ਸੰਘ ਬੀਜਦਾ ਹੈ ਜ਼ਹਿਰ, ਸੱਦਾ ਮਿਲਣ 'ਤੇ ਨਹੀਂ ਜਾਣਗੇ ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਕੋਰ ਕਮੇਟੀ ਦੀ ਬੈਠਕ ਵਿਚ ਫ਼ੈਸਲਾ ਹੋਇਆ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸੱਦਾ ਮਿਲਣ 'ਤੇ ਸੰਘ ਦੇ ਸਮਾਗਮ ਵਿਚ ਨਹੀਂ ਜਾਣਗੇ............

Mallikarjun Kharge

ਨਵੀਂ ਦਿੱਲੀ : ਕਾਂਗਰਸ ਕੋਰ ਕਮੇਟੀ ਦੀ ਬੈਠਕ ਵਿਚ ਫ਼ੈਸਲਾ ਹੋਇਆ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸੱਦਾ ਮਿਲਣ 'ਤੇ ਸੰਘ ਦੇ ਸਮਾਗਮ ਵਿਚ ਨਹੀਂ ਜਾਣਗੇ। ਸੰਘ ਦਾ ਸਮਾਗਮ 17 ਤੋਂ 19 ਸਤੰਬਰ ਤਕ ਵਿਗਿਆਨ ਭਵਨ ਵਿਚ ਹੋ ਰਿਹਾ ਹੈ। ਰਾਹੁਲ ਦੇ ਸੰਘ ਦੇ ਸਮਾਗਮ ਵਿਚ ਜਾਣ 'ਤੇ ਸਹਿਮਤੀ ਨਹੀਂ ਬਣੀ। ਬਹੁਤੇ ਕਾਂਗਰਸ ਆਗੂਆਂ ਦਾ ਮੰਨਣਾ ਸੀ ਕਿ ਸੰਘ ਦੀ ਵਿਚਾਰਧਾਰਾ ਦੇਸ਼ ਅਤੇ ਦਲਿਤ ਵਿਰੋਧੀ ਹੈ ਅਤੇ ਉਹ ਸਮਾਜ ਵਿਚ ਜ਼ਹਿਰ ਦੇ ਬੀਜ ਬੀਜਣ ਦਾ ਕੰਮ ਕਰਦੀ ਹੈ। ਕਾਂਗਰਸੀ ਆਗੂਆਂ ਨੇ ਸਪੱਸ਼ਟ ਕਿਹਾ ਕਿ ਜੇ ਸੰਘ ਅਪਣੇ ਸਮਾਗਮ ਵਿਚ ਰਾਹੁਲ ਨੂੰ ਸੱਦਾ ਦਿੰਦਾ ਹੈ ਤਾਂ ਉਹ ਨਹੀਂ ਜਾਣਗੇ।

ਕਾਂਗਰਸ ਦੇ ਸੀਨੀਅਰ ਆਗੂ ਮਲਿਕਾਰੁਜਨ ਖੜਗੇ ਨੇ ਕਿਹਾ ਕਿ ਰਾਹੁਲ ਜਾਂ ਪਾਰਟੀ ਦੇ ਕਿਸੇ ਹੋਰ ਆਗੂ ਦੇ ਸੰਘ ਦੇ ਸਮਾਗਮ ਵਿਚ ਹਿੱਸਾ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਖੜਗੇ ਨੇ ਕਿਹਾ ਕਿ ਸੰਘ ਜ਼ਹਿਰ ਉਗਲਦਾ ਹੈ ਅਤੇ ਜ਼ਹਿਰ ਖਾਣ ਦਾ ਮਤਲਬ ਸੱਭ ਜਾਣਦੇ ਹਨ। ਕੋਰ ਕਮੇਟੀ ਦੀ ਬੈਠਕ ਵਿਚ ਮੌਜੂਦ ਅਹਿਮਦ ਪਟੇਲ, ਗ਼ੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ ਜਿਹੇ ਵੱਡੇ ਆਗੂਆਂ ਨੇ ਰਾਹੁਲ ਨੂੰ ਸੰਘ ਦੇ ਸਮਾਗਮ ਵਿਚ ਜਾਣ ਤੋਂ ਰੋਕਿਆ। ਸਾਰਿਆਂ ਦਾ ਮੰਨਣਾ ਸੀ ਕਿ ਸੰਘ ਨਾਲ ਕਾਂਗਰਸ ਦੀ ਵਿਚਾਰਧਾਰਕ ਲੜਾਈ ਹੈ ਅਤੇ ਇਸ ਦਾ ਕਾਰਕੁਨਾਂ ਤੇ ਲੋਕਾਂ ਤਕ ਗ਼ਲਤ ਸੁਨੇਹਾ ਜਾਵੇਗਾ।

ਬੈਠਕ ਵਿਚ ਪ੍ਰਣਬ ਮੁਖਰਜੀ ਦੀ ਬੇਟੀ ਸ਼ਰਮਿਠਾ ਮੁਖਰਜੀ ਦੇ ਉਸ ਬਿਆਨ ਦਾ ਵੀ ਜ਼ਿਕਰ ਹੋਇਆ ਕਿ ਉਸ ਨੇ ਅਪਣੇ ਪਿਤਾ ਨੂੰ ਕਿਹਾ ਸੀ ਕਿ ਤੁਸੀਂ ਇਕ ਵਾਰ ਉਥੇ ਜਾਉਗੇ ਤਾਂ ਤਸਵੀਰਾਂ ਸਦਾ ਲਈ ਰਹਿ ਜਾਣਗੀਆਂ। ਪਿਛਲੇ ਦਿਨੀਂ ਪ੍ਰਣਬ ਮੁਖਰਜੀ ਸੰਘ ਦੇ ਸਮਾਗਮ ਵਿਚ ਗਏ ਸਨ। ਸੰਘ ਦੇ ਕਾਰਕੁਨਾਂ ਨੇ ਰਾਹੁਲ ਵਿਰੁਧ ਮਹਾਰਾਸ਼ਟਰ ਵਿਚ ਮਾਣਹਾਨੀ ਦਾ ਕੇਸ ਵੀ ਪਾਇਆ ਹੋਇਆ ਹੈ। (ਏਜੰਸੀ)