ਚੌਥੇ ਪੜਾਅ ਤੋਂ ਬਾਅਦ ਬਦਲੇਗੀ ਚੋਣ ਪ੍ਰਚਾਰ ਦੀ ਰਣਨੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੋਣ ਪ੍ਰਕਿਰਿਆ ਤੋਂ ਬਾਅਦ 169 ਸੀਟਾਂ ’ਤੇ ਰਹੇਗਾ ਫੋਕਸ

Lok sabha Election 2019

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਲਈ ਸ਼ਨੀਵਾਰ ਨੂੰ ਚੋਣ ਪ੍ਰਚਾਰ ਸਮਾਪਤ ਹੋ ਜਾਵੇਗਾ। ਇਸ ਦੇ ਨਾਲ ਹੀ ਲੋਕ ਸਭਾ ਦੀਆਂ 372 ਸੀਟਾਂ ’ਤੇ ਚੋਣ ਪ੍ਰਚਾਰ ਦੀ ਪ੍ਰਕਿਰਿਆ ਵੀ ਖ਼ਤਮ ਹੋ ਜਾਵੇਗੀ। ਫਿਰ ਬਾਕੀ ਦੀਆਂ 169 ਸੀਟਾਂ ’ਤੇ ਸਾਰੇ ਦਲਾਂ ਦਾ ਪੂਰਾ ਫੋਕਸ ਰਹਿ ਜਾਵੇਗਾ। ਹੁਣ ਦਲਾਂ ਦੀ ਪ੍ਰਚਾਰ ਰਣਨੀਤੀ ਵੀ ਬਦਲਦੀ ਨਜ਼ਰ ਆਵੇਗੀ। ਅਸਲ ਵਿਚ ਆਖਰੀ ਤਿੰਨ ਪੜਾਵਾਂ ਦੀਆਂ ਚੋਣਾਂ ਮੂਲ ਰੂਪ ਤੋਂ ਹਿੰਦੀ ਪੱਟੀ ਵਿਚ ਹੀ ਹੋਣਗੀਆਂ ਅਜਿਹੇ ਵਿਚ ਹੁਣ ਘੱਟ ਇਲਾਕੇ ਹੀ ਕਵਰ ਕਰਨੇ ਹੋਣਗੇ।

ਕਾਂਗਰਸ ਅਤੇ ਬੀਜੇਪੀ ਨੇ ਦੂਜੇ ਰਾਜਾਂ ਦੇ ਸਾਰੇ ਆਗੂਆਂ ਦੀ ਹੁਣ ਇਹਨਾਂ ਰਾਜਾਂ ਵਿਚ ਡਿਊਟੀ ਲਗਾ ਦਿੱਤੀ ਹੈ। ਆਖਰੀ ਤਿੰਨ ਪੜਾਵਾਂ ਵਿਚ ਜਿੱਥੇ ਚੋਣਾਂ ਚਲ ਰਹੀਆਂ ਹਨ ਉੱਥੇ ਹੀ 2014 ਵਿਚ ਬੀਜੇਪੀ ਨੇ ਵੱਡੇ ਰੂਪ ਵਿਚ ਜਿੱਤ ਹਾਸਲ ਕੀਤੀ ਸੀ। ਜਿਵੇਂ ਰਾਜਸਥਾਨ, ਦਿੱਲੀ, ਝਾਰਖੰਡ, ਉੱਤਰ ਪ੍ਰਦੇਸ਼, ਬਿਹਾਰ, ਹਿਮਾਚਲ ਪ੍ਰਦੇਸ਼ ਦੀਆਂ ਲਗਭਗ ਸਾਰੀਆਂ ਸੀਟਾਂ ਬੀਜੇਪੀ ਨੇ ਜਿੱਤੀਆਂ ਸਨ।

ਆਖਰੀ ਤਿੰਨ ਪੜਾਵਾਂ ਵਿਚ ਪੱਛਮ ਬੰਗਾਲ ਅਤੇ ਪੰਜਾਬ ਨੂੰ ਛੱਡ ਕੇ ਬਾਕੀ ਸਾਰੇ ਰਾਜਾਂ ਵਿਚ ਬੀਜੇਪੀ ਨੂੰ ਇਹਨਾਂ ਇਲਾਕਿਆਂ ਨੂੰ ਬਚਾਉਣ ਦੀ ਚੁਣੌਤੀ ਹੈ। ਸੂਤਰਾਂ ਮੁਤਾਬਕ ਕਾਂਗਰਸ ਨੇ ਇਹਨਾਂ ਤਿੰਨ ਪੜਾਵਾਂ ਲਈ ਖਾਸ ਯੋਜਨਾ ਬਣਾਈ ਹੈ। ਇਹਨਾਂ ਵਿਚੋਂ ਅਜਿਹੀਆਂ ਸੀਟਾਂ ਵੀ ਨਿਸ਼ਾਨਬੱਧ ਕੀਤੀਆਂ ਗਈਆਂ ਹਨ ਜਿਥੋਂ ਕਾਂਗਰਸ ਬੀਜੇਪੀ ਨੂੰ ਹਰਾ ਸਕਦੀ ਹੈ ਅਤੇ ਪੂਰਾ ਧਿਆਨ ਉਹਨਾਂ ਹੀ ਸੀਟਾਂ ’ਤੇ ਦਿੱਤਾ ਜਾਵੇਗਾ।

ਕਾਂਗਰਸ ਦੇ ਇਕ ਸੀਨੀਅਰ ਆਗੂ ਅਨੁਸਾਰ ਪਾਰਟੀ ਦੀ ਰਣਨੀਤੀ ਹੋਵੇਗੀ ਕਿ ਸਾਰੀਆਂ ਸੀਟਾਂ ’ਤੇ ਉਰਜਾ ਲਗਾਉਣ ਦੀ ਬਜਾਏ ਸਰੋਤਾਂ ਦਾ ਵਧ ਇਸਤੇਮਾਲ ਉਹਨਾਂ ਸੀਟਾਂ ’ਤੇ ਹੋਵੇ ਜਿੱਥੋਂ ਕੁਝ ਬਿਹਤਰ ਨਤੀਜੇ ਨਿਕਲਣ। ਸੂਤਰਾਂ ਮੁਤਾਬਕ ਇਹਨਾਂ ਪੜਾਵਾਂ ਵਿਚ ਹੁਣ ਪ੍ਰਿਅੰਕਾ ਗਾਂਧੀ ਦਾ ਰੋਡ ਸ਼ੋਅ ਵੀ ਵੱਡਾ ਹੋਵੇਗਾ। ਰਾਹੁਲ ਗਾਂਧੀ ਦੀ ਰੈਲੀ ਦੀ ਗਿਣਤੀ ਵੀ ਵਧੇਗੀ। ਇਸ ਤੋਂ ਇਲਾਵਾ ਪਾਰਟੀ ਸਾਹਮਣੇ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਦੀ ਵੀ ਮੰਗ ਕਾਫੀ ਹੈ।

ਇਸ ਦੇ ਨਾਲ ਹੀ ਬੀਜੇਪੀ ਵੀ ਆਖਰੀ ਤਿੰਨ ਪੜਾਵਾਂ ਵਿਚ ਪੀਐਮ ਮੋਦੀ ਦੀਆਂ ਰੈਲੀਆਂ ਦੀ ਗਿਣਤੀ ਵਧਾਉਣ ਵਿਚ ਜ਼ਿਆਦਾ ਧਿਆਨ ਦੇ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਹਰ ਦਿਨ ਚਾਰ ਤੋਂ ਪੰਜ ਰੈਲੀਆਂ ਪੀਐਮ ਮੋਦੀ ਕਰਨਗੇ। ਪਾਰਟੀ ਨੇ ਉਹਨਾਂ ਰਾਜਾਂ ਵਿਚ ਵੀ ਰੈਲੀਆਂ ਕਰਨ ਨੂੰ ਕਿਹਾ ਹੈ ਜਿੱਥੇ ਚੋਣਾਂ ਹੋ ਚੁੱਕੀਆਂ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਆਖਰੀ ਤਿੰਨ ਪੜਾਅ ਹੀ 23 ਮਈ ਨੂੰ ਨਿਕਲਣ ਵਾਲੇ ਨਤੀਜੇ ਨੂੰ ਪ੍ਰਭਾਵਿਤ ਕਰਨਗੇ।