ਪੰਜਾਬ ਵਿਧਾਨ ਸਭਾ ਚੋਣਾਂ: ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਲੇਖਾ-ਜੋਖਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਦੀ ਨੁਮਾਇੰਦਗੀ ਕਾਂਗਰਸ ਵੱਲੋਂ ਕੀਤੀ ਜਾ ਰਹੀ ਹੈ।

Punjab Assembly Elections: District Fatehgarh Sahib

 

ਚੰਡੀਗੜ੍ਹ: ਜ਼ਿਲ੍ਹਾ ਫਤਹਿਗੜ੍ਹ ਸਾਹਿਬ ਸਿੱਖਾਂ ਲਈ ਖ਼ਾਸ ਇਤਿਹਾਸਕ ਮਹੱਤਵ ਰੱਖਦਾ ਹੈ। ਇਹ ਉਹ ਥਾਂ ਹੈ ਜਿੱਥੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਦੋ ਛੋਟੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਨੂੰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਵਲੋਂ ਜ਼ਿੰਦਾ ਨੀਹਾਂ ਵਿਚ ਚਿਣਵਾ ਦਿੱਤਾ ਗਿਆ ਸੀ। ਇਸ ਸਥਾਨ ਉੱਤੇ ਹੁਣ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਸੁਸ਼ੋਭਿਤ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਗੁਰਦੁਆਰਾ ਭੋਰਾ ਸਾਹਿਬ, ਗੁਰਦੁਆਰਾ ਬਿਬਾਨਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵੀ ਸੁਸ਼ੋਭਿਤ ਹੈ। ਜ਼ਿਲ੍ਹੇ ਵਿਚ ਗੁਰਬਾਣੀ ਅਤੇ ਸਿੱਖ ਇਤਿਹਾਸ 'ਤੇ ਸਮਰਪਿਤ ਖੋਜ ਲਈ ਸੂਬੇ ਦੀ ਪਹਿਲੀ ਯੂਨੀਵਰਸਿਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵੀ ਸਥਾਪਤ ਹੈ। ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਨੂੰ ਦੇਸ਼ ਵਿਚ ਲੋਹੇ ਅਤੇ ਸਟੀਲ ਉਦਯੋਗ ਦਾ ਸਭ ਤੋਂ ਵੱਡਾ ਕੇਂਦਰ ਮੰਨਿਆ ਜਾਂਦਾ ਹੈ। ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਦੀ ਨੁਮਾਇੰਦਗੀ ਕਾਂਗਰਸ ਵੱਲੋਂ ਕੀਤੀ ਜਾ ਰਹੀ ਹੈ।

District Fatehgarh Sahib

1. ਹਲਕਾ ਅਮਲੋਹ

ਅਮਲੋਹ ਹਲਕਾ ਏਸ਼ੀਆ ਦੇ ਸਭ ਤੋਂ ਵੱਡੇ ਸਟੀਲ ਸ਼ਹਿਰਾਂ ਵਿਚੋਂ ਇਕ ਮੰਡੀ ਗੋਬਿੰਦਗੜ੍ਹ ਲਈ ਮਸ਼ਹੂਰ ਹੈ। ਪੇਂਡੂ ਅਤੇ ਸ਼ਹਿਰੀ ਵੋਟ ਬੈਂਕ ਵਾਲਾ ਹਲਕਾ ਅਮਲੋਹ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਹੈ। ਹਲਕੇ ਦੀ ਨੁਮਾਇੰਦਗੀ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਵਲੋਂ ਕੀਤੀ ਜਾ ਰਹੀ ਹੈ। ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਇਕ ਵਾਰ ਫਿਰ ਤੋਂ ਰਣਦੀਪ ਸਿੰਘ ਨਾਭਾ ਨੂੰ ਟਿਕਟ ਦਿੱਤੀ ਹੈ। ਉਹਨਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਿੰਦਰ ਸਿੰਘ ਗੈਰੀ ਬੜਿੰਗ, ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂਖੰਨਾ ਨਾਲ ਹੋਵੇਗਾ। ਇਸ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਦਰਸ਼ਨ ਸਿੰਘ ਬੱਬੀ ਅਤੇ ਭਾਜਪਾ ਦੇ ਉਮੀਦਵਾਰ ਅਤੇ ਗੁਰਚਰਨ ਸਿੰਘ ਟੌਹੜਾ ਦੇ ਪੋਤੇ ਕੰਵਰਵੀਰ ਸਿੰਘ ਟੌਹੜਾ ਵੀ ਅਮਲੋਹ ਤੋਂ ਸਿਆਸੀ ਕਿਸਮਤ ਅਜ਼ਮਾਉਣਗੇ।
ਕਾਂਗਰਸ ਨੇ 2002 ਤੋਂ ਹੁਣ ਤੱਕ ਚਾਰ ਵਾਰ ਚੋਣਾਂ ਜਿੱਤੀਆਂ ਹਨ। ਇੱਥੋਂ ਦੋ ਵਾਰ ਜਿੱਤਣ ਵਾਲੇ ਰਣਦੀਪ ਸਿੰਘ ਨੂੰ ਕਾਂਗਰਸ ਸਰਕਾਰ ਦੇ ਦੂਜੇ ਕਾਰਜਕਾਲ ਦੌਰਾਨ ਕੈਬਨਿਟ ਮੰਤਰੀ ਬਣਾਇਆ ਗਿਆ।

Randeep Nabha

ਸਥਾਨਕ ਲੋਕਾਂ ਦੇ ਮੁੱਖ ਮੁੱਦੇ
- ਸੜਕਾਂ ਦੀ ਖਸਤਾ ਹਾਲਤ
- ਮੰਡੀ ਗੋਬਿੰਦਗੜ੍ਹ ਵਿਖੇ ਰੇਲਵੇ ਓਵਰ ਬ੍ਰਿਜ ਦਾ ਕੰਮ ਪੂਰਾ ਕਰਨਾ
- ਗੰਦੇ ਪਾਣੀ ਦੀ ਨਿਕਾਸੀ
-ਵਧੀਆ ਸਿਹਤ ਸਹੂਲਤਾਂ
-ਸਸਤੀ ਬਿਜਲੀ ਦੀ ਮੰਗ
- ਆਲੂ ਕਿਸਾਨ ਵਲੋਂ ਫੂਡ ਪ੍ਰੋਸੈਸਿੰਗ ਯੂਨਿਟ ਦੀ ਮੰਗ

ਕੁੱਲ ਵੋਟਰ- 1,41,200
ਮਰਦ ਵੋਟਰ-74,522
ਔਰਤ ਵੋਟਰ-66,676
ਤੀਜਾ ਲਿੰਗ-2

Gurpreet Singh GP

2. ਹਲਕਾ ਬੱਸੀ ਪਠਾਣਾਂ

ਹਲਕਾ ਬੱਸੀ ਪਠਾਣਾਂ ਰਾਖਵੀਂ ਸੀਟ ਹੈ। ਇਸ ਵਾਰ ਹਲਕੇ ਵਿਚ ਨਾ ਸਿਰਫ਼ ਰਵਾਇਤੀ ਪਾਰਟੀਆਂ ਸਗੋਂ ਆਜ਼ਾਦ ਅਤੇ ਨਵੇਂ ਬਣੇ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਵਿਚ ਵੀ ਤਿੱਖਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ (ਆਜ਼ਾਦ ਉਮੀਦਵਾਰ) ਦੀ ਐਂਟਰੀ ਨਾਲ ਇਸ ਹਲਕੇ ਦਾ ਮੁਕਾਬਲਾ ਕਾਫੀ ਦਿਲਚਸਪ ਹੋਵੇਗਾ। ਕਾਂਗਰਸ ਨੇ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਰੁਪਿੰਦਰ ਸਿੰਘ ਹੈਪੀ, ਅਕਾਲੀ ਦਲ ਤੇ ਬਸਪਾ ਦੇ ਸ਼ਿਵ ਕੁਮਾਰ ਕਲਿਆਣ, ਪੰਜਾਬ ਲੋਕ ਕਾਂਗਰਸ ਦੇ ਦੀਪਕ ਜੋਤੀ ਅਤੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਅਮਨਦੀਪ ਕੌਰ ਅਤੇ ਲੋਕ ਇਨਸਾਫ ਪਾਰਟੀ ਦੇ ਜਗਦੇਵ ਸਿੰਘ ਵੀ ਚੋਣ ਮੈਦਾਨ ਵਿਚ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਗੁਰਪ੍ਰੀਤ ਸਿੰਘ ਜੀਪੀ ਨੇ ਆਮ ਆਦਮੀ ਪਾਰਟੀ ਦੇ ਸੰਤੋਖ ਸਿੰਘ ਨੂੰ ਹਰਾਇਆ ਸੀ। 2012 ਵਿਚ ਬਣੇ ਇਸ ਹਲਕੇ ਵਿਚ ਪਹਿਲੀ ਵਾਰ ਹੋਈਆਂ ਚੋਣਾਂ ਮੌਕੇ ਅਕਾਲੀ ਦਲ ਦੇ ਉਮੀਦਵਾਰ ਜਸਟਿਸ ਨਿਰਮਲ ਸਿੰਘ (ਸੇਵਾਮੁਕਤ) ਜੇਤੂ ਰਹੇ ਸਨ।

Manohar Singh

ਸਥਾਨਕ ਲੋਕਾਂ ਦੇ ਮੁੱਖ ਮੁੱਦੇ

- ਰੁਜ਼ਗਾਰ ਦੇ ਮੌਕਿਆਂ ਦੀ ਘਾਟ
- ਸਿਲਾਈ ਮਸ਼ੀਨ ਨਿਰਮਾਣ ਅਤੇ ਬਲਾਕ ਪ੍ਰਿੰਟਿੰਗ ਯੂਨਿਟਾਂ ਦਾ ਉਦਯੋਗ ਖਤਮ ਹੋਣ ਕੰਢੇ
- ਸੜਕਾਂ ਦੀ ਖ਼ਰਾਬ ਹਾਲਤ

ਕੁੱਲ ਵੋਟਰ-1,48,727
ਮਰਦ ਵੋਟਰ- 78,413
ਔਰਤ ਵੋਟਰ 70,311
ਤੀਜਾ ਲਿੰਗ-3

kuljit singh nagra

3. ਹਲਕਾ ਫਤਹਿਗੜ੍ਹ ਸਾਹਿਬ

ਹਲਕੇ ਦੇ ਦੋ ਮੁੱਖ ਕਸਬੇ  ਸਰਹਿੰਦ ਅਤੇ ਫਤਹਿਗੜ੍ਹ ਸਾਹਿਬ ਹਨ। ਦੋਵੇਂ ਇਤਿਹਾਸਕ ਮਹੱਤਵ ਰੱਖਦੇ ਹਨ। ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਦੋ ਵਾਰ ਵਿਧਾਇਕ ਰਹਿ ਚੁੱਕੇ ਕੁਲਜੀਤ ਸਿੰਘ ਨਾਗਰਾ 'ਤੇ ਭਰੋਸਾ ਜਤਾਇਆ ਹੈ। ਭਾਜਪਾ ਨੇ ਦੀਦਾਰ ਸਿੰਘ ਭੱਟੀ, ਅਕਾਲੀ ਦਲ ਨੇ ਜਗਦੀਪ ਸਿੰਘ ਚੀਮਾ ਅਤੇ 'ਆਪ' ਨੇ ਮੁੜ ਐਡਵੋਕੇਟ ਲਖਬੀਰ ਸਿੰਘ ਰਾਏ ਨੂੰ ਮੈਦਾਨ 'ਚ ਉਤਾਰਿਆ ਹੈ। ਸੰਯੁਕਤ ਸਮਾਜ ਮੋਰਚਾ ਨੇ ਸਰਬਜੀਤ ਸਿੰਘ ਮੱਖਣ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ ਜਦਕਿ ਈਮਾਨ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੁਲਜੀਤ ਸਿੰਘ ਨਾਗਰਾ ਨੇ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜ ਰਹੇ ਦੀਦਾਰ ਸਿੰਘ ਭੱਟੀ ਨੂੰ ਹਰਾਇਆ ਸੀ।

ਸਥਾਨਕ ਲੋਕਾਂ ਦੇ ਮੁੱਖ ਮੁੱਦੇ

- ਸਰਹਿੰਦ ਵਿਚ ਟਰੱਕ ਬਾਡੀ ਬਿਲਡਿੰਗ ਇੰਡਸਟਰੀ ਵਿਚ ਇੰਸਪੈਕਟਰ ਰਾਜ
- ਸੜਕਾਂ ਦੀ ਖਸਤਾ ਹਾਲਤ
-ਸਥਾਨਕ ਸਬਜ਼ੀ ਮੰਡੀ ਨੂੰ ਸ਼ਿਫਟ ਕਰਨਾ
-ਸੀਵਰੇਜ ਦੀ ਸਮੱਸਿਆ
- ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਦਾ ਵਿਰਾਸਤੀ ਢਾਂਚਾ ਖੰਡਰ
-ਬਿਹਤਰ ਰੇਲ ਸੰਪਰਕ

ਕੁੱਲ ਵੋਟਰ-160689
ਮਰਦ ਵੋਟਰ- 84249
ਔਰਤ ਵੋਟਰ -76437
ਤੀਜਾ ਲਿੰਗ-3