ਮੰਦੀ ਦਾ ਇਕ ਹੋਰ ਸਬੂਤ, 5 ਟ੍ਰਿਲੀਅਨ ਅਰਥਵਿਵਸਥਾ ਦੇ ਸੁਪਨੇ ਨੂੰ ਵੱਡਾ ਝਟਕਾ!

ਏਜੰਸੀ

ਖ਼ਬਰਾਂ, ਰਾਜਨੀਤੀ

12 ਸਾਲ ਵਿਚ ਪਹਿਲੀ ਵਾਰ ਇੰਨੀ ਘਟੀ ਬਿਜਲੀ ਦੀ ਮੰਗ

India's industrial output falls at the fastest pace in 12 years

ਨਵੀਂ ਦਿੱਲੀ:  ਭਾਰਤ ਵਿਚ ਬਿਜਲੀ ਦੀ ਮੰਗ ਘਟੀ ਹੈ। ਇਸ ਸਾਲ ਅਕਤੂਬਰ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਦੇ ਮੁਕਾਬਲੇ ਬਿਜਲੀ ਦੀ ਮੰਗ ਵਿਚ 13.2 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਹ ਪਿਛਲੇ 12 ਸਾਲ  ਵਿਚ ਹੋਈ ਸਭ ਤੋਂ ਵੱਡੀ ਮਾਸਿਕ ਗਿਰਾਵਟ ਹੈ। ਨਿਊਜ਼ ਏਜੰਸੀ ਨੇ ਸਰਕਾਰੀ ਅੰਕੜਿਆਂ ਦੀ ਰਿਪੋਰਟ ਛਾਪੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਅੰਕੜੇ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਯਾਨੀ ਭਾਰਤ ਵਿਚ ਮੰਦੀ ਦੇ ਸੰਕਟ ਦਾ ਸਬੂਤ ਦਿੰਦੇ ਹਨ।

ਭਾਰਤ ਨੂੰ ਅਪਣੀ ਅਰਥ ਵਿਵਸਥਾ ਨੂੰ ਵਧਾਉਣ ਲਈ ਬਿਜਲੀ ਦੀ ਲੋੜ ਹੈ ਪਰ ਹਾਲ ਹੀ ਦੇ ਮਹੀਨਿਆਂ ਵਿਚ ਬਿਜਲੀ ਖ਼ਪਤ ਵਿਚ ਇਹ ਤੀਜੀ ਵਾਰ ਵੱਡੀ ਗਿਰਾਵਟ ਇਸ ਗੱਲ ‘ਤੇ ਇਸ਼ਾਰਾ ਕਰਦੀ ਹੈ ਕਿ ਦੇਸ਼ ਦੀਆਂ ਉਦਯੋਗਿਕ ਗਤੀਵੀਧੀਆਂ ਮੰਦੀ ਵਿਚ ਆ ਰਹੀਆਂ ਹਨ। ਅਜਿਹੇ ਵਿਚ ਕੇਂਦਰ ਸਰਕਾਰ ਦੇ 2024 ਤੱਕ 5 ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾ ਖੜੀ ਕਰਨ ਦੇ ਸੁਪਨੇ ਨੂੰ ਵੱਡਾ ਝਟਕਾ ਲੱਗ ਸਕਦਾ ਹੈ।

ਖਪਤਕਾਰਾਂ ਦੀ ਮੰਗ ਅਤੇ ਸਰਕਾਰੀ ਖਰਚੇ ਵਿਚ ਆਈ ਗਿਰਾਵਟ ਦੇ ਵਿਚ ਜੂਨ ਤਿਮਾਹੀ ਵਿਚ ਜੀਡੀਪੀ ਛੇ ਸਾਲ ਦੀ ਸਭ ਤੋਂ ਸੁਸਤ ਰਫ਼ਤਾਰ ਨਾਲ ਅੱਗੇ ਵਧੀ ਹੈ। ਉੱਥੇ ਹੀ ਅਰਥ ਵਿਵਸਥਾ ਦੇ ਜਾਣਕਾਰ ਹੁਣ ਬਿਜਲੀ ਦੀ ਮੰਗ ਵਿਚ ਕਮੀਂ ਨੂੰ ਆਉਣ ਵਾਲੇ ਸਮੇਂ ਮੰਦੀ ਦੇ ਕਾਇਮ ਰਹਿਣ ਨਾਲ ਜੋੜ ਕੇ ਦੇਖ ਰਹੇ ਹਨ। ਨਵੀਂ ਦਿੱਲੀ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਪਬਲਿਕ ਫਾਈਨਾਂਸ ਐਂਡ ਪਾਲਿਸੀ ਦੇ ਪ੍ਰੋਫੈਸਰ ਐਨਆਰ ਭਾਨਮੂਰਤੀ ਦਾ ਕਹਿਣਾ ਹੈ ਕਿ, ‘ਅਜਿਹਾ ਲੱਗਦਾ ਹੈ ਕਿ ਮੰਦੀ ਨੇ ਬੇਹੱਦ ਗਹਿਰੀਆਂ ਜੜ੍ਹਾਂ ਜਮਾ ਲਈਆਂ ਹਨ। ਖ਼ਾਸ ਤੌਰ ‘ਤੇ ਇੰਡਸਟ੍ਰੀਅਲ ਸੈਕਟਰ ਵਿਚ। ਨਿਸ਼ਚਿਤ ਤੌਰ ‘ਤੇ ਇਸ ਸਾਲ ਇਹ ਸਥਿਤੀ ਅਰਥ ਵਿਵਸਥਾ ਵਿਕਾਸ ਦੇ ਸੰਦਰਭ ਵਿਚ ਬੇਚੈਨੀ ਵਧਾਉਣ ਵਾਲੀ ਹੈ’।

ਅੰਕੜਿਆਂ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਅਤੇ ਗੁਜਰਾਤ ਵਰਗੇ ਰਾਜਾਂ ਵਿਚ ਬਿਜਲੀ ਦੀ ਵਰਤੋਂ ਵਿਚ ਕਮੀ ਆਈ ਹੈ, ਜੋ ਉਦਯੋਗਾਂ ਨਾਲ ਭਰਪੂਰ ਹਨ। ਪਿਛਲੇ ਮਹੀਨੇ ਮਹਾਰਾਸ਼ਟਰ ਵਿਚ ਪਾਵਰ ਡਿਮਾਂਡ ਵਿਚ 22.4 ਫੀਸਦੀ ਜਦਕਿ ਗੁਜਰਾਤ ਵਿਚ 18.8 ਫੀਸਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਭਾਰਤ ਦੇ ਬੁਨਿਆਦੀ ਢਾਂਚੇ ਦੇ ਖੇਤਰ ਵਿਚ ਸਤੰਬਰ ਮਹੀਨੇ ਵਿਚ 5.2 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ, ਜੋ 14 ਸਾਲ ਵਿਚ ਸਭ ਤੋਂ ਖਰਾਬ ਹਾਲਾਤ ਹਨ। ਇਸ ਦੇ ਕਾਰਨ ਸਰਕਾਰ ਦੀਆਂ ਪਰੇਸ਼ਾਨੀਆਂ ਹੋਰ ਵਧ ਗਈਆਂ ਹਨ ਕਿਉਂਕਿ ਉਸ ਨੇ ਪਿਛਲੇ ਕੁਝ ਮਹੀਨਿਆਂ ਵਿਚ ਮੰਗ ਵਿਚ ਵਾਧੇ ਲਈ ਕਈ ਕਦਮ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।