NASA ਦੇ ਰਿਹੈ ਨੌਕਰੀ - ਦੋ ਮਹੀਨੇ ਬਿਸਤਰੇ 'ਤੇ ਸੁੱਤੇ ਰਹਿਣ ਦੇ ਮਿਲਣਗੇ 13 ਲੱਖ ਰੁਪਏ
ਨਾਸਾ ਨੂੰ ਆਪਣੇ ਪ੍ਰਾਜੈਕਟ ਲਈ 24 ਵਾਲੰਟੀਅਰਾਂ ਦੀ ਲੋੜ
ਨਵੀਂ ਦਿੱਲੀ : ਜੇ ਤੁਸੀ ਆਪਣੀ ਨੌਕਰੀ ਤੋਂ ਕੁਝ ਦਿਨਾਂ ਦੀ ਛੁੱਟੀ ਲੈ ਕੇ ਸਿਰਫ਼ ਸੌਣ ਜਾਂ ਫਿਰ ਬਿਸਤਰ 'ਤੇ ਪਏ ਰਹਿਣ ਦੀ ਸੋਚ ਰਹੇ ਹੋ ਤਾਂ ਫਿਰ ਨਾਸਾ ਦਾ ਇਹ ਵਿਸ਼ੇਸ਼ ਆਫ਼ਰ ਤੁਹਾਡੇ ਲਈ ਹੀ ਹੈ। ਅਮਰੀਕੀ ਸਪੇਸ ਏਜੰਸੀ ਨਾਸਾ ਨੇ ਜੇ ਤੁਹਾਨੂੰ ਆਪਣੇ ਇਕ ਪ੍ਰਾਜੈਕਟ ਲਈ ਚੁਣ ਲਿਆ ਤਾਂ ਫਿਰ ਤੁਹਾਨੂੰ ਦੋ ਮਹੀਨੇ ਤਕ ਬਗੈਰ ਕੁਝ ਕੀਤੇ ਲੱਖਾਂ ਰੁਪਏ ਮਿਲਣਗੇ।
ਦਰਅਸਲ ਨਾਸਾ ਨੂੰ ਆਪਣੇ ਇਕ ਪ੍ਰਾਜੈਕਟ ਲਈ 24 ਵਾਲੰਟੀਅਰਾਂ ਦੀ ਲੋੜ ਹੈ ਅਤੇ ਲਗਭਗ 2 ਮਹੀਨੇ ਤਕ ਇਨ੍ਹਾਂ ਵਾਲੰਟੀਅਰਾਂ ਨੂੰ ਬੈਡ 'ਤੇ ਪਿਆ ਰਹਿਣਾ ਪਵੇਗਾ। ਨਾਸਾ ਇਸ ਪ੍ਰਾਜੈਕਟ ਲਈ ਹਰੇਕ ਵਾਲੰਟੀਅਰ ਨੂੰ 19 ਹਜ਼ਾਰ ਅਮਰੀਕੀ ਡਾਲਰ ਦੇਵੇਗੀ। ਜੇ ਇਸ ਰਕਮ ਨੂੰ ਭਾਰਤੀ ਮੁਦਰਾ 'ਚ ਤਬਦੀਲ ਕੀਤਾ ਜਾਵੇ ਤਾਂ ਇਹ ਲਗਭਗ 13 ਲੱਖ ਰੁਪਏ ਬਣਦੀ ਹੈ।
ਨਾਸਾ ਤੋਂ ਇਲਾਵਾ ਇਸ ਪ੍ਰਾਜੈਕਟ 'ਚ ਜਰਮਨੀ ਅਤੇ ਯੂਰਪ ਦੀਆਂ ਸਪੇਸ ਏਜੰਸੀਆਂ ਵੀ ਸ਼ਾਮਲ ਹਨ। ਨਾਸਾ, ਜਰਮਨੀ ਅਤੇ ਯੂਰੋਪੀਅਨ ਸਪੇਸ ਏਜੰਸੀ ਨੇ ਇਸ 'ਤੇ ਇਕ ਬਿਆਨ ਜਾਰੀ ਕੀਤਾ ਗਿਆ। ਇਸ ਬਿਆਨ 'ਚ ਕਿਹਾ ਗਿਆ ਹੈ, "ਸਾਨੂੰ ਸਤੰਬਰ ਤੋਂ ਦਸੰਬਰ ਤਕ ਕਲੋਨ 'ਚ ਹੋਣ ਵਾਲੀ ਇਕ ਬੈਡ ਰੈਸਟ ਸਟਡੀ ਲਈ ਟੈਸਟ ਪਰਸਨਜ਼ ਦੀ ਲੋੜ ਹੈ। ਇਨ੍ਹਾਂ ਲੋਕਾਂ ਨੂੰ 60 ਦਿਨ ਸਿਰਫ਼ ਲੇਟ ਕੇ ਗੁਜ਼ਾਰਨੇ ਹਨ।"
ਕੀ ਹੈ ਸਟਡੀ ਦਾ ਮਕਸਦ : ਬਿਆਨ 'ਚ ਦੱਸਿਆ ਗਿਆ ਹੈ ਕਿ ਇਸ ਸਟਡੀ ਤਹਿਤ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਜਦੋਂ ਸਰੀਰ 'ਤੇ ਕੋਈ ਭਾਰ ਨਹੀਂ ਹੁੰਦਾ ਤਾਂ ਸਰੀਰ ਕਿਵੇਂ ਬਦਲਦਾ ਹੈ ਅਤੇ ਬੈਡ ਰੈਸਟ ਇਸ ਸਥਿਤੀ ਨੂੰ ਕਾਫ਼ੀ ਪ੍ਰਭਾਵਤ ਕਰਦਾ ਹੈ। ਸਟਡੀ ਦੇ ਨਤੀਜਿਆਂ ਤੋਂ ਬਾਅਦ ਵਿਗਿਆਨੀ ਅਜਿਹੀ ਤਕਨੀਕ ਡਿਵੈਲਪ ਕਰਨਗੇ, ਜਿਸ ਨਾਲ ਪੁਲਾੜ ਯਾਤਰੀਆਂ 'ਤੇ ਵੇਟਲੈਸਨੈਸ ਮਤਲਬ ਭਾਰਹੀਨਤਾ ਦੇ ਨਾਕਾਰਾਤਮਕ ਪ੍ਰਭਾਵਾਂ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ। ਇਸ ਸਟਡੀ ਲਈ 12 ਮੁੰਡਿਆਂ ਅਤੇ 12 ਕੁੜੀਆਂ ਦੀ ਚੋਣ ਕੀਤੀ ਜਾਵੇਗੀ।
ਕਿਵੇਂ ਹੋਵੇਗੀ ਸਟਡੀ? : ਵਾਲੰਟੀਅਰਾਂ ਨੂੰ ਦੋ ਮਹੀਨੇ ਇਕ ਸਿੰਗਲ ਰੂਮ 'ਚ ਰਹਿਣਾ ਪਵੇਗਾ ਪਰ ਉਹ ਸਾਰੇ ਗਰੁੱਪਾਂ 'ਚ ਵੰਡੇ ਹੋਣਗੇ। ਇਕ ਗਰੁੱਪ ਸੈਂਟਰਫ਼ਿਊਜ਼ 'ਚ ਲਗਾਤਾਰ ਘੁੰਮਦਾ ਰਹੇਗਾ। ਸੈਂਟਰਫ਼ਿਊਜ਼ ਇਕ ਤਰ੍ਹਾਂ ਦਾ ਆਰਟੀਫ਼ਿਸ਼ੀਅਲ ਗ੍ਰੈਵਿਟੀ ਚੈਂਬਰ ਹੈ ਜੋ ਖ਼ੂਨ ਦੇ ਬਹਾਅ ਨੂੰ ਹੱਥ-ਪੈਰ ਵੱਲ ਪੂਰੀ ਤਾਕਤ ਨਾਲ ਭੇਜਣ ਦਾ ਕੰਮ ਕਰੇਗਾ। ਦੂਜਾ ਗਰੁੱਪ ਅਜਿਹਾ ਹੋਵੇਗਾ ਜੋ ਬਿਲਕੁਲ ਵੀ ਮੂਵ ਨਹੀਂ ਕਰੇਗਾ।