'ਇਕ ਦੇਸ਼, ਇਕ ਚੋਣ' ਦੇ ਮੁੱਦੇ 'ਤੇ 19 ਜੂਨ ਨੂੰ ਹੋਵੇਗੀ ਸਰਬ ਪਾਰਟੀ ਮੀਟਿੰਗ

ਏਜੰਸੀ

ਖ਼ਬਰਾਂ, ਰਾਜਨੀਤੀ

20 ਜੂਨ ਨੂੰ ਸਾਰੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਦੀ ਬੈਠਕ ਬੁਲਾਈ

One nation, one election on agenda as PM Modi calls all-party meet on June 19

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ 'ਚ ਅਗਵਾਈ ਕਰਨ ਵਾਲੀਆਂ ਸਾਰੀ ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਨੂੰ 19 ਜੂਨ ਨੂੰ ਬੈਠਕ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਸ ਤੋਂ ਇਲਾਵਾ ਮੋਦੀ ਨੇ 20 ਜੂਨ ਨੂੰ ਲੋਕ ਸਭਾ ਅਤੇ ਰਾਜ ਸਭਾ ਸੰਸਦ ਮੈਂਬਰਾਂ ਦੀ ਮੀਟਿੰਗ ਵੀ ਬੁਲਾਈ ਹੈ। ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵੀ ਇਹ ਜਾਣਕਾਰੀ ਦਿੱਤੀ।

ਜੋਸ਼ੀ ਨੇ ਦੱਸਿਆ ਕਿ ਮੋਦੀ 19 ਜੂਨ ਨੂੰ ਬੈਠਕ 'ਚ 'ਇਕ ਦੇਸ਼ ਇਕ ਚੋਣ' ਅਤੇ ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਸਮੇਤ ਕਈ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕਰਨਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਸੰਸਦ 'ਚ ਟੀਮ ਭਾਵਨਾ ਦਾ ਨਿਰਮਾਣ ਕਰਨਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੇ 20 ਜੂਨ ਨੂੰ ਸਾਰੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਦੀ ਬੈਠਕ ਬੁਲਾਈ ਹੈ। 

ਜ਼ਿਕਰਯੋਗ ਹੈ ਕਿ 17ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਭਲਕੇ (17 ਜੂਨ) ਸ਼ੁਰੂ ਹੋ ਰਿਹਾ ਹੈ। ਇਸ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਅੱਜ ਸੰਸਦ 'ਚ ਸਰਬ ਪਾਰਟੀ ਬੈਠਕ ਹੋਈ। ਸਰਕਾਰ ਨੇ ਇਸ ਸੈਸ਼ਨ 'ਚ ਮਹੱਤਵਪੂਰਨ ਬਿਲਾਂ ਨੂੰ ਪਾਸ ਕਰਵਾਉਣ ਲਈ ਵਿਰੋਧੀ ਪਾਰਟੀ ਤੋਂ ਸਹਿਯੋਗ ਮੰਗਿਆ। ਇਨ੍ਹਾਂ ਬਿਲਾਂ 'ਚ ਤਿੰਨ ਤਲਾਕ ਮਤਾ ਵੀ ਸ਼ਾਮਲ ਹੈ। 

 

ਦੱਸ ਦੇਈਏ ਕਿ ਕਾਂਗਰਸ ਹਮੇਸ਼ਾ ਤੋਂ ਇਕ ਦੇਸ਼ ਇਕ ਚੋਣ ਵਿਰੁੱਧ ਰਹੀ ਹੈ। ਪਿਛਲੇ ਸਾਲ ਅਗਸਤ 'ਚ ਵੀ ਕਾਂਗਰਸ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਸੀ ਅਤੇ ਇਸ ਮਾਮਲੇ 'ਚ ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਅਰਜੁਨ ਖੜਗੇ, ਪੀ. ਚਿਦੰਬਰਮ ਸਮੇਤ ਹੋਰ ਆਗੂਆਂ ਨੇ ਲਾਅ ਕਮੀਸ਼ਨ ਅੱਗੇ ਅਸਹਿਮਤੀ ਪ੍ਰਗਟਾਈ ਸੀ।