ਪਾਰਟੀ ਲਈ ਕਪੜੇ ਪੜਵਾਉਣ ਵਾਲੇ ਅਰੁਣ ਨਾਰੰਗ ਨੇ ਸੁਨੀਲ ਜਾਖੜ ਵਿਰੁਧ ਖੋਲ੍ਹਿਆ ਮੋਰਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਅਸ਼ਵਨੀ ਸ਼ਰਮਾ ਨੇ ਕੋਈ ਕੰਮ ਨਹੀਂ ਕੀਤਾ ਤਾਂ ਹੀ ਪਾਰਟੀ ਨੇ ਘਰ ਤੋਰਿਆ: ਅਰੁਣ ਨਾਰੰਗ

Sunil Jakhar and Arun Narang


ਕਿਹਾ, ਜਿਸ ਵਿਅਕਤੀ ਵਿਰੁਧ ਲਗਾਤਾਰ ਚੋਣ ਲੜੀ, ਉਸ ਨੂੰ ਪ੍ਰਧਾਨ ਬਣਾਏ ਜਾਣ ਤੇ ਰੰਜ ਜ਼ਰੂਰ ਹੈ
ਪਾਰਟੀ ਨੇ ਕਿਸੇ ਪੁਰਾਣੇ ਆਗੂ ਨੂੰ ਪ੍ਰਧਾਨ ਬਣਨ ਲਾਇਕ ਨਹੀਂ ਸਮਝਿਆ, ਇਸ ਗੱਲ ਦਾ ਅਫ਼ਸੋਸ ਹੈ

 

ਚੰਡੀਗੜ੍ਹ (ਨਵਜੋਤ ਸਿੰਘ ਧਾਲੀਵਾਲ/ਕਮਲਜੀਤ ਕੌਰ): ਭਾਰਤੀ ਜਨਤਾ ਪਾਰਟੀ ਵਲੋਂ ਸੁਨੀਲ ਜਾਖੜ ਨੂੰ ਪੰਜਾਬ ਪ੍ਰਧਾਨ ਨਿਯੁਕਤ ਕਰਨ ਉਪਰੰਤ ਪਾਰਟੀ ਵਿਚ ਅੰਦਰੂਨੀ ਸਿਆਸਤ ਕਾਫੀ ਤੇਜ਼ ਹੋ ਗਈ ਹੈ। ਜਾਖੜ ਦੀ ਨਿਯੁਕਤੀ ਹੁੰਦਿਆਂ ਹੀ ਅਬੋਹਰ ਦੇ ਸਾਬਕਾ ਵਿਧਾਇਕ ਤੇ ਭਾਜਪਾ ਆਗੂ ਅਰੁਣ ਨਾਰੰਗ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿਤਾ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਨੇ ਪੁਰਾਣੇ ਵਰਕਰਾਂ ਨੂੰ ਦਰਕਿਨਾਰ ਕਰਕੇ ਇਹ ਫੈਸਲਾ ਲਿਆ ਹੈ। ਇਸ ਦੇ ਚਲਦਿਆਂ ਰੋਜ਼ਾਨਾ ਸਪੋਕਸਮੈਨ ਵਲੋਂ ਭਾਜਪਾ ਆਗੂ ਅਰੁਣ ਨਾਰੰਗ ਨਾਲ ਖ਼ਾਸ ਗੱਲਬਾਤ ਕੀਤੀ ਗਈ।

ਇਹ ਵੀ ਪੜ੍ਹੋ: ਟਰੱਕ ਡਰਾਈਵਰਾਂ ਲਈ ਅਹਿਮ ਫ਼ੈਸਲਾ: ਕੈਬਿਨ ਵਿਚ AC ਲਾਜ਼ਮੀ ਕਰਨ ਸਬੰਧੀ ਖਰੜੇ ਨੂੰ ਮਨਜ਼ੂਰੀ 

ਅਸਤੀਫ਼ਾ ਦੇਣ ਪਿਛੇ ਕਾਰਨ ਬਾਰੇ ਪੁੱਛੇ ਜਾਣ ’ਤੇ ਅਰੁਣ ਨਾਰੰਗ ਨੇ ਕਿਹਾ, “ਮੈਂ ਇਸ ਗੱਲ ਕਾਰਨ ਅਸਤੀਫ਼ਾ ਨਹੀਂ ਦਿਤਾ ਕਿ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਇਆ ਗਿਆ, ਮੇਰਾ ਰੋਸ ਪਾਰਟੀ ਨਾਲ ਜ਼ਿਆਦਾ ਹੈ। ਅਸੀਂ 40-50 ਸਾਲ ਤੋਂ ਪਾਰਟੀ ਨਾਲ ਹਾਂ, ਅਸੀਂ ਕਹਿੰਦੇ ਰਹੇ ਕਿ ਪਾਰਟੀ ਸਾਡੀ ਮਾਂ ਹੈ। ਪਾਰਟੀ ਪੰਜਾਬ ਵਿਚ ਕਈ ਸਾਲਾਂ ਤੋਂ ਕੰਮ ਕਰ ਰਹੀ ਹੈ, ਇਸ ਗੱਲ ਦਾ ਅਫ਼ਸੋਸ ਹੈ ਕਿ ਪਾਰਟੀ ਨੂੰ ਕੋਈ ਵੀ ਵਿਅਕਤੀ ਅਜਿਹਾ ਨਹੀਂ ਲੱਗਿਆ ਕਿ ਉਹ ਪਾਰਟੀ ਨੂੰ ਸੰਭਾਲ ਸਕੇ। ਕਈ ਸਾਬਕਾ ਮੰਤਰੀ, ਸਾਬਕਾ ਵਿਧਾਇਕ ਅਤੇ ਸੀਨੀਅਰ ਆਗੂ ਬੈਠੇ ਹਨ, ਕਿਸੇ ਨੂੰ ਇਸ ਕਾਬਲ ਨਹੀਂ ਸਮਝਿਆ ਗਿਆ। ਇਸ ਲਈ ਮੈਂ ਅਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿਤਾ ਹੈ, ਮੈਂ ਮੈਂਬਰ ਵਜੋਂ ਕੰਮ ਕਰਦਾ ਰਹਾਂਗਾ, ਪਾਰਟੀ ਨਹੀਂ ਛੱਡਾਂਗਾ ”। ਅਰੁਣ ਨਾਰੰਗ ਦਾ ਕਹਿਣਾ ਹੈ ਕਿ ਜਦੋਂ ਤਕ ਉਨ੍ਹਾਂ ਨੂੰ ਪਾਰਟੀ ਵਲੋਂ ਸਹੀ ਜਵਾਬ ਨਹੀਂ ਮਿਲਦਾ, ਉਦੋਂ ਤਕ ਉਹ ਪਾਰਟੀ ਪ੍ਰਧਾਨ ਵਲੋਂ ਦਿਤੀ ਕੋਈ ਜ਼ਿੰਮੇਵਾਰੀ ਨਹੀਂ ਲੈਣਗੇ।

ਇਹ ਵੀ ਪੜ੍ਹੋ: ਨਿਊਜ਼ੀਲੈਂਡ ਪੁਲਿਸ ਦੇ ਪਾਲਿਸੀ ਯੂਨਿਟ ਵਿਚ ਸ਼ਾਮਲ ਹੋਈ ਚੰਦਨਦੀਪ ਕੌਰ

ਉਨ੍ਹਾਂ ਕਿਹਾ, “ਸਾਡੀਆਂ ਲਗਾਤਾਰ ਦੋ-ਤਿੰਨ ਪੀੜ੍ਹੀਆਂ ਨੇ ਅਬੋਹਰ ਤੋਂ ਜਾਖੜ ਪ੍ਰਵਾਰ ਵਿਰੁਧ ਲੜਾਈ ਲੜੀ ਹੈ। ਅੱਜ ਉਹ ਵਿਅਕਤੀ ਪਾਰਟੀ ਵਿਚ ਸ਼ਾਮਲ ਹੋ ਕੇ ਪ੍ਰਧਾਨ ਬਣਦਾ ਹੈ ਤਾਂ ਰੰਜ ਜ਼ਰੂਰ ਹੁੰਦਾ ਹੈ”। ਨਵੇਂ ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਪੁਰਾਣੇ ਵਰਕਰਾਂ ਦੇ ਰਵੱਈਏ ਬਾਰੇ ਸਾਬਕਾ ਵਿਧਾਇਕ ਨੇ ਦਸਿਆ ਕਿ ਪੁਰਾਣੇ ਵਰਕਰਾਂ ਵਿਚ ਨਿਰਾਸ਼ਾ ਹੈ ਪਰ ਕੋਈ ਬੋਲ ਨਹੀਂ ਰਿਹਾ। ਪਾਰਟੀ ਦੀ ਮੌਜੂਦਾ ਸਥਿਤੀ ਲਈ ਅਸ਼ਵਨੀ ਦੋਸ਼ੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਅਰੁਣ ਨਾਰੰਗ ਨੇ ਕਿਹਾ ਕਿ ਉਨ੍ਹਾਂ ਦੇ ਕਾਰਨ ਹੀ ਪਾਰਟੀ ਦੇ ਪੁਰਾਣੇ ਆਗੂਆਂ ਅਤੇ ਵਰਕਰਾਂ ਨੂੰ ਅਣਗੌਲਿਆ ਕੀਤਾ ਗਿਆ। ਅਸ਼ਵਨੀ ਸ਼ਰਮਾ ਨੂੰ ਇਸ ਤਰ੍ਹਾਂ ਜਾਣਾ ਪਿਆ, ਜਿਵੇਂ ਉਨ੍ਹਾਂ ਨੂੰ ਘਰੋਂ ਕਢਿਆ ਹੋਵੇ। ਜੇਕਰ ਸਾਰੇ ਇਕੱਠੇ ਮਿਲ ਕੇ ਚੱਲਦੇ ਤਾਂ ਇਹ ਨੌਬਤ ਨਹੀਂ ਆਉਣੀ ਸੀ। ਅਸ਼ਵਨੀ ਸ਼ਰਮਾ ਨੇ ਕੋਈ ਕੰਮ ਨਹੀਂ ਕੀਤਾ ਤਾਂ ਹੀ ਪਾਰਟੀ ਨੇ ਉਨ੍ਹਾਂ ਨੂੰ ਘਰ ਤੋਰਿਆ ਹੈ।

ਇਹ ਵੀ ਪੜ੍ਹੋ: ਤਾਮਿਲਨਾਡੂ: ਡੀ.ਆਈ.ਜੀ. ਨੇ ਸਰਵਿਸ ਪਿਸਤੌਲ ਨਾਲ ਖ਼ੁਦ ਨੂੰ ਮਾਰੀ ਗੋਲੀ, ਮੁੱਖ ਮੰਤਰੀ ਨੇ ਪ੍ਰਗਟਾਇਆ ਦੁੱਖ  

ਅਰੁਣ ਨਾਰੰਗ ਨੇ ਦਸਿਆ ਕਿ ਪਾਰਟੀ ਨੂੰ ਅਵੀਨਾਸ਼ ਖੰਨਾ ਤੇ ਤੀਕਸ਼ਣ ਸੂਦ ਵਰਗੇ ਪੁਰਾਣੇ ਆਗੂਆਂ ਦੀ ਸਲਾਹ ਨਾਲ ਕੰਮ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਅਸ਼ਵਨੀ ਸ਼ਰਮਾ ਤੋਂ ਬਾਅਦ ਕਈ ਸੀਨੀਅਰ ਆਗੂ ਸਨ, ਜੋ ਕਿ ਪ੍ਰਧਾਨ ਬਣਨ ਦੇ ਕਾਬਲ ਸਨ। ਪਾਰਟੀ ਵਿਚ ਸ਼ਾਮਲ ਹੋਏ ਨਵੇਂ ਲੋਕਾਂ ਨੂੰ ਪਾਰਟੀ ਦੀ ਕਮਾਨ ਨਹੀਂ ਸੌਂਪੀ ਜਾਣੀ ਚਾਹੀਦੀ, ਬੇਸ਼ੱਕ ਉਨ੍ਹਾਂ ਨੂੰ ਚੋਣ ਉਮੀਦਵਾਰ ਜਾਂ ਮੰਤਰੀ ਬਣਾਇਆ ਜਾ ਸਕਦਾ ਸੀ। ਅਕਾਲੀ-ਭਾਜਪਾ ਗਠਜੋੜ ਦੀਆਂ ਖ਼ਬਰਾਂ ਬਾਰੇ ਅਰੁਣ ਨਾਰੰਗ ਨੇ ਕਿਹਾ ਕਿ ਇਹ ਸਮਝੌਤਾ ਤਾਂ ਐਨ.ਡੀ.ਏ. ਨੇ ਦੇਖਣਾ ਹੈ।

ਇਹ ਵੀ ਪੜ੍ਹੋ: ਨਹੀਂ ਚੱਲੇਗੀ ਜ਼ੀਰਾ ਸ਼ਰਾਬ ਫੈਕਟਰੀ; ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਕੋਰੀ ਨਾਂਹ

ਅਰੁਣ ਨਾਰੰਗ ਨੇ ਦਸਿਆ ਕਿ ਉਨ੍ਹਾਂ ਦੀਆਂ ਦੋ ਪੀੜ੍ਹੀਆਂ ਨੇ ਪਾਰਟੀ ਲਈ ਕੰਮ ਕੀਤਾ ਹੈ। ਅਤਿਵਾਦ ਦੇ ਦੌਰ ਵਿਚ ਉਨ੍ਹਾਂ ਨੇ ਪਾਰਟੀ ਲਈ ਸਰਗਰਮ ਭੂਮਿਕਾ ਨਿਭਾਈ ਹੈ। ਜ਼ਿਕਰਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ਸੁਨੀਲ ਜਾਖੜ ਨੂੰ ਕਰੀਬ 3500 ਵੋਟਾਂ ਨਾਲ ਹਰਾ ਕੇ ਅਬੋਹਰ ਸੀਟ ਭਾਜਪਾ ਦੇ ਝੋਲੇ 'ਚ ਪਾ ਦਿਤੀ ਸੀ। ਸੁਨੀਲ ਜਾਖੜ ਇਸ ਤੋਂ ਪਹਿਲਾਂ ਤਿੰਨ ਵਾਰ ਅਬੋਹਰ ਤੋਂ ਵਿਧਾਇਕ ਰਹਿ ਚੁੱਕੇ ਹਨ। ਪਿਛਲੇ ਸਾਲ 2022 ਵਿਚ ਸੁਨੀਲ ਜਾਖੜ ਦੇ ਭਤੀਜੇ ਸੰਦੀਪ ਜਾਖੜ ਇਥੋਂ ਵਿਧਾਇਕ ਬਣੇ ਸਨ। ਜਦਕਿ ਭਾਜਪਾ ਤੋਂ ਉਨ੍ਹਾਂ ਦੇ ਸਾਹਮਣੇ ਖੜ੍ਹੇ ਸਾਬਕਾ ਵਿਧਾਇਕ ਨਾਰੰਗ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਦੱਸ ਦੇਈਏ ਕਿ ਖੇਤੀ ਕਾਨੂੰਨ ਵਿਰੁਧ ਜਾਰੀ ਸੰਘਰਸ਼ ਦੌਰਾਨ ਕਿਸਾਨਾਂ ਵਲੋਂ ਰੋਸ ਦੇ ਚਲਦਿਆਂ ਮਲੋਟ ਵਿਖੇ ਅਰੁਣ ਨਾਰੰਗ ਦਾ ਭਾਰੀ ਵਿਰੋਧ ਕੀਤਾ ਗਿਆ ਸੀ। ਇਸ ਦੌਰਾਨ ਭਾਜਪਾ ਆਗੂ ਦੀ ਕੁੱਟਮਾਰ ਕੀਤੀ ਗਈ ਅਤੇ ਕਪੜੇ ਵੀ ਫਾੜ ਦਿਤੇ ਗਏ ਸਨ।