ਹਰਿਆਣੇ ਦੇ ਕਿਸਾਨ ਬਾਬੇ ਨੇ ਕਿਹਾ- ਦੇਸ਼ ਤਾਂ ਵੇਚ ਦਿੱਤਾ ਪਰ ਆਪਣੀ ਮਾਂ ਖੇਤੀ ਨਹੀਂ ਵਿਕਣ ਦਿੰਦੇ
ਹਰਿਆਣੇ ਦੇ ਕਿਸਾਨ ਬਾਬੇ ਨੇ ਉਡਾਈ ਮੋਦੀ ਸਰਕਾਰ ਦੀ ਖਿੱਲ੍ਹੀ
ਨਵੀਂ ਦਿੱਲੀ (ਹਰਦੀਪ ਸਿੰਘ ਭੌਗਲ): ਕਿਸਾਨੀ ਅੰਦੋਲਨ ਦੇ ਚਲਦਿਆਂ ਮੋਰਚੇ ਵਿਚ ਹਰ ਵਰਗ ਸ਼ਮੂਲੀਅਤ ਕਰ ਰਿਹਾ ਹੈ। ਇਸ ਦੌਰਾਨ ਹਰਿਆਣਾ ਸਮੇਤ ਹੋਰ ਸੂਬਿਆਂ ਦੇ ਕਿਸਾਨ ਵੀ ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ। ਹਰਿਆਣਾ ਤੋਂ ਦਲਿਤ ਤੇ ਪਿਛੜਾ ਵਰਗ ਸੰਘਰਸ਼ ਮੋਰਚਾ ਦੇ ਪ੍ਰਦੇਸ਼ ਪ੍ਰਧਾਨ
ਰਾਮ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਸੰਘਰਸ਼ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ। ਰਾਮ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਸੀ ਕਿ ਮੈਂ ਚੌਂਕੀਦਾਰ ਤੇ ਚਾਹ ਵੇਚਣ ਵਾਲਾ ਹਾਂ ਪਰ ਉਸ ਨੇ ਚਾਹ ਵੇਚਦੇ ਨੇ ਸਾਰਾ ਦੇਸ਼ ਹੀ ਵੇਚ ਦਿੱਤਾ। ਉਹਨਾਂ ਕਿਹਾ ਮੋਦੀ ਸਰਕਾਰ ਨੇ ਦੇਸ਼ ਤਾਂ ਵੇਚ ਦਿੱਤਾ ਪਰ ਅਸੀਂ ਖੇਤੀ ਨਹੀਂ ਵਿਕਣ ਦੇਵਾਂਗੇ ਕਿਉਂਕਿ ਖੇਤੀ ਸਾਡੀ ਮਾਂ ਹੈ।
ਰਾਮ ਸਿੰਘ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਛੇ ਮਹੀਨਿਆਂ ਤੱਕ ਵੀ ਫੈਸਲਾ ਨਹੀਂ ਸੁਣਾਇਆ ਤਾਂ ਕਿਸਾਨ ਉਦੋਂ ਤੱਕ ਵੀ ਬੈਠੇ ਰਹਿਣਗੇ। ਉਹਨਾਂ ਕਿਹਾ ਜੇ ਸਾਡੇ ਆਗੂਆਂ ਨੇ ਕਿਹਾ ਤਾਂ ਅਸੀਂ ਲਾਲ ਕਿਲੇ ਤੱਕ ਵੀ ਜਾਵਾਂਗੇ। ਉਹਨਾਂ ਦੱਸਿਆ ਕਿ ਪਿਛੜਾ ਵਰਗ ਵੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਇਹ ਪੰਜਾਬ ਦਾ ਹੀ ਨਹੀਂ ਪੂਰੇ ਦੇਸ਼ ਦਾ ਸੰਘਰਸ਼ ਹੈ ਤੇ ਹਰਿਆਣਾ ਇਸ ਸੰਘਰਸ਼ ਵਿਚ ਅਪਣੇ ਵੱਡੇ ਭਰਾ ਪੰਜਾਬ ਦਾ ਸਾਥ ਦੇ ਰਿਹਾ ਹੈ।
ਰਾਮ ਸਿੰਘ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਕਿਸੇ ਮੁੱਦੇ ‘ਤੇ ਬੋਲਦਾ ਹੈ ਤਾਂ ਉਸ ਨੂੰ ਖਾਲਿਸਤਾਨੀ ਕਿਹਾ ਜਾਂਦਾ ਹੈ ਜੇਕਰ ਮੁਸਲਿਮ ਬੋਲਦਾ ਹੈ ਤਾਂ ਉਸ ਨੂੰ ਪਾਕਿਸਤਾਨੀ ਕਿਹਾ ਜਾਂਦਾ ਹੈ। ਸਰਕਾਰ ਸੰਘਰਸ਼ ਨੂੰ ਤੋੜਨ ਲਈ ਚਾਲਾਂ ਚੱਲ ਰਹੀ ਹੈ ਪਰ ਇਹ ਸੰਘਰਸ਼ ਟੁੱਟਣ ਵਾਲਾ ਨਹੀਂ ਹੈ। ਉਹਨਾਂ ਕਿਹਾ ਸਰਕਾਰ ਪਾੜੋ ਤੇ ਰਾਜ ਕਰੋ ਦੀ ਨੀਤੀ ਲਾਗੂ ਕਰਨਾ ਚਾਹੁੰਦੀ ਹੈ। ਰਾਮ ਸਿੰਘ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਸ ਨੂੰ ਕਿਸਾਨਾਂ ਦੀ ਗੱਲ਼ ਮੰਨਣੀ ਚਾਹੀਦੀ ਹੈ ਨਹੀਂ ਤਾਂ ਉਹਨਾਂ ਦਾ ਹਾਲ ਹਿਟਲਰ ਵਾਲਾ ਹੋਵੇਗਾ।