ਵਿਧਾਨ ਸਭਾ ਚੋਣਾਂ : ਹਲਕਾ ਅੰਮ੍ਰਿਤਸਰ ਦਾ ਲੇਖਾ-ਜੋਖਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਰਾਜ ਦੇ ਸਭ ਤੋਂ ਮਹੱਤਵਪੂਰਨ ਜ਼ਿਲ੍ਹਿਆਂ ਵਿੱਚੋਂ ਇੱਕ, ਅੰਮ੍ਰਿਤਸਰ ਪੰਜਾਬ ਦੇ ਮਾਝਾ ਖੇਤਰ ਦਾ ਦਿਲ ਹੈ।

Bikram Majithiya, Navjot Sidhu

ਅੰਮ੍ਰਿਤਸਰ : ਰਾਜ ਦੇ ਸਭ ਤੋਂ ਮਹੱਤਵਪੂਰਨ ਜ਼ਿਲ੍ਹਿਆਂ ਵਿੱਚੋਂ ਇੱਕ, ਅੰਮ੍ਰਿਤਸਰ ਪੰਜਾਬ ਦੇ ਮਾਝਾ ਖੇਤਰ ਦਾ ਦਿਲ ਹੈ। ਸੂਬੇ ਦੇ ਗਿਆਰਾਂ ਹਲਕਿਆਂ ਵਾਲਾ ਇਹ ਜ਼ਿਲ੍ਹਾ ਸਿਆਸੀ ਪੱਖ ਤੋਂ ਇਲਾਵਾ ਸਿੱਖ ਧਰਮ ਦਾ ਧਾਰਮਿਕ ਅਤੇ ਸੱਭਿਆਚਾਰਕ ਕੇਂਦ‍ਰ ਹੈ। ਅੰਮ੍ਰਿਤਸਰ ਸ਼ਹਿਰ ਸੰਨ 1574 ਵਿੱਚ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ। ਇਹ ਸ਼ਹਿਰ ਸਿੱਖ ਇਤਿਹਾਸ ਵਿਚ ਵਿਸ਼ੇਸ਼ ਅਹਿਮੀਅਤ ਰੱਖਦਾ ਹੈ।

ਅੰਮ੍ਰਿਤਸਰ ਵਿੱਚ ਤੇ ਇਸ ਦੇ ਨਜ਼ਦੀਕ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਸਿੱਖਾਂ ਦੇ ਬਹੁਤ ਸਾਰੇ ਇਤਿਹਾਸਿਕ ਤੇ ਧਾਰਮਿਕ ਥਾਂ ਮੌਜੂਦ ਹਨ। ਅਨੇਕ ਗੁਰਦਵਾਰਾ ਸਾਹਿਬਾਨ ਤੋਂ ਇਲਾਵਾ,ਲਾਰੰਸ ਰੋਡ ਸਥਿਤ ਭਾਈ ਵੀਰ ਸਿੰਘ ਮੈਮੋਰੀਅਲ ਘਰ, ਰਾਮ (ਕੰਪਨੀ) ਬਾਗ਼ ਸਥਿਤ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ, ਜਲ੍ਹਿਆਂਵਾਲਾ ਬਾਗ ਠਾਕਰ ਸਿੰਘ ਆਰਟ ਗੈਲਰੀ ਆਦਿ ਵੇਖਣ ਯੋਗ ਅਸਥਾਨ ਹਨ।

ਅੰਮ੍ਰਿਤਸਰ ਦਿੱਲੀ ਤੋਂ ਜਲੰਧਰ ਆਉਂਦੇ ਜੀ.ਟੀ ਰੋਡ ਤੇ ਭਾਰਤ ਦਾ ਆਖਰੀ ਮੁੱਖ ਸ਼ਹਿਰ ਹੈ ਅਤੇ ਇਸ ਤੋਂ ਅੱਗੇ ਇਹ ਸੜਕ ਲਾਹੌਰ ਨੂੰ ਤੁਰ ਜਾਂਦੀ ਹੈ। ਦੂਰ-ਦਰਾਡੇ ਅਤੇ ਦੇਸ਼ ਵਿਦੇਸ਼ ਤੱਕ ਲੋਕਾਂ ਨੂੰ ਇਥੋਂ ਦੇ ਇਤਿਹਾਸ ਨੇ ਪ੍ਰਭਾਵਿਤ ਕੀਤਾ ਹੈ। ਸ੍ਰੀ ਦਰਬਾਰ ਸਾਹਿਬ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ। ਸਿਆਸੀ ਪੱਖੋਂ ਵੀ ਜ਼ਿਲ੍ਹਾ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਇਸ ਵਿਚ ਗਿਆਰਾਂ ਵਿਧਾਨ ਸਭ ਹਲਕੇ ਆਉਂਦੇ ਹਨ -ਅਜਨਾਲਾ, ਅੰਮ੍ਰਿਤਸਰ ਕੇਂਦਰੀ, ਅੰਮ੍ਰਿਤਸਰ ਪੂਰਬੀ, ਅੰਮ੍ਰਿਤਸਰ ਉੱਤਰੀ, ਅੰਮ੍ਰਿਤਸਰ ਦੱਖਣੀ, ਅੰਮ੍ਰਿਤਸਰ ਪੱਛਮੀ, ਅਟਾਰੀ, ਬਾਬਾ ਬਕਾਲਾ, ਜੰਡਿਆਲਾ, ਮਜੀਠਾ ਅਤੇ ਰਾਜਾ ਸਾਂਸੀ।

1. ਵਿਧਾਨ ਸਭਾ ਹਲਕਾ ਅਜਨਾਲਾ
 ਵਿਧਾਨ ਸਭਾ ਹਲਕਾ ਅਜਨਾਲਾ ਵਿੱਚ ਮੁੱਖ ਟੱਕਰ ਆਮ ਆਦਮੀ ਪਾਰਟੀ, ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰਾਂ ਵਿਚਕਾਰ ਹੈ।  ਇਸ ਹਲਕੇ ਵਿੱਚ 1957 ਤੋਂ ਲੈ ਕੇ 7 ਵਾਰ ਅਕਾਲੀ ਦਲ ਤੇ 6 ਵਾਰ ਕਾਂਗਰਸ ਤੇ ਕੇਵਲ ਇੱਕ ਵਾਰ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਸਫਲ ਰਹੇ ਹਨ।  ਅਜਨਾਲਾ ਵਿੱਚ ਜੱਟ ਸਿੱਖਾਂ ਤੋਂ ਇਲਾਵਾ ਰਾਏ ਸਿੱਖਾਂ ਵੀ ਵੱਡੀ ਗਿਣਤੀ ਹੈ।

ਜ਼ਿਲ੍ਹੇ ਦੇ ਪਹਿਲੇ ਵਿਧਾਨ ਸਭਾ ਹਲਕੇ ਵਿਚ ਇਸ ਵਾਰ ਕਾਂਗਰਸ ਵਲੋਂ ਹਰਪ੍ਰਤਾਪ ਸਿੰਘ ਅਜਨਾਲਾ, ਆਮ ਆਦਮੀ ਪਾਰਟੀ ਵਲੋਂ ਕੁਲਦੀਪ ਸਿੰਘ ਧਾਲੀਵਾਲ,ਸ਼੍ਰੋਮਣੀ ਅਕਾਲੀ ਦਲ ਵਲੋਂ ਅਮਰਪਾਲ ਸਿੰਘ ਬੋਨੀ, ਸੰਯੁਕਤ ਸਮਾਜ ਮੋਰਚਾ ਵਲੋਂ ਚਰਨਜੀਤ ਸਿੰਘ ਅਤੇ ਭਾਜਪਾ ਗਠਜੋੜ ਵਲੋਂ ਸੁਰਜੀਤ ਸਿੰਘ ਚੋਣ ਮੈਦਾਨ ਵਿਚ ਉਤਰੇ ਹਨ।

2017 ਦੀਆਂ ਚੋਣਾਂ ਵਿੱਚ ਕਾਂਗਰਸ ਦੇ ਹਰਪ੍ਰਤਾਪ ਸਿੰਘ ਨੂੰ 61,378 (50.52%) ਵੋਟਾਂ ਮਿਲੀਆਂ ਸਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ 42,665 (35.12%) ਵੋਟਾਂ ਮਿਲੀਆਂ ਸਨ।

ਸਮੱਸਿਆਵਾਂ : 
-ਨਾਜਾਇਜ਼ ਮਾਈਨਿੰਗ 
-ਨਸ਼ਾ 
-ਬੁਨਿਆਦੀ ਸਹੂਲਤਾਂ ਤੋਂ ਸੱਖਣਾ 
-ਸੜਕਾਂ ਦੀ ਖਸਤਾ ਹਾਲਤ 

ਕੁੱਲ ਵੋਟਰ : 1,55,016
ਮਰਦ ਵੋਟਰ : 81,259
ਔਰਤ ਵੋਟਰ :73,755
ਤੀਜਾ ਲਿੰਗ : 2

2. ਵਿਧਾਨ ਸਭਾ ਹਲਕਾ ਅੰਮ੍ਰਿਤਸਰ ਕੇਂਦਰੀ 
ਅੰਮ੍ਰਿਤਸਰ ਕੇਂਦਰੀ ਵੀ ਜ਼ਿਲ੍ਹੇ ਦੀ ਹੌਟ ਸੀਟ ਮੰਨੀ ਜਾ ਰਹੀ ਹੈ ਕਿਉਂਕਿ ਇਥੋਂ ਕੰਰਗਸ ਵਲੋਂ ਓਮ ਪ੍ਰਕਾਸ਼ ਸੋਨੀ ਚੋਣ ਮੈਦਾਨ ਵਿਚ ਹਨ ਜੋ ਪਹਿਲਾਂ ਪੰਜ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਮੌਜੂਦਾ ਉਪ ਮੁੱਖ ਮੰਤਰੀ ਵੀ ਹਨ।

ਉਨ੍ਹਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਡਾ. ਅਜੇ ਗੁਪਤਾ ਅਤੇ ਭਾਜਪਾ ਦੇ ਡਾ. ਰਾਮ ਚਾਵਲਾ ਨਾਲ ਹੈ।  ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਨੇ ਦਲਵੀਰ ਕੌਰ ਜਦਕਿ ਸੰਯੁਕਤ ਸਮਾਜ ਮੋਰਚਾ ਕੰਵਲਜੀਤ ਸਿੰਘ ਨਾਮਧਾਰੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

ਸਮੱਸਿਆਵਾਂ 
-ਆਵਾਰਾ ਕੁੱਤੇ
-ਟ੍ਰੈਫਿਕ ਸਮੱਸਿਆ
-ਬੇਨਿਯਮੀਆਂ ਵਾਲਾ ਹੋਟਲ ਉਦਯੋਗ

ਕੁੱਲ ਵੋਟਰ :  1,44,650
ਮਰਦ ਵੋਟਰ : 76,844
ਔਰਤ ਵੋਟਰ : 67,793
ਤੀਜਾ ਲਿੰਗ : 13

3. ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ 
 ਪੂਰਬੀ ਇਲਾਕਾ ਇੱਕ ਸ਼ਹਿਰੀ ਖੇਤਰ ਹੈ ਜਿਸ ਵਿਚ ਹਿੰਦੂ ਅਤੇ ਸਿੱਖਾਂ ਦੀ ਮਿਲੀ ਜੁੱਲੀ ਵਸੋਂ ਹੈ। ਇਹ ਹਲਕਾ ਵਿਧਾਨ ਸਭਾ ਚੋਣਾਂ ਵਿਚ ਹੌਟ ਸੀਟ ਬਣਿਆ ਹੋਇਆ ਹੈ ਕਿਉਂਕਿ ਇਥੋਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਿਗਜ਼ ਆਗੂ ਚੋਣ ਮੈਦਾਨ ਵਿਚ ਹਨ ਪਰ ਖ਼ਾਸ ਗੱਲ ਇਹ ਹੈ ਕਿ ਇਲਾਕੇ ਵਿੱਚ ਮੁੱਦਿਆਂ ਦੇ ਨਾਲ-ਨਾਲ ਇੱਥੇ ਮਜੀਠੀਆ ਅਤੇ ਸਿੱਧੂ ਵਿਚਾਲੇ ਜ਼ਬਾਨੀ ਜੰਗ ਜ਼ਿਆਦਾ ਚਰਚਾ ਵਿੱਚ ਹੈ।

ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਵਿਚਾਲੇ ਫਸਵਾਂ ਮੁਕਾਬਲਾ ਹੋਣ ਜਾ ਰਿਹਾ ਹੈ। ਦੋਹਾਂ ਆਗੂਆਂ ਵਲੋਂ ਹੀ ਆਪਣੀ ਜਿੱਤ ਪੱਕੀ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਇਸ ਦੇ ਚਲਦੇ ਹੀ ਬਿਕਰਮ ਮਜੀਠੀਆ ਵਲੋਂ ਆਪਣਾ ਹਲਕਾ ਮਜੀਠਾ ਛੱਡ ਹੁਣ ਸਿਰਫ਼ ਅੰਮ੍ਰਿਤਸਰ ਪੂਰਬੀ ਤੋਂ ਹੀ ਚੋਣ ਲੜੀ ਜਾ ਰਹੀ ਹੈ।

ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਜੀਵਨਜੋਤ ਕੌਰ, ਸੰਯੁਕਤ ਸਮਾਜ ਮੋਰਚਾ ਨੇ ਸੁਖਜਿੰਦਰ ਸਿੰਘ ਮਹੁ ਅਤੇ ਭਾਜਪਾ ਨੇ ਜਗਮੋਹਨ ਸਿੰਘ ਰਾਜੂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ।

ਕੁੱਲ ਵੋਟਰ : 165043
ਮਰਦ ਵੋਟਰ : 87,619
ਔਰਤ ਵੋਟਰ : 77,423
ਤੀਜਾ ਲਿੰਗ : 1

ਸਮੱਸਿਆਵਾਂ : 
-ਬੇਰੁਜ਼ਗਾਰੀ ਅਤੇ ਨਸ਼ਾ 
-ਕੱਚੀਆਂ ਗਲੀਆਂ ਤੇ ਸੌੜੀਆਂ ਸੜਕਾ 
-ਸੀਵਰੇਜ ਦੇ ਪਾਣੀ ਦੀ ਨਿਕਾਸੀ 
-ਸਟਰੀਟ ਲਾਈਟਾਂ ਦੀ ਸਮੱਸਿਆ
-ਅਵਾਰਾ ਕੁੱਤੇ ਅਤੇ ਟ੍ਰੈਫ਼ਿਕ ਜਾਮ

4. ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉੱਤਰੀ 
 ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉੱਤਰੀ 'ਤੇ ਜ਼ਿਆਦਾ ਸਮਾਂ ਕਾਂਗਰਸ ਕਾਬਜ਼ ਰਹੀ ਹੈ। ਅੰਮ੍ਰਿਤਸਰ ਉੱਤਰੀ ਵਿੱਚ ਸੜਕਾਂ, ਸਟਰੀਟ ਲਾਈਟਾਂ, ਪਾਰਕਾਂ, ਸੀਵਰੇਜ ਸਿਸਟਮ ਆਦਿ ਵੀ ਬਾਕੀ ਅੰਮ੍ਰਿਤਸਰ ਸ਼ਹਿਰ ਨਾਲੋਂ ਬਹੁਤ ਵਧੀਆ ਦਿਖਾਈ ਦਿੰਦੇ ਹਨ। ਮਸ਼ਹੂਰ ਲਾਰੈਂਸ ਰੋਡ ਤੋਂ ਇਲਾਵਾ ਅੰਮ੍ਰਿਤਸਰ ਮੈਡੀਕਲ ਕਾਲਜ ਵੀ ਇਸ ਹਲਕੇ ਦਾ ਹਿੱਸਾ ਹੈ।

ਸਿਆਸੀ ਸਮੀਕਰਨ ਦੇਖੇ ਜਾਣ ਤਾਂ ਮੌਜੂਦਾ ਵਿਧਾਇਕ ਸੁਨੀਲ ਦੱਤੀ ਮੁੜ ਕਾਂਗਰਸ ਦੀ ਨੁਮਾਇੰਦਗੀ ਕਰ ਰਹੇ ਹਨ ਜਿਨ੍ਹਾਂ ਦੀ ਟੱਕਰ ਆਮ ਆਦਮੀ ਪਾਰਟੀ ਦੇ ਕੁੰਵਰ ਵਿਜੇ ਪ੍ਰਤਾਪ ਸਿੰਘ, ਹਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਦੇ ਅਨਿਲ ਜੋਸ਼ੀ ਜਦਕਿ ਭਾਜਪਾ ਵਲੋਂ ਸੁਖਮਿੰਦਰ ਸਿੰਘ ਪਿੰਟੂ ਨਾਲ ਹੈ।

ਸਮੱਸਿਆਵਾਂ 
-ਪਾਰਕਿੰਗ ਦੀ ਸਮੱਸਿਆ 
-ਟ੍ਰੈਫ਼ਿਕ ਦਾ ਮੁੱਦਾ

ਕੁੱਲ ਵੋਟਰ : 1,95,586
ਮਰਦ ਵੋਟਰ : 1,01,663 
ਔਰਤ ਵੋਟਰ : 93,914
ਤੀਜਾ ਲਿੰਗ : 9

5. ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ 
ਅੰਮ੍ਰਿਤਸਰ ਦੱਖਣੀ ਸ਼ਹਿਰ ਦਾ ਇੱਕ ਸ਼ਹਿਰੀ ਅਤੇ ਪੰਥਕ ਹਲਕਾ ਹੈ। ਹਾਲ ਹੀ ਵਿੱਚ ਇਸ ਵਿੱਚ ਇੱਕ ਰੇਲਵੇ ਓਵਰਬ੍ਰਿਜ ਬਣ ਗਿਆ ਹੈ ਜਿਸ ਨਾਲ ਆਵਾਜਾਈ ਅਤੇ ਸੰਪਰਕ ਸਮੱਸਿਆਵਾਂ ਨੂੰ ਕੁਝ ਹੱਦ ਤੱਕ ਖਤਮ ਕੀਤਾ ਗਿਆ ਹੈ।

ਕਾਂਗਰਸ ਨੇ ਆਪਣੇ ਮੌਜੂਦਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੂੰ ਮੁੜ ਵਿਧਾਨ ਸਭਾ ਲਈ ਉਮੀਦਵਾਰੀ ਦਿਤੀ ਹੈ ਜਦਕਿ ਡਾ. ਇੰਦਰਬੀਰ ਸਿੰਘ ਨਿੱਝਰ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਡਾਹਵੇਦਾਰ ਹਨ। ਇਨ੍ਹਾਂ ਦੇ ਮੁਕਾਬਲੇ ਵਿਚ ਤਲਬੀਰ ਸਿੰਘ ਗਿੱਲ ਅਕਾਲੀ ਦਲ-ਬਸਪਾ ਗਠਜੋੜ ਵਲੋਂ ਜਦਕਿ ਹਰਜਿੰਦਰ ਸਿੰਘ ਠੇਕੇਦਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਗਠਜੋੜ ਦੇ ਉਮੀਦਵਾਰ ਹਨ।

ਸਮੱਸਿਆਵਾਂ 
-ਅਮਨ-ਕਾਨੂੰਨ 
-ਕੂੜੇ ਦੇ ਲੱਗੇ ਢੇਰ 

ਕੁੱਲ ਵੋਟਰ : 1,70,493
ਮਰਦ ਵੋਟਰ : 90,096
ਔਰਤ ਵੋਟਰ : 80,394
ਤੀਜਾ ਲਿੰਗ : 3

6. ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ 
ਅੰਮ੍ਰਿਤਸਰ ਪੱਛਮੀ ਮੁਖ ਤੌਰ 'ਤੇ ਕਾਂਗਰਸ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ ਕਿਉਂਕਿ ਪਾਰਟੀ 1972 ਤੋਂ ਲੈ ਕੇ ਪਿਛਲੀਆਂ ਨੌਂ ਚੋਣਾਂ ਵਿੱਚ ਪੰਜ ਵਾਰ ਇਸ ਸੀਟ ਤੋਂ ਜਿੱਤ ਚੁੱਕੀ ਹੈ। ਇਸ ਵਾਰ ਇਥੋਂ ਕਾਂਗਰਸ ਪਾਰਟੀ ਨੇ ਡਾ. ਰਾਜ ਕੁਮਾਰ ਵੇਰਕਾ ਅਤੇ ਆਪ ਨੇ ਡਾ. ਜਸਬੀਰ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ।

ਇਨ੍ਹਾਂ ਪਾਰਟੀਆਂ ਨੂੰ ਟੱਕਰ ਦੇਣ ਲਈ ਭਾਜਪਾ ਨੇ ਕੁਮਾਰ ਅਮਿਤ ਜਦਕਿ ਡਾ. ਦਲਬੀਰ ਸਿੰਘ ਵੇਰਕਾ ਸ਼੍ਰੋਮਣੀ ਅਕਾਲੀ ਦਲ  ਅਤੇ ਬਸਪਾ ਗਠਜੋੜ ਦੇ ਉਮੀਦਵਾਰ ਹਨ। ਪਹਿਲੀ ਵਾਰ ਚੋਣ ਮੈਦਾਨ ਵਿਚ ਉਤਰੇ ਸੰਯੁਕਤ ਸਮਾਜ ਮੋਰਚਾ ਨੇ ਅਮਰਜੀਤ ਸਿੰਘ ਆਸਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

ਸਮੱਸਿਆਵਾਂ :
-ਟ੍ਰੈਫ਼ਿਕ ਜਾਮ
-ਪ੍ਰਦੂਸ਼ਣ 

ਕੁੱਲ ਵੋਟਰ : 2,10,146 
ਮਰਦ ਵੋਟਰ :1,10,786 
ਔਰਤ ਵੋਟਰ : 99,351
ਤੀਜਾ ਲਿੰਗ : 9 

7. ਵਿਧਾਨ ਸਭਾ ਹਲਕਾ ਅਟਾਰੀ
ਇੱਕੋ ਇੱਕ ਚੈੱਕ ਪੋਸਟ ਅਤੇ ਭਾਰਤ-ਪਾਕਿਸਤਾਨ ਵਿਚਕਾਰ ਜ਼ੀਰੋ ਲਾਈਨ ਇਸ ਹਲਕੇ ਨੂੰ ਵਿਸ਼ਵ ਪ੍ਰਸਿੱਧ ਬਣਾਉਂਦੀ ਹੈ। ਇਸ ਵਿੱਚ ਇੱਕ ਰੇਲਵੇ ਸਟੇਸ਼ਨ ਵੀ ਸੀ ਜਿੱਥੋਂ ਰੇਲ ਗੱਡੀਆਂ ਪਾਕਿਸਤਾਨ ਲਈ ਰਵਾਨਾ ਹੁੰਦੀਆਂ ਹਨ। ਇਸ ਦੇ ਬਹੁਤ ਸਾਰੇ ਪਿੰਡ ਪਾਕਿਸਤਾਨ ਤੋਂ ਮਹਿਜ਼ ਕੁਝ ਹੀ ਦੂਰੀ 'ਤੇ ਹਨ। ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਪ੍ਰਸਿੱਧ ਜਰਨੈਲ ਸ਼ਾਮ ਸਿੰਘ ਅਟਾਰੀ ਇੱਥੋਂ ਦੇ ਇੱਕ ਪਿੰਡ ਦਾ ਰਹਿਣ ਵਾਲੇ ਸਨ।

ਗੱਲ ਸਿਆਸਤ ਦੀ ਕਰੀਏ ਤਾਂ ਕਾਂਗਰਸ ਪਾਰਟੀ ਨੇ ਤਰਸੇਮ ਸਿੰਘ ਸਿਆਲਕਾ, ਆਮ ਆਦਮੀ ਪਾਰਟੀ ਨੇ ਜਸਵਿੰਦਰ ਸਿੰਘ ਰਮਦਾਸ ਅਤੇ ਭਾਜਪਾ ਨੇ ਬਲਵਿੰਦਰ ਕੌਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ  ਗੁਲਜ਼ਾਰ ਸਿੰਘ ਰਣੀਕੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਨੁਮਾਇੰਦਗੀ ਕਰ ਰਹੇ ਹਨ ਜਦਕਿ ਸੰਯੁਕਤ ਸਮਾਜ ਮੋਰਚੇ ਨੇ ਰੇਸ਼ਮ ਸਿੰਘ ਨੂੰ ਉਮੀਦਵਾਰੀ ਦਿਤੀ ਹੈ ।

ਸਮੱਸਿਆਵਾਂ 
- ਬੇਰੁਜ਼ਗਾਰੀ ਦਾ ਮੁੱਦਾ 
-ਸੈਰ-ਸਪਾਟਾ ਸਥਾਨ ਹੋਣ ਦੇ ਬਾਵਜੂਦ ਨਹੀਂ ਬਣਿਆ ਸੈਲਾਨੀਆਂ ਦੀ ਖਿੱਚ ਦਾ ਕੇਂਦਰ 
-ਨਸ਼ਾ 

ਕੁੱਲ ਵੋਟਰ : 1,87,418
ਮਰਦ ਵੋਟਰ :  1,00,613  
ਔਰਤ ਵੋਟਰ : 86,801
ਤੀਜਾ ਲਿੰਗ : 4

8. ਵਿਧਾਨ ਸਭਾ ਹਲਕਾ ਬਾਬਾ ਬਕਾਲਾ
ਇਹ ਹਲਕਾ 2012 ਦੀਆਂ ਚੋਣਾਂ ਤੋਂ ਪਹਿਲਾਂ ਹੱਦਬੰਦੀ ਤੋਂ ਬਾਅਦ ਹੋਂਦ ਵਿੱਚ ਆਇਆ ਸੀ। ਬਿਆਸ ਦਰਿਆ ਨੂੰ ਛੂਹਣ ਵਾਲਾ ਇਹ ਹਲਕਾ ਅਨੁਸੂਚਿਤ ਜਾਤੀਆਂ ਲਈ ਰਾਖਵਾਂ ਹੈ। ਵਿਧਾਨ ਸਭਾ ਚੋਣਾਂ ਲਈ ਮੌਜੂਦਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਕਾਂਗਰਸ ਪਾਰਟੀ ਦੀ ਨੁੰਮਾਇੰਦਗੀ ਕਰ ਰਹੇ ਹਨ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਲਬੀਰ ਸਿੰਘ ਟੋਂਗ ਹਨ।

ਇਸ ਤੋਂ ਇਲਾਵਾ ਅਕਾਲੀ ਦਲ-ਬਸਪਾ ਗਠਜੋੜ ਨੇ ਬਲਜੀਤ ਸਿੰਘ ਜਲਾਲਉਸਮਾਂ, ਭਾਜਪਾ ਨੇ ਮਨਜੀਤ ਸਿੰਘ ਮੰਨ ਅਤੇ ਲੋਕ ਇਨਸਾਫ ਪਾਰਟੀ ਨੇ ਹਰਪ੍ਰੀਤ ਸਿੰਘ ਨੂੰ ਉਮੀਦਵਾਰੀ ਦਿਤੀ ਹੈ। ਚੋਣ ਮੈਦਾਨ ਵਿਚ ਪਹਿਲੀ ਵਾਰ ਉੱਤਰੀ ਕਿਸਾਨ ਜਥੇਬੰਦੀਆਂ ਦੇ ਗਠਜੋੜ ਵਾਲੇ ਸੰਯੁਕਤ ਸਮਾਜ ਮੋਰਚਾ ਵਲੋਂ ਗੁਰਨਾਮ ਕੌਰ ਚੋਣ ਮੈਦਾਨ ਵਿਚ ਹਨ।

ਸਮੱਸਿਆਵਾਂ 
-ਗੈਰ-ਕਾਨੂੰਨੀ ਮਾਈਨਿੰਗ
-ਬੇਰੁਜ਼ਗਾਰੀ
- ਬੁਨਿਆਦੀ ਸਹੂਲਤਾਂ ਦੀ ਘਾਟ

ਕੁੱਲ ਵੋਟਰ : 1,98,373
ਮਰਦ ਵੋਟਰ : 1,03,078 
ਔਰਤ ਵੋਟਰ : 95,281
 ਤੀਜਾ ਲਿੰਗ : 14 

9.ਵਿਧਾਨ ਸਭਾ ਹਲਕਾ ਜੰਡਿਆਲਾ 
ਇਹ ਹਲਕਾ ਅਨੁਸੂਚਿਤ ਜਾਤੀ (ਐਸ.ਸੀ.) ਲਈ ਰਾਖਵਾਂ ਹੈ ਅਤੇ ਇਥੇ ਜ਼ਿਆਦਾਤਰ ਜੱਟ ਸਿੱਖ, ਕੰਬੋਜ ਸਿੱਖ ਅਤੇ ਮਜ਼੍ਹਬੀ ਸਿੱਖ ਭਾਈਚਾਰੇ ਦੇ ਵੋਟਰਾਂ ਦਾ ਗਿਣਤੀ ਹੈ। ਜੰਡਿਆਲਾ ਮਾਝੇ ਦੇ ਉਨ੍ਹਾਂ ਕੁਝ ਹਲਕਿਆਂ ਵਿੱਚੋਂ ਇੱਕ ਸੀ ਜਿੱਥੇ 2017 ਵਿੱਚ 'ਆਪ' ਨੇ ਚੰਗਾ ਪ੍ਰਦਰਸ਼ਨ ਕੀਤਾ ਸੀ।

ਇਸ ਵਾਰ ਕਾਂਗਰਸ ਨੇ ਸੁਖਵਿੰਦਰ ਸਿੰਘ ਡੈਨੀ, ਆਮ ਆਦਮੀ ਪਾਰਟੀ ਨੇ ਹਰਭਜਨ ਸਿੰਘ, ਸ਼੍ਰੋਮਣੀ ਅਕਾਲੀ ਦਲ ਨੇ ਮਲਕੀਅਤ ਸਿੰਘ ਨੂੰ ਉਮੀਦਵਾਰੀ ਦਿੱਤੀ ਹੈ ਜਦਕਿ ਗੁਰਨਾਮ ਸਿੰਘ ਦਾਊਦ ਸੰਯੁਕਤ ਸਮਾਜ ਮੋਰਚਾ ਅਤੇ ਗਗਨਦੀਪ ਸਿੰਘ ਭਾਜਪਾ-ਪੰਜਾਬ ਲੋਕ ਕਾਂਗਰਸ ਗਠਜੋੜ ਦੀ ਟਿਕਟ ਤੋਂ ਦਾਹਵੇਦਾਰ ਹਨ।

ਸਮੱਸਿਆਵਾਂ 
-ਸੜਕਾਂ ਦੀ ਖ਼ਸਤਾ ਹਾਲਤ 
-ਬੇਰੁਜ਼ਗਾਰੀ 

ਕੁੱਲ ਵੋਟਰ : 1,79,127
ਮਰਦ ਵੋਟਰ :  94,696 
ਔਰਤ ਵੋਟਰ : 84,429  
ਤੀਜਾ ਲਿੰਗ : 2

10.   ਵਿਧਾਨ ਸਭਾ ਹਲਕਾ ਮਜੀਠਾ 

ਮਜੀਠਾ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਨੁਮਾਇੰਦਗੀ ਕਰਨ ਵਾਲਾ ਹਾਈ ਪ੍ਰੋਫਾਈਲ ਹਲਕਾ ਹੈ ਪਰ ਹੁਣ ਇਥੋਂ ਉਨ੍ਹਾਂ ਦੀ ਪਤਨੀ ਚੋਣ ਮੈਦਾਨ ਵਿਚ ਉਤਰੇ ਹਨ।

ਇਸ ਵਾਰ ਚੋਣਾਂ ਵਿਚ ਕਾਂਗਰਸ ਪਾਰਟੀ ਵਲੋਂ ਜਗਵਿੰਦਰ ਪਾਲ ਸਿੰਘ ਅਤੇ ਆਮ ਆਦਮੀ ਪਾਰਟੀ ਵਲੋਂ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਟੱਕਰ ਦੇ ਰਹੇ ਹਨ। ਇਹ ਪਹਿਲੀ ਵਾਰ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਗੁਨੀਵ ਗਰੇਵਾਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸ ਤਰ੍ਹਾਂ ਹੀ ਪਰਮਜੀਤ ਸਿੰਘ ਜਿਜੇਆਣੀ ਜੋ ਸੰਯੁਕਤ ਸਮਾਜ ਮੋਰਚਾ ਦੀ ਅਗਵਾਈ ਕਰ ਰਹੇ ਹਨ ਅਤੇ ਪਰਦੀਪ ਸਿੰਘ ਭੁੱਲਰ ਭਾਜਪਾ ਗਠਜੋੜ ਦੀ ਟਿਕਟ ਤੋਂ ਚੋਣ ਲੜ ਰਹੇ ਹਨ।

ਸਮੱਸਿਆਵਾਂ 
-ਵੱਡੇ ਉਦਯੋਗ ਦੀ ਘਾਟ
-ਬੇਰੁਜ਼ਗਾਰੀ 
-ਨਸ਼ੇ ਦੀ ਭਰਮਾਰ 

ਕੁੱਲ ਵੋਟਰ : 1,64,687
ਮਰਦ ਵੋਟਰ : 85,906 
ਔਰਤ ਵੋਟਰ : 78,781 
 ਤੀਜਾ ਲਿੰਗ : 0

11.  ਵਿਧਾਨ ਸਭਾ ਹਲਕਾ ਰਾਜਾ ਸਾਂਸੀ 
ਭਾਰਤ-ਪਾਕਿ ਸਰਹੱਦ 'ਤੇ ਸਥਿਤ ਇਸ ਹਲਕੇ ਵਿਚ ਕਈ ਧਾਰਮਿਕ ਸਥਾਨ ਹਨ ਜਿਥੇ ਵੱਡੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੁੰਦੇ ਹਨ। ਵਾਲਮੀਕੀ ਤੀਰਥ ਮੰਦਰ, ਬਾਲਮੀਕੀ ਭਾਈਚਾਰੇ ਦੇ ਪਵਿੱਤਰ ਅਸਥਾਨ ਅਤੇ ਸ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਇਥੇ ਹੀ ਸਥਿਤ ਹੈ।

ਚੁਣਾਵੀ ਪੱਖ ਤੋਂ ਚਰਚਾ ਵਿਚ ਰਹੇ ਇਸ ਹਲਕੇ ਤੋਂ ਕਾਂਗਰਸ ਨੇ ਮੌਜੂਦਾ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਟਿਕਟ ਦਿੱਤੀ ਹੈ। ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਵੀਰ ਸਿੰਘ ਲੋਪੋਕੇ ਨੂੰ ਮੈਦਾਨ ਵਿੱਚ ਉਤਾਰਿਆ ਹੈ ਉਥੇ ‘ਆਪ’ ਨੇ ਬਲਦੇਵ ਸਿੰਘ ਮਿਆਦੀਆਂ ਨੂੰ ਚੋਣ ਅਖਾੜੇ ਵਿਚ ਅੱਗੇ ਕੀਤਾ ਹੈ। ਇਸ ਤਰ੍ਹਾਂ ਹੀ ਡਾ. ਸਤਨਾਮ ਸਿੰਘ ਅਜਨਾਲਾ ਸੰਯੁਕਤ ਸਮਾਜ ਮੋਰਚਾ ਅਤੇ ਸੰਯੁਕਤ ਸੰਘਰਸ਼ ਪਾਰਟੀ ਦੇ ਸਾਂਝੇ ਉਮੀਦਵਾਰ ਹਨ।

ਸਮੱਸਿਆਵਾਂ 
-ਕੋਈ ਵੱਡੀ ਇੰਡਸਟਰੀ ਨਹੀਂ
-ਬੁਨਿਆਦੀ ਸਹੂਲਤਾਂ ਦੀ ਕਮੀ 
-ਨਸ਼ਾ ਤਸਕਰੀ ਵਿਚ ਵਾਧਾ
-ਆਧੁਨਿਕ ਸਹੂਲਤਾਂ ਦੀ ਘਾਟ 

ਕੁੱਲ ਵੋਟਰ : 1,73,551
ਮਰਦ ਵੋਟਰ : 91,415 
ਔਰਤ ਵੋਟਰ : 82,125 
ਤੀਜਾ ਲਿੰਗ : 11