ ਕੁਰਸੀ 'ਤੇ ਭਾਜਪਾ ਸੰਸਦ ਮੈਂਬਰ ਰਮਾ ਦੇਵੀ ਬੈਠੀ ਹੋਈ ਸੀ। ਆਜਮ ਖ਼ਾਨ ਨੇ ਲੋਕ ਸਭਾ ਆਸਨ 'ਤੇ ਬੈਠੀ ਰਮਾ ਦੇਵੀ ਨੂੰ ਲੈ ਕੇ ਟਿੱਪਣੀ ਕੀਤੀ ਸੀ, ਜਿਸ 'ਤੇ ਸੱਤਾ ਪੱਖ ਦੇ ਲੋਕਾਂ ਨੇ ਵਿਰੋਧ ਜਤਾਇਆ।