ਭਾਰਤ ਦਾ ਇਕਲੌਤਾ ਪ੍ਰਾਈਵੇਟ ਹਸਪਤਾਲ ਜਿੱਥੇ ਦਿਲ ਦੀਆਂ ਬੀਮਾਰੀਆਂ ਦਾ ਹੁੰਦੈ ਮੁਫ਼ਤ ਇਲਾਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਸਪਤਾਲ ਦੇ ਸ਼ੁਰੂ ਹੋਣ ਤੋਂ ਬਾਅਦ ਹੁਣ ਤਕ 4500 ਬੱਚਿਆਂ ਦੇ ਦਿਲ ਦਾ ਆਪ੍ਰੇਸ਼ਨ ਹੋ ਚੁੱਕਾ ਹੈ।

Child Heart Care Free of Cost, Sri Sathya Sai Sanjeevani Hospital, Chhattisgarh

ਰਾਏਪੁਰ : ਦਿਲ ਦੀ ਬੀਮਾਰੀ ਦਾ ਇਲਾਜ ਬਹੁਤ ਮਹਿੰਗਾ ਹੁੰਦਾ ਹੈ। ਦਿਲ ਦੀਆਂ ਬੀਮਾਰੀਆਂ ਨਾਲ ਪੀੜਤ ਲੋਕ ਲੱਖਾਂ ਰੁਪਏ 'ਚ ਹੋਣ ਵਾਲੇ ਇਲਾਜ ਲਈ ਆਪਣੀ ਸਾਰੀ ਜਾਇਦਾਦ ਤਕ ਦਾਅ 'ਤੇ ਲਗਾ ਦਿੰਦੇ ਹਨ। ਪਰ ਜਿਹੜੇ ਲੋਕ ਆਪਣੇ ਦਿਲ ਦਾ ਇਲਾਜ ਲਈ ਕਰਵਾਉਣ 'ਚ ਸਮਰੱਥ ਨਹੀਂ ਹਨ, ਉਨ੍ਹਾਂ ਲਈ ਭਾਰਤ ਦਾ ਇਕਲੌਤਾ ਅਜਿਹਾ ਹਸਪਤਾਲ ਹੈ, ਜਿਥੇ ਦਿਲ ਦੀਆਂ ਗੰਭੀਰ ਬੀਮਾਰੀਆਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਥੇ ਸਿਰਫ਼ ਬੱਚਿਆਂ ਦਾ ਇਲਾਜ ਮੁਫ਼ਤ ਹੁੰਦਾ ਹੈ। ਦਿਲ ਦੀ ਜਾਂਚ ਤੋਂ ਲੈ ਕੇ ਆਪ੍ਰੇਸ਼ਨ ਤਕ, ਸੱਭ ਕੁਝ ਮੁਫ਼ਤ ਕੀਤਾ ਜਾਂਦਾ ਹੈ। ਇਥੇ ਸਿਰਫ਼ ਭਾਰਤ ਤੋਂ ਹੀ ਨਹੀਂ, ਸਗੋਂ ਵਿਦੇਸ਼ ਤੋਂ ਵੀ ਲੋਕ ਇਲਾਜ ਲਈ ਆਉਂਦੇ ਹਨ।

ਇਸ ਹਸਪਤਾਲ ਦਾ ਨਾਮ ਸ੍ਰੀ ਸੱਤ ਸਾਈਂ ਸੰਜੀਵਨੀ ਹਸਪਤਾਲ ਹੈ, ਜੋ ਛੱਤੀਸਗੜ ਦੇ ਨਵਾਂ ਰਾਏਪੁਰ 'ਚ ਹੈ । ਦਿਲਚਸਪ ਗੱਲ ਇਹ ਹੈ ਕਿ ਇਸ ਹਸਪਤਾਲ ਵਿਚ ਕੈਸ਼ ਕਾਊਂਟਰ ਤਕ ਨਹੀਂ ਹੈ । ਇਥੇ ਮਰੀਜ਼ਾਂ ਅਤੇ ਤੀਮਾਰਦਾਰਾਂ ਲਈ ਮੁਫ਼ਤ ਭੋਜਨ ਅਤੇ ਰਿਹਾਇਸ਼ ਦੀ ਵਿਵਸਥਾ ਕੀਤੀ ਗਈ ਹੈ। 100 ਬੈਡਾਂ ਵਾਲੇ ਇਸ ਹਸਪਤਾਲ ਦੀ ਸਥਾਪਨਾ ਨਵੰਬਰ 2012 'ਚ ਹੋਈ ਸੀ। ਪਹਿਲਾਂ ਇਥੇ ਹਰੇਕ ਉਮਰ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਸੀ, ਪਰ ਫ਼ਰਵਰੀ 2014 ਤੋਂ ਇਸ ਨੂੰ ਚਾਈਲਡ ਹਾਰਟ ਕੇਅਰ ਸੈਂਟਰ 'ਚ ਬਦਲ ਦਿੱਤਾ ਗਿਆ। ਉਦੋਂ ਤੋਂ ਇਹ ਹਸਪਤਾਲ ਬੱਚਿਆਂ ਦੇ ਦਿਲ ਦੀ ਦੇਖਰੇਖ ਕਰ ਰਿਹਾ ਹੈ। 

ਇਸ ਹਸਪਤਾਲ 'ਚ ਬੱਚਿਆਂ ਦੇ ਦਿਲ ਦੇ ਰੋਗਾਂ ਦੇ 25 ਤਰ੍ਹਾਂ ਦੇ ਆਪ੍ਰੇਸ਼ਨ ਕੀਤੇ ਜਾਂਦੇ ਹਨ। ਨਿੱਜੀ ਹਸਪਤਾਲਾਂ 'ਚ ਇਸ ਦਾ ਖ਼ਰਚਾ 3 ਤੋਂ 15 ਲੱਖ ਰੁਪਏ ਆਉਂਦਾ ਹੈ ਪਰ ਇਥੇ ਇਹ ਸਾਰੇ ਇਲਾਜ ਮੁਫ਼ਤ ਹਨ। ਇਥੇ ਡਾਕਟਰਾਂ ਦੀ ਵਧੀਆ ਟੀਮ ਹੈ, ਜੋ ਇਕ ਦਿਨ 'ਚ ਘੱਟੋ-ਘੱਟ 5 ਆਪ੍ਰੇਸ਼ਨ ਕਰਦੇ ਹਨ, ਜਿਨ੍ਹਾਂ 'ਚ 3 ਆਪ੍ਰੇਸ਼ਨ ਓਪਨ ਹਾਰਟ ਸਰਜਰੀ ਦੇ ਹੁੰਦੇ ਹਨ।

ਹਸਪਤਾਲ ਦੇ ਸ਼ੁਰੂ ਹੋਣ ਤੋਂ ਬਾਅਦ ਹੁਣ ਤਕ 4500 ਬੱਚਿਆਂ ਦੇ ਦਿਲ ਦਾ ਆਪ੍ਰੇਸ਼ਨ ਹੋ ਚੁੱਕਾ ਹੈ। ਇਥੇ ਦੇਸ਼ ਦੇ 28 ਸੂਬਿਆਂ ਤੋਂ ਇਲਾਵਾ 9 ਹੋਰ ਦੇਸ਼ਾਂ ਦੇ ਲੋਕ ਆ ਚੁੱਕੇ ਹਨ। ਸ੍ਰੀ ਸੱਤ ਸਾਈਂ ਸੰਜੀਵਨੀ ਹਸਪਤਾਲ 'ਚ ਫ਼ਿਜੀ ਦੇ 2, ਪਾਕਿਸਤਾਨ ਦੇ 9, ਬੰਗਲਾਦੇਸ਼ ਦੇ 11, ਨਾਈਜ਼ੀਰੀਆ ਦੇ 8, ਨੇਪਾਲ ਅਤੇ ਸ੍ਰੀਲੰਕਾ ਦੇ 5-5, ਅਫ਼ਗ਼ਾਨਿਸਤਾਨ ਦੇ 2 ਅਤੇ ਲਾਈਬੇਰੀਆ ਤੇ ਯਮਨ ਦੇ 1-1 ਬੱਚੇ ਦਾ ਦਿਲ ਦਾ ਇਲਾਜ ਕੀਤਾ ਗਿਆ ਹੈ। ਇਥੇ 0-18 ਸਾਲ ਉਮਰ ਤਕ ਦੇ ਬੱਚਿਆਂ ਦੇ ਦਿਲ ਦਾ ਇਲਾਜ ਕੀਤਾ ਜਾਂਦਾ ਹੈ। 

ਇਸ ਹਸਪਤਾਲ ਦੀ ਇਕ ਹੋਰ ਖਾਸ ਗੱਲ ਹੈ, ਜੋ ਲੋਕਾਂ ਨੂੰ ਬਹੁਤ ਆਕਰਸ਼ਤ ਕਰਦੀ ਹੈ, ਉਹ ਹੈ ਇਸ ਦਾ ਆਕਾਰ। ਇਹ ਹਸਪਤਾਲ ਦਿਲ ਦੇ ਆਕਾਰ ਵਿਚ ਬਣਿਆ ਹੋਇਆ ਹੈ। ਦਿਲ ਦੇ ਆਕਾਰ ਵਾਲੇ 30 ਏਕਡ਼ ਵਿਚ ਫੈਲੇ ਇਸ ਹਸਪਤਾਲ ਭਵਨ ਵਿਚ ਸਤਿਆ ਸਾਈਂ ਸੌਭਾਗਿਅਮ ਅਤੇ ਨਰਸਿੰਗ ਕਾਲਜ ਵੀ ਹੈ। ਸਤਿਆ ਸਾਈਂ ਸੌਭਾਗਿਅਮ ਵਿਚ ਕਲਾ, ਸੰਸਕ੍ਰਿਤੀ, ਸਿਖਿਆ ਅਤੇ ਸਮਾਜਕ ਵਿਕਾਸ ਦੇ ਪ੍ਰੋਗਰਾਮ ਹੁੰਦੇ ਰਹਿੰਦੇ ਹਨ। ਇਥੇ ਦਾ ਸਟਾਫ ਇਸ ਨੂੰ ਹਸਪਤਾਲ ਨਹੀਂ ਸਗੋਂ 'ਟੈਂਪਲ ਆਫ਼ ਹੀਲਿੰਗ' ਕਹਿੰਦਾ ਹੈ ਅਤੇ ਇਸ ਨੂੰ ਮੰਦਰ ਦੀ ਤਰ੍ਹਾਂ ਹੀ ਪੂਜਿਆ ਜਾਂਦਾ ਹੈ। ਹਸਪਤਾਲ ਦਾ ਨਿਯਮ ਹੈ ਕਿ ਰੋਜ਼ ਸਵੇਰੇ ਜਿਨ੍ਹਾਂ ਬੱਚਿਆਂ ਦਾ ਆਪਰੇਸ਼ਨ ਹੁੰਦਾ ਹੈ, ਉਨ੍ਹਾਂ ਲਈ ਅਰਦਾਸ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੀ ਲਿਸਟ ਦੇਸ਼-ਵਿਦੇਸ਼ ਵਿਚ ਫੈਲੇ ਲੱਖਾਂ ਸਮਰਥਕਾਂ ਨੂੰ ਭੇਜੀ ਜਾਂਦੀ ਹੈ, ਜਿਸ ਦੇ ਨਾਲ ਉਹ ਵੀ ਅਰਦਾਸ ਵਿਚ ਸ਼ਾਮਲ ਹੋ ਸਕਣ।