ਉਲੰਪਿਕ 'ਚ ਸੋਨ ਤਮਗ਼ਾ ਲਿਆਉਣ ਵਾਲੇ ਨੂੰ ਮਿਲਣਗੇ ਤਿੰਨ ਕਰੋੜ ਰੁਪਏ : ਦਿੱਲੀ ਸਰਕਾਰ
ਦਿੱਲੀ ਸਰਕਾਰ ਨੇ ਰਾਜਧਾਨੀ ਦੇ ਖਿਡਾਰੀਆਂ ਲਈ ਖ਼ਜ਼ਾਨਾ ਖੋਲ੍ਹ ਦਿਤਾ ਹੈ.........
ਨਵੀਂ ਦਿੱਲੀ : ਦਿੱਲੀ ਸਰਕਾਰ ਨੇ ਰਾਜਧਾਨੀ ਦੇ ਖਿਡਾਰੀਆਂ ਲਈ ਖ਼ਜ਼ਾਨਾ ਖੋਲ੍ਹ ਦਿਤਾ ਹੈ। ਹੁਣ ਉਲੰਪਿਕ 'ਚ ਸੋਨ ਤਮਗ਼ਾ ਜਿੱਤਣ ਵਾਲੇ ਦਿੱਲੀ ਦੇ ਖਿਡਾਰੀਆਂ ਨੂੰ ਸਰਕਾਰ ਤਿੰਨ ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦੇਵੇਗੀ। ਹੁਣ ਤਕ ਅਜਿਹੇ ਖਿਡਾਰੀਆਂ ਨੂੰ ਮਹਿਜ਼ ਇਕ ਕਰੋੜ ਰੁਪਏ ਦਿਤੇ ਜਾਂਦੇ ਸਨ। ਇਸੇ ਤਰ੍ਹਾਂ ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਖਿਡਾਰੀਆਂ ਨੂੰ ਦਿਤੀ ਜਾਣ ਵਾਲੀ ਇਸ ਰਾਸ਼ੀ ਨੂੰ 50 ਲੱਖ ਰੁਪਏ ਤੋਂ ਵਧਾ ਕੇ ਦੋ ਕਰੋੜ ਰੁਪਏ ਅਤੇ ਕਾਂਸੀ ਦਾ ਤਮਗ਼ਾ ਜਿੱੱਤਣ ਵਾਲੇ ਖਿਡਾਰੀਆਂ ਦੀ ਰਕਮ ਨੂੰ 30 ਲੱਖ ਤੋਂ ਵਧਾ ਕੇ ਇਕ ਕਰੋੜ ਰੁਪਏ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਦਿੱਲੀ ਮੰਤਰੀ ਮੰਡਲ ਦੀ ਮੀਟਿੰਗ 'ਚ ਖਿਡਾਰੀਆਂ ਨੂੰ ਦਿਤੀ ਜਾਣ ਵਾਲੀ ਸਨਮਾਨ ਰਾਸ਼ੀ 'ਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਗਿਆ। ਦਿੱਲੀ ਸਰਕਾਰ ਵਲੋਂ ਜਾਰੀ ਬਿਆਨ ਮੁਤਾਬਕ ਉਲੰਪਿਕ ਖੇਡਾਂ ਤੋਂ ਇਲਾਵਾ ਏਸ਼ੀਆਈ ਤੇ ਪੈਰਾ ਗੇਮਜ਼ 'ਚ ਸੋਨ ਤਮਗ਼ਾ ਜਿੱਤਣ ਵਾਲੇ ਖਿਡਾਰੀਆਂ ਨੂੰ ਹੁਣ 20 ਲੱਖ ਦੀ ਥਾਂ ਇਕ ਕਰੋੜ ਰੁਪਏ, ਚਾਂਦੀ ਦਾ ਤਮਗ਼ਾ ਜਿੱਤਣ ਵਾਲਿਆਂ ਨੂੰ 14 ਲੱਖ ਦੀ ਥਾਂ 75 ਲੱਖ ਰੁਪਏ ਅਤੇ ਕਾਂਸੀ ਦਾ ਤਮਗ਼ਾ ਜਿੱਤਣ ਵਾਲਿਆਂ ਨੂੰ 10 ਲੱਖ ਦੀ ਥਾਂ 50 ਲੱਖ ਰੁਪਏ ਦੀ ਸਨਮਾਨ ਰਾਸ਼ੀ ਦਿਤੀ ਜਾਵੇਗੀ।
ਇਸੇ ਤਰ੍ਹਾਂ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗ਼ਾ ਜਿੱਤਣ ਵਾਲੇ ਖਿਡਾਰੀਆਂ ਨੂੰ 14 ਲੱਖ ਦੀ ਥਾਂ 50 ਲੱਖ ਰੁਪਏ, ਚਾਂਦੀ ਦਾ ਤਮਗ਼ਾ ਜਿੱਤਣ ਵਾਲਿਆਂ ਨੂੰ 10 ਲੱਖ ਦੀ ਥਾਂ 40 ਲੱਖ ਰੁਪਏ ਅਤੇ ਕਾਂਸੀ ਦਾ ਤਮਗ਼ਾ ਜਿੱਤਣ ਵਾਲੇ ਖਿਡਾਰੀਆਂ ਨੂੰ 6 ਲੱਖ ਦੀ ਥਾਂ 30 ਲੱਖ ਰੁਪਏ ਦੀ ਸਨਮਾਨ ਰਾਸ਼ੀ ਦਿਤੀ ਜਾਵੇਗੀ। ਖਿਡਾਰੀਆਂ ਲਈ ਸ਼ਰਤ ਰੱਖੀ ਗਈ ਹੈ ਕਿ ਘੱਟੋ-ਘੱਟ ਤਿੰਨ ਸਾਲ ਤੋਂ ਦਿੱਲੀ 'ਚ ਰਹਿਣ ਵਾਲੇ ਖਿਡਾਰੀ ਹੀ ਇਸ ਇਲਾਮ ਦੇ ਹੱਕਦਾਰ ਹੋਣਗੇ। ਇਸ ਦੇ ਨਾਲ ਹੀ ਸਰਕਾਰ ਨੇ ਕੋਚਾਂ ਨੂੰ ਦਿਤੀ ਜਾਣ ਵਾਲੀ ਰਾਸ਼ੀ 'ਚ ਵੀ ਵਾਧੇ ਦਾ ਐਲਾਨ ਕੀਤਾ ਹੈ। (ਏਜੰਸੀ)