ਚੋਣਾਂ ਖ਼ਤਮ ਹੋਣ ਤੱਕ ਮਮਤਾ ਦੀਦੀ ਵੀ ਬੋਲੇਗੀ ‘ਜੈ ਸ੍ਰੀ ਰਾਮ’ – ਅਮਿਤ ਸ਼ਾਹ

ਏਜੰਸੀ

ਖ਼ਬਰਾਂ, ਰਾਜਨੀਤੀ

ਅਮਿਤ ਸ਼ਾਹ ਨੇ ਕਿਹਾ ਜੇ ਬੰਗਾਲ ਵਿਚ ਜੈ ਸ੍ਰੀ ਰਾਮ ਨਹੀਂ ਬੋਲਿਆ ਜਾਵੇਗਾ ਤਾਂ ਕੀ ਪਾਕਿਸਤਾਨ ‘ਚ ਬੋਲਿਆ ਜਾਵੇਗਾ?

Amit Shah

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੱਛਮੀ ਬੰਗਾਲ ਦੇ ਕੂਚਬਿਹਾਰ ਵਿਚ ਦੌਰਾ ਕਰਨ ਗਏ। ਇਸ ਦੌਰਾਨ ਸੰਬੋਧਨ ਕਰਦਿਆਂ ਉਹਨਾਂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਤਨਜ ਕੱਸਦਿਆਂ ਕਿਹਾ ਕਿ ਚੋਣਾਂ ਖ਼ਤਮ ਹੋਣ ਤੱਕ ਮਮਤਾ ਦੀਦੀ ਵੀ ‘ਜੈ ਸ੍ਰੀ ਰਾਮ’ ਬੋਲ਼ਣ ਲੱਗ ਜਾਵੇਗੀ।

ਉਹਨਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਯੋਜਨਾ ਬਣਾਈ ਹੈ ਕਿ ਹਰ ਗਰੀਬ ਦੇ ਘਰ ਵਿਚ ਜੇਕਰ ਕੋਈ ਬਿਮਾਰ ਹੁੰਦਾ ਹੈ ਤਾਂ 5 ਲੱਖ ਤੱਕ ਦਾ ਸਾਰਾ ਖਰਚ ਮੋਦੀ ਸਰਕਾਰ ਚੁੱਕੇਗੀ। ਪਰ ਇਹ ਯੋਜਨਾ ਇੱਥੋਂ ਦੇ ਲੋਕਾਂ ਨੂੰ ਨਹੀਂ ਮਿਲ ਰਹੀ ਕਿਉਕਿ ਮਮਤਾ ਦੀਦੀ ਨੂੰ ਇਹ ਯੋਜਨਾ ਪਸੰਦ ਨਹੀਂ ਆਈ ਹੈ।

ਅਮਿਤ ਸ਼ਾਹ ਨੇ ਕਿਹਾ ਕਿ ਬੰਗਾਲ ਅੰਦਰ ਅਜਿਹਾ ਮਾਹੌਲ ਕਰ ਦਿੱਤਾ ਗਿਆ ਹੈ ਜਿਵੇਂ ਜੈ ਸ੍ਰੀ ਰਾਮ ਬੋਲਣਾ ਗੁਨਾਹ ਹੋਵੇ। ਉਹਨਾਂ ਨੇ ਮਮਤਾ ਬੈਨਰਜੀ ਨੂੰ ਸਵਾਲ ਕਰਦਿਆਂ ਕਿਹਾ ਕਿ ਜੇਕਰ ਬੰਗਾਲ ਵਿਚ ਜੈ ਸ੍ਰੀ ਰਾਮ ਨਹੀਂ ਬੋਲਿਆ ਜਾਵੇਗਾ ਤਾਂ ਕੀ ਪਾਕਿਸਤਾਨ ਵਿਚ ਬੋਲਿਆ ਜਾਵੇਗਾ?

ਉਹਨਾਂ ਕਿਹਾ ਕਿ ਮਮਤਾ ਦੀਦੀ ਸਾਨੂੰ ਗਰੀਬਾਂ ਦੀ ਸੇਵਾ ਕਰਨ ਤੋਂ ਨਹੀਂ ਰੋਕ ਸਕਦੀ। ਉਹਨਾਂ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਮਈ ਤੋਂ ਬਾਅਦ ਸਾਨੂੰ ਨਹੀਂ ਰੋਕਿਆ ਜਾਵੇਗਾ ਕਿਉਂਕਿ ਮਮਤਾ ਬੈਨਰਜੀ ਮੁੱਖ ਮੰਤਰੀ ਨਹੀਂ ਰਹੇਗੀ।

ਅਮਿਤ ਸ਼ਾਹ ਨੇ ਕਿਹਾ ਮੈਂ ਵਾਅਦਾ ਕਰਦਾ ਹਾਂ ਕਿ ਚੋਣਾਂ ਖਤਮ ਹੋਣ ਤੱਕ ਮਮਤਾ ਦੀਦੀ ਵੀ ‘ਜੈ ਸ੍ਰੀ ਰਾਮ’ ਬੋਲਣ ਲੱਗ ਜਾਵੇਗੀ। ਉਹਨਾਂ ਕਿਹਾ ਟੀਐਮਸੀ ਦੇ ਗੁੰਡਿਆਂ ਨੇ 130 ਤੋਂ ਜ਼ਿਆਦਾ ਭਾਜਪਾ ਵਰਕਰਾਂ ਦੀ ਹੱਤਿਆ ਕੀਤੀ ਹੈ, ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਜਦੋਂ ਸਾਡੀ ਸਰਕਾਰ ਬਣੇਗੀ ਤਾਂ ਦੋਸ਼ੀਆਂ ਨੂੰ ਜੇਲ੍ਹ ਵਿਚ ਭੇਜਿਆ ਜਾਵੇਗਾ।