ਸੁਖਬੀਰ ਬਾਦਲ ਦੀ ਪਟਿਆਲਾ ਰੈਲੀ ‘ਚ ਗੈਰ-ਹਾਜ਼ਰ ਰਹੇ ਪਰਮਿੰਦਰ ਢੀਂਡਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਪਾਰਟੀ ਵੱਲੋਂ ਕਈ ਮੁੱਦਿਆਂ ਨੂੰ ਲੈ ਕੇ ਪੰਜਾਬ ਕਾਂਗਰਸ ਸਰਕਾਰ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ ਗਿਆ।

Parminder Singh Dhindsa

ਪਟਿਆਲਾ: ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਪਾਰਟੀ ਵੱਲੋਂ ਕਈ ਮੁੱਦਿਆਂ ਨੂੰ ਲੈ ਕੇ ਪੰਜਾਬ ਕਾਂਗਰਸ ਸਰਕਾਰ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਬਿਕਰਮ ਮਜੀਠੀਆ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਰੱਖੜਾ ਸਮੇਤ ਹੋਰ ਆਗੂ ਵੀ ਧਰਨੇ ‘ਚ ਮੌਜੂਦ ਸਨ।

 

ਪਰ ਬਾਗੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਪਟਿਆਲਾ ਵਿਖੇ ਦਿੱਤੇ ਗਏ ਧਰਨੇ ਵਿਚ ਨਹੀਂ ਪਹੁੰਚੇ। ਇਹ ਧਰਨਾ ਕਾਂਗਰਸ ਸਰਕਾਰ ਦੀਆਂ ਕਥਿਤ ਵਧੀਕੀਆਂ ਦੇ ਖਿਲਾਫ ਐਸ ਐਸ ਪੀ ਦਫਤਰ ਦੇ ਸਾਹਮਣੇ ਦਿੱਤਾ ਗਿਆ। ਇਸ ਧਰਨੇ ਵਿਚ ਗਗਨਜੀਤ ਬਰਨਾਲਾ ਉਚੇਚੇ ਤੌਰ 'ਤੇ ਸ਼ਾਮਲ ਹੋਏ ਜਦਕਿ ਪਰਮਿੰਦਰ ਢੀਂਡਸਾ ਨੇ ਧਰਨੇ ਤੋਂ ਦੂਰੀ ਬਣਾ ਕੇ ਰੱਖੀ।

 

ਇਸ ਤੋਂ ਪਹਿਲਾਂ ਪਰਮਿੰਦਰ ਢੀਂਡਸਾ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਵਾਸਤੇ ਹੋਏ ਡੈਲੀਗੇਟ ਇਜਲਾਸ ਵਿਚ ਵੀ ਸ਼ਾਮਲ ਨਹੀਂ ਹੋਏ ਸਨ। ਇਸ ਤੋਂ ਬਾਅਦ ਜਦੋਂ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੇ ਸੁਖਬੀਰ ਬਾਦਲ ਨੂੰ ਸਵਾਲ ਕੀਤਾ ਕਿ ਪਰਮਿੰਦਰ ਢੀਂਡਸਾ ਨਹੀਂ ਆਏ ਤਾਂ ਉਹਨਾਂ ਦਾ ਕਹਿਣਾ ਸੀ ਕਿ ਆਬਜ਼ਰਵਰ ਸਿਰਫ ਚੋਣ ਵਾਸਤੇ ਲਗਾਏ ਗਏ ਸਨ, ਚੋਣ ਖਤਮ ਤਾਂ ਆਬਜ਼ਰਵਰ ਦਾ ਕੰਮ ਵੀ ਖਤਮ ਹੋ ਗਿਆ ਹੈ।

 

ਵਾਰ ਵਾਰ ਪੁੱਛੇ ਜਾਣ 'ਤੇ ਸੁਖਬੀਰ ਨੇ ਇਹ ਕਹਿ ਕੇ ਪੱਲਾ ਛੁਡਾਇਆ ਕਿ ਪਰਮਿੰਦਰ ਕਿਸ ਦੇ ਨਾਲ ਹੈ, ਕਿਸ ਦੇ ਨਹੀਂ, ਉਹ ਇਸ ਵਿਵਾਦ ਵਿਚ ਨਹੀਂ ਪੈਣਾ ਚਾਹੁੰਦੇ।ਦੂਜੇ ਪਾਸੇ ਪਟਿਆਲਾ ਰੈਲੀ 'ਤੇ ਬੋਲਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਰੈਲੀ ਸੁਖਬੀਰ ਬਾਦਲ ਵਲੋਂ ਅਪਣੇ ਤੌਰ 'ਤੇ ਕੀਤੀ ਜਾ ਰਹੀ ਹੈ। ਇਸ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਢੀਂਡਸਾ ਨੇ ਕਿਹਾ ਕਿ ਮੈਨੂੰ ਇਸ ਰੈਲੀ ਵਿਚ ਨਹੀਂ ਬੁਲਾਇਆ ਗਿਆ।

 

ਨਾਭਾ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਢੀਂਡਸਾ ਕੋਲੋਂ ਜਦੋਂ ਪਰਮਿੰਦਰ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਰਮਿੰਦਰ ਅਜੇ ਵਿਦੇਸ਼ ਗਿਆ ਹੋਇਆ ਹੈ ਅਤੇ ਉਥੋਂ ਪਰਤਣ ਤੋਂ ਬਾਅਦ ਉਹ ਮੇਰੇ ਨਾਲ ਹੀ ਆਵੇਗਾ। ਅਕਾਲੀ ਦਲ ਛੱਡਣ 'ਤੇ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਪਾਰਟੀ ਨਹੀਂ ਛੱਡੀ ਸਗੋਂ ਉਨ੍ਹਾਂ ਨੂੰ ਪਾਰਟੀ 'ਚੋਂ ਕਢਿਆ ਗਿਆ ਹੈ।