ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰੀ ਰਿਹਾਇਸ਼ੀ 'ਚ ਲੱਗੀ ਅੱਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਗ 'ਤੇ ਤੁਰਤ ਪਾਇਆ ਕਾਬੂ, ਨੁਕਸਾਨ ਤੋਂ ਬਚਾਅ

file photo

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰੀ ਰਿਹਾਇਸ਼ 'ਚ ਅੱਗ ਲੱਗਣ ਦੀ ਘਟਨਾ ਵਾਪਰਨ ਦਾ ਸਮਾਚਾਰ ਸਾਹਮਣੇ ਆਇਆ ਹੈ। ਨਵੀਂ ਦਿੱਲੀ ਵਿਖੇ 7 ਲੋਕ ਕਲਿਆਣ ਮਾਰਗ 'ਤੇ ਸਥਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰੀ ਰਿਹਾਇਸ਼ 'ਚ ਅੱਗ ਲੱਗਣ ਦੀ ਇਹ ਘਟਨਾ ਸ਼ਾਮੀਂ 7:25 'ਤੇ ਵਾਪਰੀ ਦੱਸੀ ਜਾ ਰਹੀ ਹੈ।

ਖ਼ਬਰਾਂ ਮੁਤਾਬਕ ਅੱਗ ਬੁਝਾਉਣ ਲਈ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਪਹੁੰਚੀਆਂ। ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ। ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਦੱਸੀ ਜਾ ਰਹੀ ਹੈ।

ਸੋਮਵਾਰ ਸ਼ਾਮ 7.25 ਵਜੇ ਵਾਪਰੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਸੂਤਰਾਂ ਅਨੁਸਾਰ ਇਹ ਮਾਮੂਲੀ ਅੱਗ ਸੀ, ਜਿਸ 'ਤੇ ਤੁਰਤ ਕਾਬੂ ਪਾ ਲਿਆ ਗਿਆ। ਸ਼ੁਰੂਆਤੀ ਜਾਣਕਾਰੀ ਮੁਤਾਬਿਕ ਪ੍ਰਧਾਨ ਮੰਤਰੀ ਦੇ ਸਕਿਊਰਿਟੀ ਦਫ਼ਤਰ 'ਚ ਰੱਖੇ ਇਨਵਰਟਰ 'ਚ ਅੱਗ ਲੱਗੀ ਸੀ।

ਅੱਗ ਲੱਗਣ ਦੀ ਸੂਚਨਾ ਮਿਲਦੇ ਸਾਰ ਹੀ ਪੂਰਾ ਸਥਾਨਕ ਪ੍ਰਸ਼ਾਸਨ ਤੁਰੰਤ ਹਰਕਤ ਵਿਚ ਆ ਗਿਆ। ਘਟਨਾ ਸਥਾਨ 'ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ।

ਘਟਨਾ ਵਾਲੀ ਥਾਂ 'ਤੇ ਫਾਇਰ ਬ੍ਰਿਗੇਡ ਦੇ ਨਾਲ-ਨਾਲ ਵੱਡੀ ਗਿਣਤੀ 'ਚ ਸੁਰੱਖਿਆ ਮੁਲਾਜ਼ਮ ਵੀ ਪਹੁੰਚੇ ਹੋਏ ਸਨ। ਖ਼ਬਰਾਂ ਮੁਤਾਬਕ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ ਤੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।