ਪੰਜਾਬ ਅੰਦਰ ਕਾਨੂੰਨ ਵਿਵਸਥਾ ਬਦਤਰ ਤੋਂ ਮਹਾਬਦਤਰ ਹੋਈ : ਹਰਪਾਲ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਮੋਗਾ 'ਚ 2 ਸਾਲਾ ਬੱਚੀ ਨਾਲ ਬਲਾਤਕਾਰ ਦਾ ਮਾਮਲਾ

Harpal Cheema

ਚੰਡੀਗੜ੍ਹ : ਬਾਦਲਾਂ ਦੇ ਮਾਫ਼ੀਆ ਅਤੇ ਜੰਗਲੀ ਰਾਜ ਤੋਂ ਦੁਖੀ ਹੋ ਕੇ ਪੰਜਾਬ ਦੇ ਲੋਕਾਂ ਨੇ ਬੜੇ ਉਤਸ਼ਾਹ ਅਤੇ ਉਮੀਦਾਂ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਵਾਅਦਿਆਂ ਅਤੇ ਇਰਾਦਿਆਂ 'ਤੇ ਭਰੋਸਾ ਕੀਤਾ ਸੀ, ਪਰ ਕੈਪਟਨ ਅਮਰਿੰਦਰ ਸਿੰਘ ਆਪਣੇ ਢਾਈ ਸਾਲਾਂ ਦੇ ਰਾਜ ਦੌਰਾਨ ਬਾਦਲਾਂ ਤੋਂ ਵੀ ਗਏ-ਗੁਜ਼ਰੇ (ਨਖਿੱਧ) ਸਾਬਤ ਹੋਏ ਅਤੇ ਅੱਜ ਪੰਜਾਬ ਅੰਦਰ ਕਾਨੂੰਨ ਵਿਵਸਥਾ ਬਦਤਰ ਤੋਂ ਮਹਾਬਦਤਰ ਹੋ ਗਈ ਹੈ ਅਤੇ ਅਪਰਾਧੀ ਅਨਸਰ ਬੇਖ਼ੌਫ ਹੋ ਕੇ ਘਿਨਾਉਣੇ ਤੋਂ ਘਿਨਾਉਣੇ ਅਪਰਾਧਾਂ ਨੂੰ ਅੰਜਾਮ ਦੇ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕੀਤਾ। ਉਨ੍ਹਾਂ ਨੇ ਮੋਗਾ 'ਚ ਇਕ 2 ਸਾਲਾ ਬੱਚੀ ਨਾਲ ਇਕ ਦਰਿੰਦੇ ਅਪਰਾਧੀ ਵੱਲੋਂ ਕੀਤੇ ਗਏ ਜਬਰ ਜ਼ਿਨਾਹ 'ਤੇ ਬੇਹੱਦ ਦੁੱਖ ਅਤੇ ਅਫ਼ਸੋਸ ਪ੍ਰਗਟਾਇਆ।

ਚੀਮਾ ਨੇ ਕਿਹਾ ਕਿ ਪਹਿਲਾਂ ਧੂਰੀ, ਫਿਰ ਜਲੰਧਰ ਅਤੇ ਹੁਣ ਮੋਗਾ 'ਚ ਮਾਸੂਮ ਬੱਚੀਆਂ ਜਬਰ ਜ਼ਿਨਾਹ ਦਾ ਸ਼ਿਕਾਰ ਹੋਈਆਂ ਹਨ। ਫ਼ਰੀਦਕੋਟ 'ਚ ਸਿਆਸੀ ਪੁਸ਼ਤਪਨਾਹੀ ਹੇਠ ਇਕ ਨੌਜਵਾਨ ਨੂੰ ਪੁਲਿਸ ਹਿਰਾਸਤ 'ਚ ਮਾਰ-ਮੁਕਾ ਕੇ ਨਹਿਰ 'ਚ ਸੁੱਟ ਦਿੱਤਾ ਜਾਂਦਾ ਹੈ। ਫਿਰ ਸਬੰਧਤ ਪੁਲਿਸ ਇੰਸਪੈਕਟਰ ਭੇਦਭਰੀ ਹਾਲਤ 'ਚ ਖ਼ੁਦਕੁਸ਼ੀ ਕਰ ਲੈਂਦਾ ਹੈ। ਇਨਸਾਫ਼ ਦੀ ਮੰਗ 'ਚ ਧੂਰੀ ਅਤੇ ਫ਼ਰੀਦਕੋਟ 'ਚ ਲਗਾਤਾਰ ਧਰਨੇ ਲੱਗ ਰਹੇ ਹਨ, ਪਰ ਸਰਕਾਰ ਸੁੱਤੀ ਨਹੀਂ ਪਈ ਅਤੇ ਹੋਸ਼-ਹਵਾਸ 'ਚ ਮੁੱਖ ਮੰਤਰੀ ਦੀ ਪਾਕਿਸਤਾਨੀ ਮਹਿਲਾ ਮਿੱਤਰ ਦੀਆਂ ਜਨਮ ਦਿਨ ਦੀਆਂ ਪਾਰਟੀਆਂ 'ਚ ਮਸਰੂਫ਼ ਹੈ ਅਤੇ ਹਿਮਾਚਲ ਦੀਆਂ ਵਾਦੀਆਂ 'ਚ ਮਸਤ ਹੋ ਕੇ ਆਰਾਮ ਫ਼ਰਮਾ ਰਹੀ ਹੈ। ਪੰਜਾਬ ਦੀ ਇਸ ਤੋਂ ਵੱਡੀ ਤ੍ਰਾਸਦੀ ਕੀ ਹੋ ਸਕਦੀ ਹੈ?

ਚੀਮਾ ਨੇ ਕਿਹਾ ਕਿ ਬਿਹਤਰ ਹੁੰਦਾ ਮੁੱਖ ਮੰਤਰੀ ਖ਼ੁਦ ਹੀ ਗ੍ਰਹਿ ਮੰਤਰਾਲੇ ਦੀ ਜ਼ਿੰਮੇਵਾਰੀ ਆਪਣੇ ਕਿਸੇ ਜ਼ਿੰਮੇਵਾਰ ਮੰਤਰੀ ਨੂੰ ਸੌਂਪ ਦਿੰਦੇ, ਕਿਉਂਕਿ ਮੁੱਖ ਮੰਤਰੀ ਕੋਲ ਕਾਨੂੰਨ ਵਿਵਸਥਾ ਵੱਲ ਧਿਆਨ ਦੇਣ ਦਾ ਸਮਾ ਹੀ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਿਨਾਂ ਦੇਰੀ ਗ੍ਰਹਿ ਮੰਤਰੀ ਵਜੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ, ਕਿਉਂਕਿ ਕਾਨੂੰਨ-ਵਿਵਸਥਾ ਦੇ ਲਿਹਾਜ਼ ਤੋਂ ਪੰਜਾਬ ਪੂਰੀ ਤਰਾਂ ਜੰਗਲ ਰਾਜ 'ਚ ਤਬਦੀਲ ਹੁੰਦਾ ਜਾ ਰਿਹਾ ਹੈ।