ਜਿਥੇ ਦਲਿਤ-ਘੱਟਗਿਣਤੀ ਵੋਟਾਂ ਹਨ, ਉਥੇ ਖ਼ਰਾਬ ਹੁੰਦੀ ਹੈ ਈਵੀਐਮ : ਸਿੱਬਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੇ ਦੋ ਤਿੰਨ ਘੰਟੇ ਮਸ਼ੀਨ ਖ਼ਰਾਬ ਰਹੇਗੀ ਤਾਂ ਵੋਟ ਨਹੀਂ ਪਵੇਗੀ ਕਿਉਂਕਿ ਲੋਕ ਘਰ ਵਾਪਸ ਚਲੇ ਜਾਣਗੇ

Important that poll results are not tainted: Kapil Sibal

ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਦਾਅਵਾ ਕੀਤਾ ਹੈ ਕਿ ਜਿਥੇ ਦਲਿਤਾਂ ਅਤੇ ਘੱਟਗਿਣਤੀਆਂ ਦੀਆਂ ਵੋਟਾਂ ਜ਼ਿਆਦਾ ਹਨ, ਉਥੇ ਹੀ ਵੋਟਿੰਗ ਮਸ਼ੀਨਾਂ ਖ਼ਰਾਬ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲੇ ਤਿੰਨ ਗੇੜਾਂ ਵਿਚ ਭਾਜਪਾ ਨੂੰ ਬਹੁਤ ਨੁਕਸਾਨ ਹੋਇਆ ਹੈ। ਉਂਜ ਹਾਰ-ਜਿੱਤ ਦਾ ਫ਼ੈਸਲਾ ਤਾਂ 23 ਮਈ ਨੂੰ ਹੋਵੇਗਾ ਪਰ ਸਵਾਲ ਇਹ ਹੈ ਕਿ ਜਿਥੇ ਵੀ ਮਸ਼ੀਨ ਖ਼ਰਾਬ ਹੁੰਦੀ ਹੈ, ਉਥੇ ਵੋਟ ਭਾਜਪਾ ਨੂੰ ਹੀ ਕਿਉਂ ਜਾਂਦੀ ਹੈ? ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਹੀ ਇਕ ਥਾਂ ਤੋਂ 300 ਮਸ਼ੀਨਾਂ ਖ਼ਰਾਬ ਹੋਣ ਦੀ ਗੱਲ ਸਾਹਮਣੇ ਆਈ ਸੀ।

ਚੋਣਾਂ ਵਿਚ ਵੋਟਰ ਨੂੰ ਇਹ ਚਿੰਤਾ ਨਹੀਂ ਹੋਣੀ ਚਾਹੀਦੀ ਕਿ ਉਸ ਨੇ ਜਿਹੜੀ ਵੋਟ ਪਾਈ ਹੈ, ਉਹ ਸਹੀ ਪਈ ਹੈ ਜਾਂ ਨਹੀਂ। ਇਹ ਮਸ਼ੀਨ ਵੀ ਉਥੇ ਖ਼ਰਾਬ ਹੁੰਦੀ ਹੈ ਜਿਥੇ ਦਲਿਤ ਅਤੇ ਘੱਟਗਿਣਤੀ ਵੋਟਾਂ ਜ਼ਿਆਦਾ ਹੁੰਦੀਆਂ ਹਨ। ਜੇ ਦੋ ਤਿੰਨ ਘੰਟੇ ਮਸ਼ੀਨ ਖ਼ਰਾਬ ਰਹੇਗੀ ਤਾਂ ਵੋਟ ਨਹੀਂ ਪਵੇਗੀ ਕਿਉਂਕਿ ਲੋਕ ਘਰ ਵਾਪਸ ਚਲੇ ਜਾਣਗੇ। ਉਨ੍ਹਾਂ ਕਿਹਾ, 'ਅਸੀਂ ਬਿਲਕੁਲ ਵੀ ਸੰਤੁਸ਼ਟ ਨਹੀਂ ਹਾਂ। ਸਾਨੂੰ ਕਾਫ਼ੀ ਨਿਰਾਸ਼ਾ ਹੋਈ ਹੈ। ਸਾਡੀ ਮੁੱਖ ਮੰਗ ਹੈ ਕਿ 50 ਫ਼ੀ ਸਦੀ ਵੀਵੀਪੀਏਟੀ ਪਰਚੀਆਂ ਦਾ ਮਿਲਾਣ ਕੀਤਾ ਜਾਵੇ। ਈਵੀਐਮ ਵਿਚ ਗੜਬੜ ਦੀਆਂ ਸ਼ਿਕਾਹਿਤਾਂ ਨੂੰ ਦੂਰ ਕੀਤਾ ਜਾਵੇ ਤਾਕਿ ਚੋਣ ਕਵਾਇਦ ਵਿਚ ਲੋਕਾਂ ਦਾ ਵਿਸ਼ਵਾਸ ਕਾਇਮ ਰਹੇ।'

ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਤਾਂ ਪੰਜ ਫ਼ੀ ਸਦੀ ਪਰਚੀਆਂ ਦੇ ਮਿਲਾਣ ਦਾ ਹੁਕਮ ਦਿਤਾ ਹੈ ਕਿਉਂਕਿ 50 ਫ਼ੀ ਸਦੀ ਦੇ ਮਿਲਾਣ ਵਿਚ ਕਾਫ਼ੀ ਸਮਾਂ ਲੱਗੇਗਾ ਪਰ ਅਸੀਂ ਇਹ ਕਹਿ ਰਹੇ ਹਾਂ ਕਿ ਇਕ ਪਾਸੇ ਚੋਣ ਕਮਿਸ਼ਨ ਦੀ ਸਹੂਲਤ ਹੈ ਅਤੇ ਦੂਜੇ ਪਾਸੇ ਜਨਤਾ ਦਾ ਵਿਸ਼ਵਾਸ ਹੈ। ਪਰ ਕਮਿਸ਼ਨ ਨੂੰ ਅਪਣੀ ਸਹੂਲਤ ਦੀ ਜ਼ਿਆਦਾ ਪਰਵਾਹ ਹੈ।