ਆਰਥਕ ਤੌਰ ਤੇ ਗ਼ਰੀਬਾਂ ਲਈ ਰਾਖਵਾਂਕਰਨ ਨਾਲ ਮੌਜੂਦਾ ਵਿਵਸਥਾ ਪ੍ਰਭਾਵਤ ਨਹੀਂ ਹੋਵੇਗੀ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਥਕ ਤੌਰ 'ਤੇ ਕਮਜ਼ੋਰ ਵਰਗਾਂ ਲਈ 10 ਫ਼ੀ ਸਦੀ ਰਾਖਵਾਂਕਰਨ ਦਾ ਵਿਰੋਧ ਕਰਨ ਵਾਲੇ ਲੋਕਾਂ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ.....
ਮਦੂਰਈ (ਤਾਮਿਲਨਾਡੂ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਥਕ ਤੌਰ 'ਤੇ ਕਮਜ਼ੋਰ ਵਰਗਾਂ ਲਈ 10 ਫ਼ੀ ਸਦੀ ਰਾਖਵਾਂਕਰਨ ਦਾ ਵਿਰੋਧ ਕਰਨ ਵਾਲੇ ਲੋਕਾਂ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਤਾਮਿਲਨਾਡੂ 'ਚ ਕੁੱਝ ਲੋਕ ਅਪਣੇ ਸਵਾਰਥ ਲਈ 'ਸ਼ੱਕ ਅਤੇ ਬੇਭਰੋਸਗੀ ਦਾ ਮਾਹੌਲ' ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿਖਿਆ ਅਤੇ ਰੁਜ਼ਗਾਰ 'ਚ ਸਾਰਿਆਂ ਨੂੰ ਮੌਦਾ ਦੇਣ ਦੀ ਭਾਵਨਾ ਨਾਲ ਈ.ਡਬਲਿਯੂ.ਐਸ. ਕੋਟਾ ਲਾਗੂ ਕੀਤਾ ਗਿਆ ਹੈ। ਮੋਦੀ ਇੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਵਿਰੋਧੀ ਪਾਰਟੀਆਂ ਦੇ ਮਹਾਂਗਠਜੋੜ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਵੇਖਦਿਆਂ 'ਇਸ ਚੌਕੀਦਾਰ ਨੂੰ ਹਟਾਉਣ' ਲਈ ਉਨ੍ਹਾਂ ਨੇ ਅਪਣੇ ਮਤਭੇਦ ਭੁਲਾ ਦਿਤੇ ਹਨ। ਮੋਦੀ ਨੇ ਆਰਥਕ ਅਪਰਾਧੀਆਂ ਵਿਰੁਧ ਸਖ਼ਤ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿਤਾ। ਉਨ੍ਹਾਂ ਕਿਹਾ, ''ਅਜਿਹੇ ਕਿਸੇ ਵੀ ਵਿਅਕਤੀ ਨੂੰ, ਜਿਸ ਨੇ ਦੇਸ਼ ਨੂੰ ਧੋਖਾ ਦਿਤਾ ਹੈ ਜਾਂ ਲੁਟਿਆ ਹੈ, ਨਿਆਂ ਦੇ ਘੇਰੇ 'ਚ ਲਿਆਂਦਾ ਜਾਵੇਗਾ।'' ਉਹ ਵਿਜੈ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੌਕਸੀ ਵਰਗੇ ਆਰਥਕ ਅਪਰਾਧੀਆਂ ਵਲ ਇਸ਼ਾਰਾ ਕਰ ਰਹੇ ਸਨ।
ਇਸ ਤੋਂ ਪਹਿਲਾਂ ਮੋਦੀ ਨੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦਾ ਨੀਂਹ ਪੱਥਰ ਰਖਿਆ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਛੇਤੀ ਹੀ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਤਿੰਨ ਲੋਕ ਸਭਾ ਖੇਤਰਾਂ 'ਚ ਇਕ ਮੈਡੀਕਲ ਕਾਲਜ ਦੀ ਸਥਾਪਨਾ ਕੀਤੇ ਜਾਣ ਦਾ ਕੰਮ ਚਲ ਰਿਹਾ ਹੈ ਜੋ ਮੈਡੀਕਲ ਸੇਵਾਵਾਂ ਨੂੰ ਬਿਹਤਰ ਬਣਾਉਣ ਅਤੇ ਨੌਜਵਾਨ ਨੂੰ ਸਿਖਿਆ ਅਤੇ ਰੁਜ਼ਗਾਰ ਦੇ ਮੌਕੇ ਦੇਣ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ। (ਪੀਟੀਆਈ)