ਯੂਪੀ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀ ਪਾਉਣਗੇ ਖਾਦੀ ਦੀ ਵਰਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਫ਼ਿਲਹਾਲ ਚਾਰ ਜ਼ਿਲ੍ਹਿਆਂ ਵਿਚ ਲਾਗੂ ਕੀਤਾ ਗਿਐ ਇਹ ਪ੍ਰਾਜੈਕਟ

UP's school children will be seen now in Khadi

ਲਖਨਊ : ਨੇਤਾਵਾਂ ਦੀ ਪਛਾਣ ਬਣ ਚੁੱਕੀ ਖਾਦੀ ਹੁਣ ਉਤਰ ਪ੍ਰਦੇਸ਼ ਦੇ ਸਰਕਾਰੀ ਸਕੂਲ ਦੇ ਬੱਚਿਆਂ ਦੀ ਵਰਦੀ ਵੀ ਬਣੇਗੀ। ਫ਼ਿਲਹਾਲ ਮੌਜੂਦਾ ਸੈਸ਼ਨ ਵਿਚ ਚਾਰ ਜ਼ਿਲ੍ਹਿਆਂ ਦੇ ਛੇ ਬਲਾਕਾਂ ਦੇ ਪ੍ਰਾਇਮਰੀ ਸਕੂਲਾਂ ਵਿਚ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਇਸ ਨੂੰ ਲਾਗੂ ਕੀਤਾ ਗਿਆ ਹੈ। ਇਸ ਦੇ ਸਫ਼ਲ ਹੋਣ ਤੋਂ ਬਾਅਦ ਅਗਲੇ ਸਾਲੇ ਤੋਂ ਇਸ ਨੂੰ ਪੂਰੇ ਸੂਬੇ ਦੇ ਸਾਰੇ ਸਕੂਲਾਂ ਵਿਚ ਲਾਗੂ ਕਰ ਦਿਤਾ ਜਾਵੇਗਾ ਅਤੇ ਸਾਰੇ ਬੱਚੇ ਖਾਦੀ ਨੇ ਬਣੀ ਵਰਦੀ ਵਿਚ ਨਜ਼ਰ ਆਉਣਗੇ।

ਉਤਰ ਪ੍ਰਦੇਸ਼ ਦੇ ਖਾਦੀ ਵਿਭਾਗ ਦੇ ਮੁੱਖ ਸਕੱਤਰ ਨਵਨੀਤ ਸਹਿਗਲ ਨੇ ਦਸਿਆ ਕਿ ਸੂਬਾ ਸਰਕਾਰ ਵਿਚ ਪਹਿਲੀ ਵਾਰ ਪਾਇਲਟ ਪ੍ਰਾਜੈਕਟ ਦੇ ਰੂਪ ਵਿਚ ਸੂਬੇ ਦੇ ਚਾਰ ਜ਼ਿਲ੍ਹਿਆਂ ਲਖਨਊ, ਸੀਤਾਪੁਰ, ਬਹਿਰਾਈਚ ਅਤੇ ਮਿਰਜ਼ਾਪੁਰ ਵਿਚ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਖਾਦੀ ਦੀ ਵਰਦੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਸੂਬਾ ਸਰਕਾਰ ਪ੍ਰਾਇਮਰੀ ਅਤੇ ਹਾਈ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਹਰ ਸਾਲ ਵਰਦੀ ਦੇ ਦੋ ਸੈਟ ਦਿੰਦੀ ਹੈ। ਇਸ ਵਾਰ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਚਾਰ ਜ਼ਿਲ੍ਹਿਆਂ ਦੇ ਛੇ ਬਲਾਕ ਵਿਚ ਬੇਸਿਕ ਸਿਖਿਆ ਵਿਭਾਗ ਨੇ ਖਾਦੀ ਬੋਰਡ ਨੂੰ ਵਰਦੀ ਸਪਲਾਈ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ।

ਇਸ ਨਾਲ ਜਿਥੇ ਖਾਦੀ ਦੀ ਉਤਪਾਦਨ ਵਧੇਗਾ, ਉਥੇ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ। ਅਸਲ ਵਿਚ ਸਰਕਾਰ ਦੀ ਨਜ਼ਰ ਇਸ ਕਦਮ ਰਾਹੀਂ ਖਾਦੀ ਵਿਭਾਗ ਦੀ ਆਰਥਕ ਸਥਿਤੀ ਸੁਧਾਰ ਕੇ ਪੇਂਡੂ ਖੇਤਰਾਂ ਵਿਚ ਰੁਜ਼ਗਾਰ ਵਿਚ ਵਾਧਾ ਕਰਨ 'ਤੇ ਵੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਖਾਦੀ ਵਿਭਾਗ ਦੀ ਸਮੀਖਿਆ ਦੌਰਾਨ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਸੀ ਕਿ ਜੇ ਬੱਚਿਆਂ ਨੂੰ ਵੱਡੇ ਪੱਧਰ 'ਤੇ ਖਾਦੀ ਦੀ ਵਰਦੀ ਦਿਤੀ ਜਾਵੇ ਤਾਂ ਇਸ ਨਾਲ ਜਿਥੇ ਇਕ ਪਾਸੇ ਬੱਚਿਆਂ ਨੂੰ ਵਧੀਆ ਵਰਦੀ ਮਿਲੇਗੀ, ਉਥੇ ਲੋਕਾਂ ਵਿਚਾਲੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।