ਰਾਫ਼ੇਲ ਸੌਦਾ : ਸਰਕਾਰ ਨੇ ਕਮੇਟੀਆਂ ਦੀਆਂ ਰੀਪੋਰਟਾਂ ਨੂੰ ਨਜ਼ਰਅੰਦਾਜ਼ ਕੀਤਾ : ਚਿਦਾਂਬਰਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਫ਼ੇਲ ਲੜਾਕੂ ਜਹਾਜ਼ ਮੁੱਦੇ 'ਤੇ ਸਰਕਾਰ 'ਤੇ ਹਮਲੇ ਤੇਜ਼ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਅੱਜ ਕੇਂਦਰ 'ਤੇ ਇਸ ਦਾ ਸੌਦਾ ਕਰਨ ਲਈ ਰਖਿਆ..............

P. Chidambaram

ਕੋਲਕਾਤਾ: ਰਾਫ਼ੇਲ ਲੜਾਕੂ ਜਹਾਜ਼ ਮੁੱਦੇ 'ਤੇ ਸਰਕਾਰ 'ਤੇ ਹਮਲੇ ਤੇਜ਼ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਅੱਜ ਕੇਂਦਰ 'ਤੇ ਇਸ ਦਾ ਸੌਦਾ ਕਰਨ ਲਈ ਰਖਿਆ ਖ਼ਰੀਦ ਪ੍ਰਕਿਰਿਆ ਅਤੇ ਕਈ ਕਮੇਟੀਆਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਸੌਦੇ ਦੀ ਵਿਸਤਾਰ ਨਾਲ ਜਾਂਚ ਕਰਨ ਦੀ ਮੰਗ ਵੀ ਕੀਤੀ।ਚਿਦੰਬਰਮ ਨੇ ਮੰਗ ਕੀਤੀ ਕਿ ਇਸ 'ਤੇ ਜਨਤਕ ਬਹਿਸ ਹੋਣੀ ਚਾਹੀਦੀ ਹੈ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਵਲੋਂ ਹਰ ਜਹਾਜ਼ ਲਈ ਤੈਅ ਕੀਤੀਆਂ ਕੀਮਤਾਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ 'ਚ ਕੀਤੇ ਸੌਦੇ 'ਚ ਤਿੰਨ ਗੁਣਾ ਕਿਸ ਤਰ੍ਹਾਂ ਵੱਧ ਗਈ?

ਉਨ੍ਹਾਂ ਦੋਸ਼ ਲਾਇਆ ਕਿ ਇਸ ਸੌਦੇ 'ਤੇ ਹਸਤਾਖ਼ਰ ਕਰਨ ਤੋਂ ਪਹਿਲਾਂ ਸਰਕਾਰ ਨੇ ਸੁਰੱਖਿਆ ਕੈਬਨਿਟ ਦੀ ਕਮੇਟੀ ਨੂੰ ਭਰੋਸੇ 'ਚ ਨਹੀਂ ਲਿਆ। ਉਨ੍ਹਾਂ ਕਾਂਗਰਸ ਦਫ਼ਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਇਕ ਕਰਾਰ ਗੱਲਬਾਤ ਕਮੇਟੀ ਹੈ ਜਿਸ ਦੀ ਇਸ ਸੌਦੇ 'ਚ ਕਦੀ ਬੈਠਕ ਨਹੀਂ ਹੋਈ। ਮੁੱਲ ਗੱਲਬਾਤ ਕਮੇਟੀ ਵੀ ਹੈ ਜਿਸ ਦੀ ਕਦੀ ਬੈਠਕ ਨਹੀਂ ਸੱਦੀ ਗਈ। ਇਸ ਤੋਂ ਉੱਪਰ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਹੈ ਜੋ ਇਸ ਤਰ੍ਹਾਂ ਦੇ ਕਿਸੇ ਵੀ ਰਖਿਆ ਖ਼ਰੀਦ ਨੂੰ ਮਨਜ਼ੂਰੀ ਦਿੰਦੀ ਹੈ। ਇਸ 'ਚੋਂ ਕਿਸੇ ਕਮੇਟੀ ਨੂੰ ਸ਼ਾਮਲ ਨਹੀਂ ਕੀਤਾ ਗਿਆ, ਮੰਤਰੀ ਇਸ ਬਾਰੇ ਨਹੀਂ ਜਾਣਦੇ।''

ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੇਲੇ ਰਾਫ਼ੇਲ ਜਹਾਜ਼ ਦੀ ਕੀਮਤ 526 ਕਰੋੜ ਰੁਪਏ ਸੀ ਪਰ ਮੌਜੂਦਾ ਸਰਕਾਰ ਹੇਠ ਕੀਤੇ ਸਮਝੌਤੇ 'ਚ ਇਕ ਜਹਾਜ਼ ਦੀ ਕੀਮਤ 
1670 ਕਰੋੜ ਰੁਪਏ ਹੋ ਗਈ। ਉਨ੍ਹਾਂ ਸਵਾਲ ਕੀਤਾ ਕਿ ਜੇ ਇਹ ਅੰਕੜਾ ਸਹੀ ਹੈ ਤਾਂ ਕੋਈ ਦੱਸੇ ਕਿ ਜਹਾਜ਼ ਦੀਆਂ ਕੀਮਤਾਂ ਤਿੰਨ ਗੁਣਾਂ ਕਿਵੇਂ ਵੱਧ ਗਈਆਂ?
ਕਾਂਗਰਸ ਦੀ ਦਿੱਲੀ ਇਕਾਈ ਰਾਫ਼ੇਲ ਜਹਾਜ਼ ਸੌਦੇ 'ਚ ਕਥਿਤ ਬੇਨਿਯਮੀਆਂ ਦੇ ਮੁੱਦੇ 'ਤੇ ਅੱਜ ਤੋਂ 15 ਸਤੰਬਰ ਵਿਚਕਾਰ ਰਾਜਧਾਨੀ ਦੀਆਂ ਕਈ ਥਾਵਾਂ 'ਤੇ ਪ੍ਰਦਰਸ਼ਨ ਕਰੇਗੀ।   (ਪੀਟੀਆਈ)