ਤਣਾਅ-ਭਰੇ ਮਾਹੌਲ ਵਿਚ ਜੰਮੂ-ਕਸ਼ਮੀਰ ਦੇ ਹੋਏ ਦੋ ਟੋਟੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਸ਼ਮੀਰੀਆਂ ਨੇ ਕਿਹਾ-ਸਾਡੀ ਪਛਾਣ ਖੋਹ ਲਈ ਗਈ

Jammu & Kashmir bifurcated: India has one less state, gets two new Union Territories

ਨਵੀਂ ਦਿੱਲੀ : ਜੰਮੂ ਕਸ਼ਮੀਰ 31 ਅਕਤੂਬਰ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਤਬਦੀਲ ਹੋ ਗਿਆ ਜਦਕਿ ਕਸ਼ਮੀਰ ਘਾਟੀ ਵਿਚ ਪਿਛਲੇ 88 ਦਿਨਾਂ ਵਾਂਗ ਵੀਰਵਾਰ ਨੂੰ ਵੀ ਬੰਦ ਰਿਹਾ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜ ਵਿਚ ਲੱਗੇ ਰਾਸ਼ਟਰਪਤੀ ਸ਼ਾਸਨ ਨੂੰ ਖ਼ਤਮ ਕਰ ਦਿਤਾ ਹੈ ਅਤੇ ਰਾਜ ਦੀ ਵੰਡ ਕਰਕੇ ਬਣਾਏ ਗਏ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ-ਜੰਮੂ ਕਸ਼ਮੀਰ ਤੇ ਲਦਾਖ ਦਾ ਕੰਟਰੋਲ ਅਪਣੇ ਹੱਥਾਂ ਵਿਚ ਲੈ ਲਿਆ ਹੈ।

ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਤਬਦੀਲ ਕੀਤਾ ਗਿਆ ਹੈ। ਹੁਣ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਗਿਣਤੀ ਵੱਧ ਕੇ 9 ਹੋ ਗਈ ਹੈ ਜਦਕਿ ਰਾਜਾਂ ਦੀ ਗਿਣਤੀ ਘੱਟ ਕੇ 28 ਰਹਿ ਗਈ ਹੈ। ਜੰਮੂ ਕਸ਼ਮੀਰ ਦਾ ਉਪ ਰਾਜਪਾਲ ਗਿਰੀਸ਼ ਚੰਦਰ ਨੂੰ ਅਤੇ ਲਦਾਖ ਦਾ ਉਪ ਰਾਜਪਾ ਰਾਧਾ ਕ੍ਰਿਸ਼ਨ ਮਾਥੁਰ ਨੂੰ ਬਣਾਇਆ ਗਿਆ ਹੈ। ਜੰਮੂ ਕਸ਼ਮੀਰ ਦੀ ਮੁੱਖ ਜੱਜ ਗੀਤਾ ਮਿੱਤਲ ਨੇ ਪਹਿਲਾਂ ਲੇਹ ਵਿਚ ਮਾਥੁਰ ਨੂੰ ਅਤੇ ਬਾਅਦ ਵਿਚ ਗਿਰੀਸ਼ ਚੰਦਰ ਨੂੰ ਉਪ ਰਾਜਪਾਲ ਦੇ ਅਹੁਦੇ ਦੀ ਸਹੁੰ ਚੁਕਾਈ। ਕਸ਼ਮੀਰ ਘਾਟੀ ਵਿਚ ਇਕ ਹੋਰ ਦਿਨ ਬੰਦ ਰਿਹਾ ਅਤੇ ਹਾਲਾਤ ਤਣਾਅਪੂਰਨ ਰਹੇ। ਬਾਜ਼ਾਰ ਬੰਦ ਰਹੇ, ਸੜਕਾਂ ਸੁੰਨਸਾਨ ਰਹੀਆਂ ਅਤੇ ਬੱਚੇ ਸਕੂਲ ਨਹੀਂ ਗਏ।

ਸ੍ਰੀਨਗਰ ਸਿਵਲ ਲਾਈਜ਼ਨ ਇਲਾਕੇ ਦੇ ਵਾਸੀ ਨੇ ਕਿਹਾ, 'ਇਹ ਫ਼ੈਸਲਾ ਸਾਡੇ ਹਿਤਾਂ ਵਿਰੁਧ ਹੈ। ਉਨ੍ਹਾਂ ਸਾਡਾ ਵਿਸ਼ੇਸ਼ ਦਰਜਾ ਅਤੇ ਸਾਡੀ ਪਛਾਣ ਖੋਹ ਲਈ।' ਇਕ ਹੋਰ ਨਾਗਰਿਕ ਨੇ ਕਿਹਾ ਕਿ ਭਾਰਤ ਦਾ ਫ਼ੈਸਲਾ ਗ਼ੈਰਕਾਨੂੰਨੀ, ਅਨੈਤਿਕ ਅਤੇ ਅਸੰਵਿਧਾਨਕ ਹੈ। ਉਸ ਨੇ ਕਿਹਾ, 'ਭਾਰਤ ਧਾਰਾ 370 ਖ਼ਤਮ ਨਹੀਂ ਕਰ ਸਕਦਾ। ਇਹ ਮੁੱਦਾ ਸੰਯੁਕਤ ਰਾਸ਼ਟਰ ਵਿਚ ਹੈ।' ਸ੍ਰੀਨਗਰ ਵਿਚਾਲੇ ਪੈਂਦੇ ਪੋਲੋ ਗਰਾਊਂਡ ਲਾਗੇ ਬਾਜ਼ਾਰ ਵਿਚ ਕੋਈ ਦੁਕਾਨਦਾਰ ਨਹੀਂ ਸੀ। ਸੜਕ ਕੰਢੇ ਰੇਹੜੀ ਲਾਉਣ ਵਾਲੇ ਵੀ ਗ਼ਾÎਇਬ ਸਨ ਜਦਕਿ ਦੋ ਮਹੀਨਿਆਂ ਤੋਂ ਲਗਾਤਾਰ ਰੇਹੜੀਆਂ ਲਾ ਰਹੇ ਸਨ।