ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੌਰਾਨ ਅਹਿਮ ਫੈਸਲਾ, ਭਲਕੇ ਭੁੱਖ ਹੜਤਾਲ ਦਾ ਐਲਾਨ
ਮੋਰਚਿਆਂ 'ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਕੀਤੀ ਜਾਵੇਗੀ ਭੁੱਖ ਹੜਤਾਲ
ਨਵੀਂ ਦਿੱਲੀ : 26 ਜਨਵਰੀ ਦੀ ਲਾਲ ਕਿਲ੍ਹਾ ਘਟਨਾ ਤੋਂ ਬਾਅਦ ਲੱਗੇ ਵੱਡੇ ਝਟਕੇ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਨਵੇਂ ਜੋਸ਼ ਅਤੇ ਉਤਸ਼ਾਹ ਨਾਲ ਉਠ ਖੜਾ ਹੋਇਆ ਹੈ। ਇਸ ਦਾ ਜਲੋਅ ਅੱਜ ਦੀ ਮੀਟਿੰਗ ਵਿਚ ਵੇਖਣ ਨੂੰ ਮਿਲਿਆ। ਮੀਟਿੰਗ ਉਪਰੰਤ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਸੰਯੁਕਤ ਕਿਸਾਨ ਮੋਰਚੇ ਨੇ ਧਰਨਿਆਂ ਵਿਚ ਸ਼ਾਮਲ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਵਲੋਂ ਵਿਖਾਏ ਹੌਂਸਲੇ ਦੀ ਸਰਾਹਨਾ ਕੀਤੀ। ਮੋਰਚੇ ਨੇ ਰਾਕੇਸ਼ ਟਿਕੈਤ ਵਲੋਂ ਕਿਸਾਨਾਂ ਨੂੰ ਮੁੜ ਖੜ੍ਹੇ ਹੋਣ ਲਈ ਦਿੱਤੀ ਹਿੰਮਤ ਦੀ ਸਰਾਹਨਾ ਕਰਦਿਆਂ 30 ਜਨਵਰੀ ਨੂੰ ਸਦਭਾਵਨਾ ਦਿਸਵ ਵਜੋਂ ਮਨਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਭਲਕੇ ਅਸੀਂ ਸਾਰੇ ਮੋਰਚਿਆਂ 'ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਭੁੱਖ ਹੜਤਾਲ ਕਰਾਂਗੇ।
ਉਨ੍ਹਾਂ ਕਿਹਾ ਕਿ ਬੀਜੇਪੀ ਅਤੇ ਆਰ.ਐਸ.ਐਸ. ਜੋ ਇਸ ਅੰਦੋਲਨ ਨੂੰ ਪ੍ਰਭਾਵਿਤ ਕਰਨ, ਖ਼ਤਮ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ, ਉਸ ਦਾ ਅਸੀਂ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਦੇ ਕਿਸਾਨਾਂ ਅਤੇ ਮਜ਼ਦੂਰਾਂ ਵਲੋਂ ਸਖ਼ਤ ਨਿਖੇਧੀ ਕਰਦੇ ਹਾਂ। ਇਹ ਦੇਸ਼ ਦੇ ਲੋਕਾਂ ਦਾ ਅੰਦੋਲਨ ਹੈ। 75 ਫੀਸਦੀ ਲੋਕਾਂ ਦੇ ਢਿੱਡ ਦਾ ਸਵਾਲ ਹੈ। ਇਥੇ ਜਾਤੀ, ਧਰਮ ਜਾਂ ਰੰਗ ਦਾ ਸਵਾਲ ਨਹੀਂ ਹੈ।
ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਬੀਤੇ ਦਿਨੀਂ ਗਾਜ਼ੀਪੁਰ ਬਾਰਡਰ 'ਤੇ ਰਾਤ ਨੂੰ ਭਾਰਤ ਸਰਕਾਰ ਅਤੇ ਬੀਜੇਪੀ ਦੇ ਲੋਕਾਂ ਨੇ ਹਮਲਾ ਕੀਤਾ ਅਤੇ ਉਹ ਲਗਾਤਾਰ ਜਾਰੀ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਉਨਾਂ ਦੀ ਜੋ ਇਸ ਅੰਦੋਲਨ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਸੀ ਉਹ ਸਾਹਮਣੇ ਆ ਗਈ ਹੈ। ਤੁਸੀਂ ਦੇਖਿਆ ਹੋਵੇਗਾ ਕਿ ਗਾਜ਼ੀਪੁਰ ਬਾਰਡਰ 'ਤੇ ਬਹੁਤ ਭਾਰੀ ਗਿਣਤੀ ਵਿਚ ਕਿਸਾਨ ਉਥੇ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਰਾਤੋਂ ਰਾਤ ਇਕੱਠੇ ਹੋਏ ਅਤੇ ਸਾਡੀ ਵੀ ਸੰਯੁਕਤ ਕਿਸਾਨ ਮੋਰਚਾ ਦੀ ਜੋ ਜ਼ਿੰਮੇਵਾਰੀ ਬਣਦੀ ਸੀ ਉਸ ਨੂੰ ਨਿਭਾਇਆ।
ਕਿਸਾਨ ਆਗੂ ਦਰਸ਼ਨਪਾਲ ਸਿੰਘ ਨੇ ਸਰਕਾਰ ਤੋਂ ਇੰਟਰਨੈੱਟ ਬਹਾਲ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਾਡੀਆਂ ਗੱਲਾਂ ਲੋਕਾਂ ਤਕ ਨਾ ਪਹੁੰਚ ਸਕਣ ਇਸ ਦੇ ਲਈ ਇੰਟਰਨੈੱਟ ਬੰਦ ਕੀਤਾ ਗਿਆ ਹੈ। ਇੱਥੇ ਅੱਜ ਪੁਲਸ ਨੇ ਹਿੰਸਾ ਲਈ ਬੀਜੇਪੀ ਅਤੇ ਆਰ.ਐੱਸ.ਐੱਸ. ਦੇ ਲੋਕ ਭੇਜੇ ਹਨ। ਲੋਕ ਇੱਥੇ ਵੱਧ ਰਹੇ ਹਨ। ਗਾਜ਼ੀਪੁਰ ਤੋਂ ਬਾਅਦ ਸਿੰਘੂ, ਟਿਕਰੀ, ਸ਼ਾਹਜਹਾਂਪੁਰ ਹਰ ਥਾਂ ਤੋਂ ਲੋਕ ਆ ਰਹੇ ਹਨ- ਸਰਕਾਰ ਇਸ ਨੂੰ ਹਿੰਦੂ ਅਤੇ ਸਿੱਖ ਦਾ ਮਸਲਾ ਬਣਾਉਣਾ ਚਾਹੁੰਦੀ ਹੈ। ਪਰ ਸਰਕਾਰ ਆਪਣੇ ਮਨਸੂਬੇ ਵਿਚ ਕਾਮਯਾਬ ਨਹੀਂ ਹੋ ਸਕੇਗੀ।