ਕਿਸਾਨਾਂ ਦੇ ਹੱਕ ’ਚ ਨਿਤਰੇ ਰਾਮੂਵਾਲੀਆ, ਤੋਹਮਤਾਂ ਨੂੰ ਦਸਿਆ ‘ਸੋਨੇ ’ਚ ਖੋਟ ਪਾਉਣ ਦੇ ਤੁਲ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਬੇਈਮਾਨੀ ਕਰਨ ਵਾਲੇ ਵੀ ਇਕ ਦਿਨ ਹੋਣਗੇ ‘ਬੇਨਕਾਬ'

Balwant Singh Ramuwalia

ਚੰਡੀਗੜ੍ਹ (ਗੁਰਸ਼ਰਨ ਕੌਰ): ਅੰਨਦਾਤੇ ’ਤੇ ਲੱਗ ਰਹੀਆਂ ‘ਖਾਲਿਸਤਾਨੀ’, ‘ਮਾਊਵਾਦੀ’ ਸਮੇਤ ਤਰ੍ਹਾਂ-ਤਰ੍ਹਾਂ ਦੀਆਂ ਤੋਹਮਤਾਂ ਤੋਂ ਹਰ ਵਰਗ ਦੁਖੀ ਹੈ, ਸਿਰਫ਼ ਸੱਤਾਧਾਰੀ ਧਿਰ ਹੀ ਹੈ, ਜਿਸ ਨੂੰ ਇਹ ਸੱਚਾਈ ਸਮਝ ਨਹੀਂ ਆ ਰਹੀ। ਸ਼ਾਇਦ ਉਸ ਦੀਆਂ ਅੱਖਾਂ ’ਤੇ ਅਜਿਹਾ ਪਰਦਾ ਪੈ ਗਿਆ ਹੈ, ਜੋ ਸ਼ਾਇਦ ਸਮੇਂ ਦੇ ਆਉਣ ’ਤੇ ਹੀ ਉਤਰੇਗਾ। ਰੋਜ਼ਾਨਾ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦਿਗਜ਼ ਆਗੂ ਬਲਵੰਤ ਸਿੰਘ ਰਾਮੂਵਾਲੀਆ ਨੇ ਸ਼ਾਇਰਾਨਾ ਅੰਦਾਜ਼ ਵਿਚ ਭਾਜਪਾ ਦੀ ਇਸ ਸੋਚ ਨੂੰ ਭੰਡਣ ਦੇ ਨਾਲ-ਨਾਲ ਕਿਸਾਨਾਂ ਲਈ ਅਪਣੀਆਂ ਸ਼ੁਭ ਇਛਾਵਾਂ ਦਾ ਪ੍ਰਗਟਾਵਾ ਕੀਤਾ ਹੈ। ਅੰਨਦਾਤਾ ’ਤੇ ਲੱਗ ਰਹੀਆਂ ਤੋਹਮਤਾ ਸਬੰਧੀ ਪੁਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖ਼ਾਲਿਸਤਾਨੀ ਕਹਿਣਾ ਇਕ ਅਜਿਹਾ ਝੂਠ ਹੈ, ਜਿਸ ਦਾ ਅਕਾਰ ਜਾਂ ਮਿਕਦਾਰ ਧਰੂ ਤਾਰੇ ਨਾਲੋਂ ਵੀ ਚਾਰ ਗੁਣਾਂ ਵੱਧ ਹੈ। ਸ਼ਾਇਰਾਨਾ ਅੰਦਾਜ਼ਾ ਵਿਚ ਭਾਜਪਾ ’ਤੇ ਤੰਜ ਕਸਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਬੋਲਿਆ ਜਾ ਰਿਹਾ ਇਹ ਝੂਠ ਭਾਰਤੀ ਦਸਤੂਰ ਦੇ ਖਿਲਾਫ਼ ਹੈ। ਉਨ੍ਹਾਂ ਕਿਹਾ ਕਿ ਅੰਨਦਾਤਾ ‘ਅੰਨਸਤਾਨੀ’, ਜਾਂ ‘ਹਿੰਦੁਸਤਾਨੀ’ ਤਾਂ ਹੋ ਸਕਦਾ ਹੈ, ਪਰ ਖਾਲਿਸਤਾਨੀ ਕਦੇ ਵੀ ਨਹੀਂ ਹੋ ਸਕਦਾ। 

ਕਿਸਾਨਾਂ ’ਤੇ ਲੱਗ ਰਹੀਆਂ ਤੋਹਮਤਾਂ ਨੂੰ ਸੋਨੇ ’ਚ ਖੋਟ ਪਾਉਣ ਦੇ ਤੁਲ ਦਸਦਿਆਂ ਉਨ੍ਹਾਂ ਕਿਹਾ ਕਿ ਰਾਕੇਸ਼ ਟਿਕੈਤ ਵਰਗੇ ਕਿਸਾਨ ਆਗੂ ਵੀ ਸਿੱਖਾਂ ਨੂੰ ਖਾਲਿਸਤਾਨੀ ਕਹਿਣ ਦਾ ਜ਼ਿਕਰ ਕਰਦਿਆਂ ਭਾਵਕ ਹੋ ਗਏ। ਇੰਨਾ ਹੀ ਨਹੀਂ, ਜਦੋਂ ਮੈਂ ਇਹ ਗੱਲ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਨੇ ਵੀ ਭਾਵੁਕ ਹੁੰਦਿਆਂ ਕਿਹਾ, ‘‘ਹੈ, ਇਹ ਇਹੋ ਜਿਹੀਆਂ ਗੱਲਾਂ ਕਰੀ ਜਾਂਦੇ ਹਨ?’’ ਭਾਜਪਾ ਨੂੰ ਇਤਿਹਾਸ ਤੋਂ ਸਬਕ ਲੈਣ ਦੀ ਨਸੀਹਤ ਦਿੰਦਿਆਂ ਉਨ੍ਹਾਂ ਕਿਹਾ ਕਿ ਕਲੰਕ ਦਾ ਦਾਗ ਕਦੇ ਵੀ ਧੋਤਾ ਨਹੀਂ ਜਾ ਸਕਦਾ। ਮਿਥਿਹਾਸਕ ਬਿਰਤਾਂਤ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ 12-12 ਸਾਲ ਦੇ ਕਾਲ ਪੈਂਦੇ ਸਨ ਅਤੇ ਉਸ ਵੇਲੇ ਜਿਹੜੇ ਲੋਕ ਚੋਰੀਆਂ-ਡਾਕੇ ਮਾਰਦੇ ਸਨ, ਉਨ੍ਹਾਂ ਦੀਆਂ ਕੁਲਾਂ ’ਤੇ ਲੱਗੇ ਕਲੰਕ ਅੱਜ ਤਕ ਨਹੀਂ ਉਤਰ ਸਕੇ। ਉਨ੍ਹਾਂ ਕਿਹਾ ਕਿ ਅਜਿਹੀ ਹੀ ਕਰਨੀ ਦੇ ਭਾਗੀ ਭਾਜਪਾ ਵਾਲੇ ਬਣਨ ਜਾ ਰਹੇ ਹਨ ਜੋ ਕਿਸਾਨਾਂ ’ਤੇ ਝੂਠੀਆਂ ਤੋਹਮਤਾਂ ਲਾ ਕੇ ਕਲੰਕ ਦੇ ਭਾਗੀ ਬਣ ਰਹੇ ਹਨ। 

ਭਾਜਪਾ ਦੇ ਝੂਠ ਨੂੰ ਮਹਾਭਾਰਤ ਦੇ ਹਵਾਲਿਆਂ ਨਾਲ ਦਿ੍ਰਸ਼ਟੀਮਾਣ ਕਰਦਿਆਂ ਉਨ੍ਹਾਂ ਕਿਹਾ ਕਿ ਤੁਹਾਨੂੰ ਕਿਸਾਨ ਨੂੰ ਖਾਲਿਸਤਾਨੀ ਕਹਿਣ ਦੀ ਗ਼ਲਤੀ ਤੋਂ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ। ਮਹਾਭਾਰਤ ਦੇ ਪਾਤਰ ‘ਸੁਕਨੀ’ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸੁਕਨੀ ਨੂੰ ਝੂਠਾ ਕਹਿ ਕੇ ਲੋਕ ਦੁਰਕਾਰ ਦਿੰਦੇ ਹਨ, ਇਹੋ ਹਾਲਤ ਭਾਜਪਾ ਦੀ ਹੋਣ ਵਾਲੀ ਹੈ। ਕਿਸਾਨਾਂ ਨੂੰ ਖਾਲਿਸਤਾਨੀ ਕਹਿਣ ਦੀ ਭਾਜਪਾ ਦੀ ਗ਼ਲਤੀ ਨੂੰ ਮਹਾਭਾਰਤ, ਕੁਰਾਨ ਸ਼ਰੀਫ਼ ਸਮੇਤ ਹੋਰ ਇਤਿਹਾਸਕ ਤੇ ਮਿਥਿਹਾਸ ਗੰੰ੍ਰਥਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਅਜਿਹੀਆਂ ਗ਼ਲਤੀਆਂ ਕਰ ਰਹੀ ਹੈ, ਜਿਸ ਦੀ ਨਾ ਹੀ ਮੁਆਫ਼ੀ ਹੈ ਅਤੇ ਨਾ ਹੀ ਪਛਤਾਵਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ 13,500 ਪੰਚ, ਸਰਪੰਚ ਹਨ, 10 ਹਜ਼ਾਰ ਦੇ ਕਰੀਬ ਨੰਬਰਦਾਰ ਹਨ, ਮਿਊਂਸਪਲ ਕਮੇਟੀਆਂ ਦੇ ਨਗਰ ਕੌਂਸਲਾਂ, ਬਲਾਕ ਸੰਮਤੀਆਂ ਦੇ ਹਜ਼ਾਰਾਂ ਚੁਣੇ ਹੋਏ ਮੈਂਬਰ ਹਨ। ਉਹ ਸਾਰੇ ਕਿਸਾਨਾਂ ਦੇ ਧਰਦਿਆਂ ’ਚ ਸ਼ਾਮਲ ਹਨ ਜਿਨ੍ਹਾਂ ਵਿਚੋਂ ਕੋਈ ਵੀ ਖਾਲਿਸਤਾਨੀ ਨਹੀਂ ਹੈ। ਜੇਕਰ ਇਨ੍ਹਾਂ ਵਿਚੋਂ ਕੋਈ ਵੀ ਖਾਲਿਸਤਾਨੀ ਨਹੀਂ ਹੈ ਤਾਂ ਫਿਰ ਕਿਸਾਨਾਂ ਅੰਦਰ ਖਾਲਿਸਤਾਨੀ ਕਿਥੋਂ ਆ ਗਏ ਹਨ? ਦੀਪ ਸੰਧੂ ਨੂੰ ਖਾਲਿਸਤਾਨੀ ਕਹਿਣ ’ਤੇ ਤੰਜ ਕਸਦਿਆਂ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਹੋਣ ’ਤੇ ਕਿਤੇ ਇਸ ਦੀ ਪੈੜ ਸੰਨੀ ਦਿਓਲ ਤਕ ਨਾ ਪਹੰੁਚ ਜਾਵੇ। ਉਥੇ ਤਾਂ ਬੀਬੀ ਹੇਮਾ ਮਾਲਨੀ ਵੀ ਬੈਠ ਹਨ, ਭੈਣ ਜੀ ਪ੍ਰਕਾਸ਼ ਕੌਰ ਵੀ ਹਨ, ਸਤਿਕਾਰਯੋਗ ਧਰਮਿੰਦਰ ਸਾਹਿਬ ਵੀ ਉਥੇ ਹੀ ਹਨ, ਕਿਤੇ ਦੀਪ ਸਿੱਧੂ ਉਥੋਂ ਤਾਂ ਟ੍ਰੇਨਿੰਗ ਲੈ ਕੇ ਨਹੀਂ ਆਇਆ? ਇਹ ਵੀ ਸਵਾਲ ਖੜ੍ਹਾ ਹੋ ਸਕਦਾ ਹੈ।

ਸੰਵਿਧਾਨ ਦੀ ਸਰਬਉਚਤਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਖੁਦ ਤਿੰਨ ਚਾਰ ਵਾਰ ਐਮ.ਪੀ. ਰਿਹਾ ਹਾਂ, ਯੂ.ਪੀ. ਵਿਚ ਵਿਧਾਇਕ ਵਜੋਂ ਸਹੁੰ ਖਾਧੀ, ਦੋ ਵਾਰ ਕੇਂਦਰੀ ਮੰਤਰੀ ਵਜੋਂ ਸਹੁੰ ਖਾਧੀ, ਮੈਂ ਮਨਿਊਰਟੀ ਕਮਿਸ਼ਨ ਦੇ ਮੈਂਬਰ ਵਜੋਂ ਵੀ ਸਹੁੰ ਖਾਧੀ, ਪਰ ਮੈਂ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਵੀ ਮੇਰੇ ਤੋਂ ਵੱਡੇ ਅਹੁਦਿਆਂ ’ਤੇ ਸਹੁੰ ਖਾਧੀ ਹੈ, ਪਰ ਇਸ ’ਤੇ ਕਿੰਨਾ ਨਿਭੇ ਹੋ, ਇਸ ਲਈ ਅਪਣੀ ਅੰਤਰ ਆਤਮਾ ’ਤੇ ਝਾਤ ਮਾਰੋ। ਉਨ੍ਹਾਂ ਕਿਹਾ ਕਿ ਸਹੁੰ ਚੁੱਕਣ ਵੇਲੇ ਕਿਹਾ ਜਾਂਦਾ ਹੈ, ‘‘ਮੈਂ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਜਾਣ ਦੇ ਸਹੁੰ ਖਾਦਾ ਹਾਂ ਕਿ ਮੈਂ ਭਾਰਤ ਦੀ ਏਕਤਾ ਅਖੰਡਤਾ ਨੂੰ ਕਾਇਮ ਰੱਖਾਂਗਾ, ਮੈਂ ਭਾਰਤ ਦੇ ਲੋਕਾਂ ’ਚੋਂ ਮੱਤਭੇਦ ਦੂਰ ਕਰ ਕੇ ਸਦਭਾਵਨਾ ਵਾਲਾ ਮਾਹੌਲ ਪੈਦਾ ਕਰਾਂਗਾ...ਪਰ ਹੁਣ ਹੋ ਕੀ ਰਿਹਾ ਹੈ? ਤੁਸੀਂ ਤਾਂ ਵਿਧਾਨ ਦੀ ਚੁੱਕੀ ਸਹੁੰ ਨੂੰ ਤੋੜੀ ਜਾ ਰਹੇ ਹੋ। ਕਿਸਾਨਾਂ ’ਤੇ ਤੋਹਮਤ ਨੂੰ ਅਹਿਸਾਨ-ਫਰੋਸੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸੇ ਸਮੇਂ ਦੇਸ਼ ਅੰਨ ਦੇ ਦਾਣੇ-ਦਾਣੇ ਲਈ ਬਾਹਰਲੇ ਦੇਸ਼ਾਂ ਦਾ ਮੁਥਾਜ ਸੀ, ਪਰ ਕਿਸਾਨਾਂ ਦੀ ਬਦੌਲਤ ਭਾਰਤ ਅਨਾਜ ਪੱਖੋਂ ਆਤਮ ਨਿਰਭਰ ਹੀ ਨਹੀਂ ਹੋਇਆ ਸਗੋਂ ਬਾਹਰ ਅਨਾਜ ਭੇਜਣ ਦੇ ਯੋਗ ਬਣਿਆ। ਅਪਣੇ ਖੁਰਾਕ ਮੰਤਰੀ ਦੇ ਅਹੁਦੇ ’ਤੇ ਤੈਨਾਤੀ ਵੇਲੇ ਦਾ ਵਾਕਿਆ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਮੇਰੇ ਕਾਰਜਕਾਲ ਦੌਰਾਨ ਅਸੀਂ ਆਸਟ੍ਰੇਲੀਆ ਰਾਹੀਂ 20 ਮਿਲੀਅਨ ਟਨ ਕਣਕ ਵੇਚੀ ਸੀ ਜੋ ਕਿਸਾਨਾਂ ਦੀ ਬਦੌਲਤ ਹੀ ਸੰਭਵ ਹੋ ਸਕਿਆ ਸੀ।

ਚੁਣੇ ਹੋਏ ਸੰਸਦ ਮੈਂਬਰਾਂ ਨੂੰ ਅੰਦਰ ਸੰਸਦ ਅੰਦਰ ਜਾਣ ਦੀ ਇਜਾਜ਼ਤ ਨਾ ਦੇਣ ਸਮੇਤ ਅੱਜ ਹੋ ਰਹੀਆਂ ਸੰਵਿਧਾਨਕ ਭੁੱਲਾਂ ਸਬੰਧੀ ਪੁਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਇਕ ਗ਼ਲਤੀ ਨੂੰ ਲੁਕਾਉਣ ਦਾ ਯਤਨ ਕਰਦੇ ਹੋ ਤਾਂ ਤੁਹਾਡੇ ਤੋਂ 10 ਹੋਰ ਗ਼ਲਤੀਆਂ ਹੋ ਜਾਂਦੀਆਂ ਹਨ। ਫਿਰ ਉਹ ਗ਼ਲਤੀਆਂ ਦੇ ਪੁਲੰਦੇ ਤੋਂ ਬਾਅਦ ਵੱਡਾ ਗੁਨਾਹ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਸਰਾਸਰ ਧੱਕਾ ਤੇ ਕੁਫਰ ਹੈ, ਜੋ ਇਹ ਅਪਣੀਆਂ ਗ਼ਲਤੀਆਂ ਛੁਪਾਉਣ ਲਈ ਚੁਣੇ ਹੋਏ ਲੋਕ-ਨੁਮਾਇੰਦਿਆਂ ਨੂੰ ਅੰਦਰ ਨਾ ਆਉਣ ਦਾ ਫੁਰਮਾਨ ਜਾਰੀ ਕਰ ਕੇ ਤੋਲ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਹ ਸਭ ਅਪਣੇ ਗੁਨਾਹਾਂ ਨੂੰ ਬੇਪਰਦ ਹੋਣ ਤੋਂ ਬਚਾਉਣ ਲਈ ਕਰ ਰਹੀ ਹੈ ਜੋ ਲੋਕਰਾਜੀ ਮਰਿਆਦਾ ਦੀ ਉਲੰਘਣਾ ਹੈ। ਕਿਸਾਨੀ ਧਰਨੇ ਨਾਲ 26 ਜਨਵਰੀ ਵਾਲੀ ਘਟਨਾ ਸਬੰਧੀ ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਲੋਕਰਾਜ ਤੋਂ ਤਿਲਕ ਜਾਂਦੇ ਹੋ ਤਾਂ ਵੱਡੀਆਂ ਗ਼ਲਤੀਆਂ ਕਰਨ ਲੱਗਦੇ ਹੋਏ। ਉਨ੍ਹਾਂ ਅਖਿਲੇਸ਼ ਯਾਦਵ ਸਮੇਤ ਭਾਰਤ ਦੇ ਸਮੂਹ ਸਿਆਸੀ ਆਗੂਆਂ ਨੂੰ ਅਪੀਲ ਕੀਤੀ ਕਿ ਭਾਰਤ ਵਰਸ਼ ਦੀਆਂ ਜਿੰਨੀਆਂ ਵੀ ਚੋਣ ਕਮਿਸ਼ਨ ਕੋਲ ਰਜਿਸਟਰ ਪਾਰਟੀਆਂ ਹਨ, ਉਨ੍ਹਾਂ ਦੇ ਸਮੂਹ ਨੁਮਾਇੰਦੇ ਨੂੰ ਇਕੱਠੇ ਹੋ ਕੇ ਹਰ ਵਰਗ ਦੇ ਸਾਥ ਨਾਲ ਕੇਂਦਰ ਸਰਕਾਰ ਦੇ ਕੋਰੇ ਝੂਠ ਤੋਂ ਪਰਦਾ ਚੁੱਕਣ ਲਈ ਇਕਜੁਟ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ।  ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ’ਤੇ ਅੱਜ ਹੋਏ ਹਮਲੇ ਅਤੇ ਉਨ੍ਹਾਂ ਵਲੋਂ ਇਸ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਣ ’ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਹੁਣ ਜੰੁਡਲੀ ਦੇ ਯਾਰ ਇਕ-ਦੂਜੇ ਦੇ ਪੋਤੜੇ ਫਰੋਲਣ ਲੱਗੇ ਹਨ, ਜੋ ਵਧੀਆ ਗੱਲ ਹੈ।