ਸ਼ਰਾਬੀਆਂ ‘ਤੇ ਵੀ ਪਈ ਮੰਦੀ ਦੀ ਮਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿਛਲੇ ਸਾਲ ਦੇ ਮੁਕਾਬਲੇ ਐਤਕੀਂ ਸ਼ਰਾਬ ਦੀ ਵਿਕਰੀ ਕਾਫ਼ੀ ਘਟੀ

Liquor sales to fall due to high taxes and economic slump

ਨਵੀਂ ਦਿੱਲੀ : ਦੇਸ਼ ਵਿਚ ਆਈ ਮੰਦੀ ਦਾ ਅਸਰ ਸ਼ਰਾਬ ਦੇ ਕਾਰੋਬਾਰ ‘ਤੇ ਵੀ ਪਿਆ ਹੈ। ਪਿਛਲੇ ਸਾਲ ਸ਼ਰਾਬ ਦੀ ਵਿਕਰੀ ਵਿਚ ਹੋਏ ਜ਼ਬਰਦਸਤ ਵਾਧੇ ਤੋਂ ਬਾਅਦ ਇਸ ਸਾਲ ਵਿਕਰੀ ਦੀ ਗਤੀ ‘ਚ ਕਾਫ਼ੀ ਕਮੀ ਆਈ ਹੈ। ਇਸ ਸਾਲ ਸਤੰਬਰ ਦੇ ਕੁਆਰਟਰ 'ਚ ਭਾਰਤ ਵਿਚ ਬਣੀ ਵਿਦੇਸ਼ੀ ਸ਼ਰਾਬ (IMFL) ਦੀ ਵਿਕਰੀ ਸਿਰਫ਼ 1.4 ਫੀਸਦੀ ਵੱਧ ਸਕੀ ਹੈ।

ਪਿਛਲੇ ਸਾਲ ਇਸ ਅੰਤਰਾਲ ਵਿਚ IMFL ਦੀ ਵਿਕਰੀ ਵਿਚ 13 ਫੀਸਦੀ ਵਾਧਾ ਹੋਇਆ ਸੀ। ਪਰ ਅਰਥ ਵਿਵਸਥਾ ਵਿਚ ਆਈ ਮੰਦੀ, ਕਈ ਸੂਬਿਆਂ ਵਿਚ ਆਏ ਹੜ੍ਹ ਅਤੇ ਟੈਕਸ ਵਿਚ ਹੋਏ ਵਾਧੇ ਨੂੰ ਇਸ ਮੰਦੀ ਦਾ ਕਾਰਨ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜਾਣਕਾਰਾਂ ਦਾ ਮੰਨਣਾ ਹੈ ਕਿ ਸ਼ਰਾਬ ਦੀ ਖਪਤ ਵਿਚ ਕਮੀ ਆ ਰਹੀ ਹੈ ਅਤੇ ਖਾਸ ਕਰ ਪੇਂਡੂ ਇਲਾਕਿਆਂ ਵਿਚ ਇਸ 'ਚ ਹੋਰ ਵੀ ਕਮੀ ਦਿਖ ਰਹੀ ਹੈ।

ਸਾਲ 2018 ਵਿਚ ਸ਼ਰਾਬ ਕਾਰੋਬਾਰ ਵਿਚ 10 ਫੀਸਦੀ ਵਾਧਾ ਹੋਇਆ ਸੀ, ਜੋ ਕਿ 6 ਸਾਲਾਂ ਦਾ ਸੱਭ ਤੋਂ ਉੱਚਾ ਪੱਧਰ ਸੀ। ਜੁਲਾਈ ਤੋਂ ਸਤੰਬਰ ਦੇ ਕੁਆਰਟਰ 'ਚ ਦੇਸ਼ ਵਿਚ ਬਣੀ ਵਿਦੇਸ਼ੀ ਸ਼ਰਾਬ (IMFL) ਦੀ ਵਿਕਰੀ ਵਿਚ ਸਿਰਫ਼ 1.4 ਫੀਸਦੀ ਵਾਧਾ ਹੋਇਆ ਹੈ। ਜਦਕਿ ਪਿਛਲੇ ਸਾਲ ਇਸ ਅੰਤਰਾਲ ਦੌਰਾਨ ਵਿਕਰੀ ਵਿਚ 12.3 ਫੀਸਦੀ ਵਾਧਾ ਹੋਇਆ ਹੈ। ਵਿਸਕੀ ਅਤੇ ਬ੍ਰੈਂਡੀ ਦੀ ਵਿਕਰੀ ਵਿਚ ਤਾਂ ਵਾਧਾ ਹੋਇਆ ਹੈ, ਪਰ  ਇਸੇ ਦੌਰਾਨ ਵੋਦਕਾ ਅਤੇ ਜਿਨ ਦੀ ਵਿਕਰੀ ਵਿਚ ਗਿਰਾਵਟ ਆਈ ਹੈ। ਜਿਨ ਦੀ ਵਿਕਰੀ ਵਿਚ 4.6 ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ।

IMFL ਭਾਰਤ ਵਿਚ ਬਣੀ ਵਿਦੇਸ਼ੀ ਸ਼ਰਾਬ ਹੁੰਦੀ ਹੈ। ਅਤੇ ਇਸ ਦੀ ਕੁੱਲ ਵਿਕਰੀ ਵਿਚ ਹਿੱਸੇਦਾਰੀ ਲਗਭਗ 70 ਫੀਸਦੀ ਹੈ। ਇਸ ਵਿਚ ਰੋਇਲ ਸਟੈਗ, ਮੈਕਡਾਵਲ, ਬਲੈਂਡਰ ਪ੍ਰਾਈਡ ਅਤੇ ਆਫਿਸਰਸ ਚਵਾਇਸ ਜਿਹੇ ਬ੍ਰੈਂਡ ਹਾਵੀ ਹਨ। ਅਪ੍ਰੈਲ ਤੋਂ ਜੂਨ ਤੱਕ ਦੀ ਕੁਆਰਟਰ ਵਿਕਰੀ ਵਿਚ ਸਿਰਫ਼ 2 ਫੀਸਦੀ ਵਾਧਾ ਹੋਇਆ ਹੈ। ਇਸ ਦੌਰਾਨ ਚੌਣਾਂ ਦੇ ਕਾਰਨ ਵੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗੀਆਂ ਹੋਈਆਂ ਸਨ।

ਇਸ ਤੋਂ ਪਹਿਲਾਂ ਮਾਰਚ ਕੁਆਰਟਰ ਵਿਚ ਆਈਐਮਐਫਐਲ ਦੀ ਵਿਕਰੀ ਵਿਚ 2.8 ਫੀਸਦੀ ਵਾਧਾ ਹੋਇਆ ਸੀ। ਸਾਲ 2012 ਤੋਂ 2017 ਤੱਕ ਦੇ ਪੰਜ ਸਾਲਾਂ ਦੌਰਾਨ IMFL ਦੀ ਵਿਕਰੀ ਵਿਚ 4 ਫੀਸਦੀ ਵਾਧਾ ਹੋਇਆ ਹੈ। ਜਿਕਰਯੋਗ ਹੈ ਕਿ ਭਾਰਤ ਦੁਨੀਆਂ ਵਿਚ ਸ਼ਰਾਬ ਦੇ ਸੱਭ ਤੋਂ ਵੱਡੇ ਬਜ਼ਾਰਾਂ ਵਿੱਚੋਂ ਇਕ ਹੈ।