ਕਸ਼ਮੀਰੀ ਅਤਿਵਾਦੀਆਂ ਦੇ ਫ਼ੌਜੀ ਟਿਕਾਣਿਆਂ 'ਤੇ ਹਮਲਿਆਂ ਵਿਚ ਕੋਈ ਕਮੀ ਨਹੀਂ ਹੋ ਰਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਤਿਵਾਦੀਆਂ ਨੇ ਸ਼ੋਪੀਆਂ ਸੁਗਾਨ ਅਤੇ ਚਿਲੀਪੋਰਾ ਵਿਚ ਅੱਜ ਸਵੇਰੇ ਆਈਈਡੀ ਧਮਾਕਾ ਕੀਤਾ। ਧਮਾਕੇ ਵਿਚ ਫ਼ੌਜ ਦੀ 44 ਰਾਸ਼ਟਰੀ ਰਾਈਫ਼ਲਜ਼ ਦੀ ਗੱਡੀ ਲਪੇਟ..

Kashmiri militants

ਸ੍ਰੀਨਗਰ, ਅਤਿਵਾਦੀਆਂ ਨੇ ਸ਼ੋਪੀਆਂ ਸੁਗਾਨ ਅਤੇ ਚਿਲੀਪੋਰਾ ਵਿਚ ਅੱਜ ਸਵੇਰੇ ਆਈਈਡੀ ਧਮਾਕਾ ਕੀਤਾ। ਧਮਾਕੇ ਵਿਚ ਫ਼ੌਜ ਦੀ 44 ਰਾਸ਼ਟਰੀ ਰਾਈਫ਼ਲਜ਼ ਦੀ ਗੱਡੀ ਲਪੇਟ ਵਿਚ ਆ ਗਈ। ਨਾਲ ਹੀ ਇਸ ਹਮਲੇ ਵਿਚ ਤਿੰਨ ਜਵਾਨ ਵੀ ਜ਼ਖ਼ਮੀ ਹੋ ਗਏ। ਐਤਵਾਰ ਦੇਰ ਰਾਤ ਨੂੰ ਕਸ਼ਮੀਰ ਦੇ ਪੁਲਵਾਮਾ ਵਿਚ ਅਤਿਵਾਦੀਆਂ ਨੇ ਫ਼ੌਜ ਦੇ 50 ਰਾਸ਼ਟਰੀ ਰਾਈਫ਼ਲਜ਼ ਦੇ ਕੈਂਪ 'ਤੇ ਹਮਲਾ ਕੀਤਾ ਸੀ।

ਇਸ ਵਿਚ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਇਕ ਨਾਗਰਿਕ ਦੀ ਵੀ ਮੌਤ ਹੋ ਗਈ। ਫ਼ੌਜ ਨੇ ਜਵਾਬੀ ਗੋਲੀਬਾਰੀ ਕੀਤੀ ਪਰ ਅਤਿਵਾਦੀ ਹਨੇਰੇ ਦਾ ਫ਼ਾਇਦਾ ਉਠਾ ਕੇ ਫ਼ਰਾਰ ਹੋ ਗਏ। ਜੰਮੂ-ਕਸ਼ਮੀਰ ਦੇ ਕੁਲਗਾਮ ਵਿਚ ਅਤਿਵਾਦੀਆਂ ਨੇ ਤਿੰਨ ਦਿਨ ਪਹਿਲਾਂ ਹੀ ਸ਼ੁਕਰਵਾਰ ਨੂੰ ਫ਼ੌਜ ਦੇ ਇਕ ਕੈਂਪ 'ਤੇ ਹਥਗੋਲਾ ਸੁੱਟਿਆ। 34 ਰਾਸ਼ਟਰੀ ਰਾਈਫ਼ਲਜ਼ ਦੇ ਕੈਂਪ 'ਤੇ ਹੋਏ ਇਸ ਹਮਲੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਤਿਵਾਦੀਆਂ ਨੂੰ ਫੜਨ ਲਈ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਸੀ।

ਅਤਿਵਾਦੀਆਂ ਨੇ ਵੀਰਵਾਰ ਨੂੰ ਜੰਮੂ ਵਿਚ ਇਕ ਬੱਸ ਸਟਾਪ ਅਤੇ ਸ੍ਰੀਨਗਰ ਦੇ ਬਰਾਰੀਪੋਰਾ ਵਿਚ ਫ਼ੌਜ ਦੇ ਕੈਂਪ 'ਤੇ ਹਥਗੋਲਾ ਸੁੱਟਿਆ ਸੀ। ਜੰਮੂ ਵਿਚ ਹੋਏ ਇਸ ਹਮਲੇ ਵਿਚ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ। ਉਧਰ, ਆਨੰਤਨਾਗ ਜ਼ਿਲ੍ਹੇ ਦੇ ਵਾਨਪੋਹ ਪਾਵਰ ਗਰਿੱਡ ਸਟੇਸ਼ਨ ਦੇ ਪੁਲਿਸ ਪੋਸਟ 'ਤੇ ਤਾਇਨਾਤ ਸੰਤਰੀ ਨੇ ਰਾਈਫ਼ਲ ਖੋਹਣ ਦੀ ਅਤਿਵਾਦੀਆਂ ਦੀ ਕੋਸ਼ਿਸ਼ ਨਾਕਾਮ ਕਰ ਦਿਤੀ ਸੀ। 

ਪੁਲਿਸ ਪੋਸਟ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਅਤਿਵਾਦੀਆਂ 'ਤੇ ਸੰਤਰੀ ਨੇ ਗੋਲੀਬਾਰੀ ਕਰ ਦਿਤੀ ਜਿਸ ਨਾਲ ਉਹ ਭੱਜ ਗਏ। 14 ਮਈ ਨੂੰ ਕਠੂਆ ਵਿਚ ਸਰਹੱਦ 'ਤੇ 5 ਸ਼ੱਕੀ ਵੇਖੇ ਗਏ ਸਨ। ਪੁਲਿਸ ਨੇ ਉਨ੍ਹਾਂ ਨੂੰ ਪਾਕਿਸਤਾਨੀ ਘੁਸਪੈਠੀਆ ਦਸਿਆ ਸੀ। ਇਸ ਤੋਂ ਬਾਅਦ ਜੰਮੂ, ਕਠੂਆ ਅਤੇ ਸਾਂਬਾ ਵਿਚ ਹਾਈ ਅਲਰਟ ਕੀਤਾ ਗਿਆ। 

ਕੇਂਦਰ ਸਰਕਾਰ ਨੇ ਰਾਜ ਸਰਕਾਰ ਦੀ ਸਿਫ਼ਾਰਸ਼ 'ਤੇ ਰਮਜ਼ਾਨ ਦੌਰਾਨ ਸੁਰੱਖਿਆ ਬਲਾਂ ਨੂੰ ਜੰਮੂ ਕਸ਼ਮੀਰ ਵਿਚ ਅਪਰੇਸ਼ਨ ਨਾ ਚਲਾਉਣ ਲਈ ਕਿਹਾ ਹੈ। ਗ੍ਰਹਿ ਮੰਤਰਾਲਾ ਮੁਤਾਬਕ ਇਹ ਫ਼ੈਸਲਾ ਅਮਨ ਪਸੰਦ ਕਰਨ ਵਾਲੇ ਮੁਸਲਮਾਨਾਂ ਨੂੰ ਸ਼ਾਂਤੀਪੂਰਨ ਮਾਹੌਲ ਮੁਹੱਈਆ ਕਰਵਾਉਣ ਲਈ ਹੈ। ਮੰਤਰਾਲਾ ਨੇ ਇਹ ਸਪੱਸ਼ਟ ਕਰ ਦਿਤਾ ਹੈ ਕਿ ਅਤਿਵਾਦੀਆਂ ਦੇ ਹਮਲਾ ਕਰਨ 'ਤੇ ਜਾਂ ਮਾਸੂਮਾਂ ਦੀ ਜਾਨ ਬਚਾਉਣ ਲਈ ਸੁਰੱਖਿਆ ਬਲ ਜਵਾਬੀ ਕਾਰਵਾਈ ਕਰ ਸਕਦੇ ਹਨ। (ਏਜੰਸੀ)