ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐਸ.ਪੀ.ਜੀ.) ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਇਸ ਬਾਰੇ ਗ੍ਰਹਿ ਮੰਤਰਾਲਾ ਨੇ ਦੱਸਿਆ ਕਿ ਮੌਜੂਦਾ ਸੁਰੱਖਿਆ ਕਵਰ ਦੀ ਸਮੀਖਿਆ ਕੀਤੀ ਗਈ ਹੈ। ਇਹ ਸਮੀਖਿਆ ਸੁਰੱਖਿਆ ਏਜੰਸੀਆਂ ਵੱਲੋਂ ਸੰਭਾਵਤ ਖ਼ਤਰੇ ਨੂੰ ਵੇਖਦਿਆਂ ਕੀਤੀ ਜਾਂਦੀ ਹੈ। ਸੁਰੱਖਿਆ ਏਜੰਸੀਆਂ ਵੱਲੋਂ ਕਿਹਾ ਗਿਆ ਹੈ ਕਿ ਐਸ.ਪੀ.ਜੀ. ਸੁਰੱਖਿਆ ਹਟਾਏ ਜਾਣ ਤੋਂ ਬਾਅਦ ਮਨਮੋਹਨ ਸਿੰਘ ਨੂੰ ਜੈਡ ਪਲਸ ਦੀ ਸੁਰੱਖਿਆ ਦਿੱਤੀ ਜਾਵੇਗੀ।
ਡਾ. ਮਨਮੋਹਨ ਸਿੰਘ ਦੀ ਐਸਪੀਜੀ ਸੁਰੱਖਿਆ ਵਾਪਸ ਲੈਣ ਦਾ ਫ਼ੈਸਲਾ ਖੁਫੀਆ ਏਜੰਸੀਆਂ ਤੋਂ ਮਿਲੇ ਇਨਪੁਟ ਦੇ ਆਧਾਰ 'ਤੇ ਕੈਬਨਿਟ ਸਕੱਤਰ ਅਤੇ ਗ੍ਰਹਿ ਮੰਤਰਾਲਾ ਵਿਚਕਾਰ ਸਮੀਖਿਆ ਬੈਠਕ ਦੌਰਾਨ ਲਿਆ ਗਿਆ ਹੈ। ਹੁਣ ਤਕ ਸਿਰਫ਼ 5 ਲੋਕਾਂ ਨੂੰ ਐਸਪੀਜੀ ਸੁਰੱਖਿਆ ਮਿਲੀ ਸੀ। ਹੁਣ ਸਿਰਫ਼ 4 ਲੋਕਾਂ ਨੂੰ ਹੀ ਐਸਪੀਜੀ ਸੁਰੱਖਿਆ ਮਿਲੇਗੀ। ਇਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਦੀ ਅੰਤਰਮ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਸ਼ਾਮਲ ਹਨ।
ਜਾਣਕਾਰੀ ਮੁਤਾਬਕ ਮਨਮੋਹਨ ਸਿੰਘ ਦੀ ਸੁਰੱਖਿਆ 'ਚ ਐਸਪੀਜੀ ਦੇ ਲਗਭਗ 200 ਜਵਾਨ ਲੱਗੇ ਹੋਏ ਸਨ। ਹੁਣ ਸਾਰੇ ਜਵਾਨਾਂ ਨੂੰ ਵਾਪਸ ਆਉਣ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ। ਫਿਲਹਾਲ ਮਨਮੋਹਨ ਸਿੰਘ ਨੂੰ ਜੈਡ ਪਲਸ ਸੁਰੱਖਿਆ ਮਿਲਦੀ ਰਹੇਗੀ। ਮਤਲਬ ਉਨ੍ਹਾਂ ਕੋਲ ਐਨਐਸਜੀ ਅਤੇ ਸੀਆਰਪੀਐਫ ਦੇ ਜਵਾਨ ਤਾਇਨਾਤ ਰਹਿਣਗੇ। ਜੈਡ ਪਲਸ ਸੁਰੱਖਿਆ ਵਿਵਸਥਾ 'ਚ 55 ਪੁਲਿਸ ਮੁਲਾਜ਼ਮ ਤਾਇਨਾਤ ਰਹਿੰਦੇ ਹਨ। ਇਸ 'ਚ ਇਕ ਦਰਜਨ ਐਨਐਸਜੀ ਕਮਾਂਡੋ ਹੁੰਦੇ ਹਨ।
ਦੱਸਣਯੋਗ ਹੈ ਕਿ ਡਾ. ਮਨਮੋਹਨ ਸਿੰਘ ਨੇ ਬੀਤੀ 23 ਅਗਸਤ ਨੂੰ ਰਾਜ ਸਭਾ ਦੇ ਮੈਂਬਰ ਦੇ ਰੂਪ 'ਚ 6ਵੀਂ ਵਾਰ ਸਹੁੰ ਚੁੱਕੀ ਸੀ। ਮਨਮੋਹਨ ਸਿੰਘ ਰਾਜਸਥਾਨ ਤੋਂ ਰਾਜ ਸਭਾ ਦੇ ਮੈਂਬਰ ਫਿਰ ਚੁਣੇ ਗਏ ਹਨ। ਉਨ੍ਹਾਂ ਦੀ ਚੋਣ ਬਿਨਾਂ ਮੁਕਾਬਲੇ ਹੋਈ ਹੈ, ਕਿਉਂਕਿ ਭਾਜਪਾ ਨੇ ਉਨ੍ਹਾਂ ਵਿਰੁਧ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ ਸੀ। ਭਾਜਪਾ ਦੇ ਰਾਜ ਸਭਾ ਮੈਂਬਰ ਮਦਨਲਾਲ ਸੈਨੀ ਦੇ ਦਿਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ, ਜਿਸ ਤੋਂ ਬਾਅਦ ਇਹ ਸੀਟ ਸੂਬੇ 'ਚ ਸੱਤਾਧਾਰੀ ਕਾਂਗਰਸ ਦੇ ਕੋਲ ਚਲੀ ਗਈ ਹੈ। ਮਨਮੋਹਨ ਸਿੰਘ ਦਾ ਉਪਰਲੇ ਸਦਨ 'ਚ ਕਾਰਜਕਾਲ ਇਸ ਸਾਲ 14 ਜੂਨ ਨੂੰ ਸਮਾਪਤ ਹੋ ਗਿਆ ਸੀ।
ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰਾਲੇ ਨੇ ਪਿਛਲੇ ਮਹੀਨੇ ਵੀ ਦੇਸ਼ ਦੇ ਕਈ ਵੱਡੇ ਆਗੂਆਂ ਦੀ ਸੁਰੱਖਿਆ 'ਚ ਕਟੌਤੀ ਕੀਤੀ ਸੀ। ਇਨ੍ਹਾਂ 'ਚ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ, ਬੀਐਸਪੀ ਸੰਸਦ ਮੈਂਬਰ ਸਤੀਸ਼ ਚੰਦਰ ਮਿਸ਼ਰਾ, ਯੂਪੀ ਭਾਜਪਾ ਦੇ ਆਗੂ ਸੰਗੀਤ ਓਮ, ਭਾਜਪਾ ਸੰਸਦ ਮੈਂਬਰ ਰਾਜੀਵ ਪ੍ਰਤਾਪ ਰੂੜੀ ਸ਼ਾਮਲ ਹਨ। ਇਸ ਤੋਂ ਇਲਾਵਾ ਸੁਰੇਸ਼ ਰਾਣਾ, ਐਲਜੇਪੀ ਸੰਸਦ ਮੈਂਬਰ ਚਿਰਾਗ ਪਾਸਵਾਨ, ਸਾਬਕਾ ਸੰਸਦ ਮੈਂਬਰ ਪੱਪੂ ਯਾਦਵ ਦੀ ਸੁਰੱਖਿਆ 'ਚ ਵੀ ਕਟੌਤੀ ਕੀਤੀ ਗਈ ਸੀ।