ਧਾਰਮਿਕ ਪਛਾਣ ਦੱਸਣ ਦਾ ਅਖਾੜਾ ਬਣ ਚੁੱਕੀ ਦੇਸ਼ ਦੀ ਸੰਸਦ!

ਏਜੰਸੀ

ਖ਼ਬਰਾਂ, ਰਾਜਨੀਤੀ

ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਸੰਸਦ ਸੰਸਦ ਮੈਂਬਰਾਂ ਲਈ ਲੋਕ ਮੁੱਦਿਆਂ ਨੂੰ ਉਠਾਉਣ ਦਾ ਇਕ ਵੱਡਾ ਮੰਚ ਨਾ ਹੋ ਕੇ ਧਰਮ ਦੀ ਪਛਾਣ ਦੱਸਣ ਦਾ ਅਖਾੜਾ ਬਣਦੀ ਨਜ਼ਰ ਆ ਰਹੀ ਹੈ।

Parliament of India

ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਸੰਸਦ ਸੰਸਦ ਮੈਂਬਰਾਂ ਲਈ ਲੋਕ ਮੁੱਦਿਆਂ ਨੂੰ ਉਠਾਉਣ ਦਾ ਇਕ ਵੱਡਾ ਮੰਚ ਨਾ ਹੋ ਕੇ ਧਰਮ ਦੀ ਪਛਾਣ ਦੱਸਣ ਦਾ ਅਖਾੜਾ ਬਣਦੀ ਨਜ਼ਰ ਨਹੀਂ ਆ ਰਹੀ ਬਲਕਿ ਬਣ ਚੁੱਕੀ ਹੈ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੌਰਾਨ ਜੋ ਕੁੱਝ ਦੇਸ਼ ਦੀ ਸੰਸਦ ਵਿਚ ਦੇਖਣ ਨੂੰ ਮਿਲਿਆ। ਉਹ ਸ਼ਾਇਦ ਹੀ ਪਹਿਲਾਂ ਕਦੇ ਵੇਖਣ ਨੂੰ ਮਿਲਿਆ ਹੋਵੇ। ਸਹੁੰ ਚੁੱਕ ਸਮਾਗਮ ਦੌਰਾਨ ਸੰਸਦ ਮੈਂਬਰਾਂ ਨੇ ਸੰਸਦ ਦੇ ਹੇਠਲੇ ਸਦਨ ਨੂੰ ਕਿਵੇਂ ਧਰਮ ਦੀ ਪਛਾਣ ਦੱਸਣ ਦਾ ਅਖਾੜਾ ਬਣਾਇਆ, ਇਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ। ਜਿੱਥੇ ਕਈ ਸਾਂਸਦਾਂ ਵੱਲੋਂ ਨਿਯਮਾਂ ਦੇ ਵਿਰੁੱਧ ਜਾ ਕੇ ਸਹੁੰ ਚੁੱਕੀ ਗਈ ਸੀ, ਉਥੇ ਹੀ ਧਾਰਮਿਕ ਪਹਿਚਾਣ ਨਾਲ ਜੁੜੇ ਨਾਅਰਿਆਂ ਦੀ ਮੁਠਭੇੜ ਵੀ ਵੱਡੀ ਪੱਧਰ 'ਤੇ ਦੇਖਣ ਨੂੰ ਮਿਲੀ ਹੈ।

ਲੋਕ ਸਭਾ ਦੇ ਇਤਿਹਾਸ ਵਿਚ ਸੰਭਾਵਿਤ ਤੌਰ 'ਤੇ ਇਹ ਪਹਿਲਾ ਮੌਕਾ ਸੀ ਜਦੋਂ ਸਹੁੰ ਚੁੱਕਣ ਮਗਰੋਂ ਇੰਨੀ ਵੱਡੀ ਗਿਣਤੀ ਵਿਚ ਸਾਂਸਦ ਧਾਰਮਿਕ ਨਾਅਰੇ ਲਗਾਉਂਦੇ ਨਜ਼ਰ ਆਏ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਧਾਰਮਿਕ ਨਾਅਰੇ  ਕੋਈ ਦਿਲੀ ਸ਼ਰਧਾ ਜਾਂ ਖ਼ੁਸ਼ੀ ਵਜੋਂ ਨਹੀਂ ਲਗਾਏ ਗਏ ਬਲਕਿ ਅਪਣੇ ਤੋਂ ਗ਼ੈਰ ਧਰਮ ਦੇ ਸਾਂਸਦਾਂ ਨੂੰ ਚਿੜ੍ਹਾਉਣ ਲਈ ਲਗਾਏ ਗਏ। ਸਾਂਸਦਾਂ ਦੇ ਮੂੰਹੋਂ ਇਸ ਵਾਰ ਸਹੁੰ ਚੁੱਕਣ ਤੋਂ ਬਾਅਦ ਜੈ ਸ੍ਰੀਰਾਮ, ਜੈ ਮਾਂ ਕਾਲੀ, ਜੈ ਭੀਮ, ਜੈ ਸਮਾਜਵਾਦ, ਰਾਧੇ-ਰਾਧੇ, ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਿਹ ਅਤੇ ਅੱਲ੍ਹਾ ਹੂ ਅਕਬਰ ਵਰਗੇ ਨਾਅਰੇ ਸੁਣਨ ਨੂੰ ਮਿਲੇ। ਸੰਸਦ ਵਿਚ ਕਿਉਂਕਿ ਬਹੁ ਗਿਣਤੀ ਸੰਸਦ ਹਿੰਦੂ ਹਨ ਇਸ ਧਾਰਮਿਕ ਨਾਅਰਿਆਂ ਦੀ ਸ਼ੁਰੂਆਤ ਵੀ ਭਾਜਪਾ ਸਾਂਸਦਾਂ ਵੱਲੋਂ ਕੀਤੀ ਗਈ ਹੈ।

ਜਦੋਂ ਵੀ ਕੋਈ ਭਾਜਪਾ ਸਾਂਸਦ ਸਹੁੰ ਚੁੱਕਦਾ ਤਾਂ ਜੈ ਸ੍ਰੀਰਾਮ ਦਾ ਨਾਅਰਾ ਲਗਾਉਂਦਾ ਪਰ ਜਿਵੇਂ ਹੀ ਮੁਸਲਿਮ ਸਾਂਸਦ ਅਸਦੂਦੀਨ ਓਵੈਸੀ ਸਹੁੰ ਚੁੱਕਣ ਲਈ ਆਏ ਤਾਂ ਉਨ੍ਹਾਂ ਨੂੰ ਚਿੜ੍ਹਾਉਣ ਲਈ ਭਾਜਪਾ ਸਾਂਸਦ ਵੰਦੇ ਮਾਤਰਮ ਦੇ ਨਾਅਰੇ ਲਗਾਉਣ ਲੱਗੇ ਪਰ ਜਦੋਂ ਓਵੈਸੀ ਨੇ ਸਹੁੰ ਚੁੱਕਣ ਮਗਰੋਂ ਅੱਲ੍ਹਾ ਹੂ ਅਕਬਰ ਆਖਿਆ ਤਾਂ ਭਾਜਪਾ ਸਾਂਸਦ ਨਾਰਾਜ਼ ਹੋਣ ਲੱਗੇ। ਉਂਝ ਜਦੋਂ ਤੋਂ ਮੋਦੀ ਸਰਕਾਰ ਕੇਂਦਰੀ ਸੱਤਾ ਵਿਚ ਆਈ ਹੈ, ਉਦੋਂ ਤੋਂ ਕਾਫ਼ੀ ਕੁੱਝ ਸੰਪਰਦਾਇਕਤਾ ਦੇ ਰੰਗ ਵਿਚ ਰੰਗਿਆ ਜਾ ਰਿਹਾ ਹੈ। ਭਾਜਪਾ ਨੇਤਾਵਾਂ ਵੱਲੋਂ ਹਰ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਗੱਲ ਨੂੰ ਧਰਮ ਨਾਲ ਜੋੜ ਕੇ ਪੇਸ਼ ਕੀਤਾ ਜਾਂਦਾ ਹੈ ਤਾਂ ਜੋ ਹਿੰਦੂ ਵੋਟ ਬੈਂਕ ਨੂੰ ਪ੍ਰਭਾਵਤ ਕਰਨ ਦਾ ਕੋਈ ਵੀ ਮੌਕਾ ਖੁੰਝ ਨਾ ਜਾਵੇ।

ਬੀਤੇ ਦਿਨੀਂ ਜਨਸੰਖਿਆ ਕੰਟਰੋਲ ਸਬੰਧੀ ਇਕ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਹਿੰਦੂ-ਮੁਸਲਿਮ ਵਿਚ ਤਬਦੀਲ ਕਰ ਦਿੱਤਾ ਗਿਆ ਅਤੇ ਜਮ ਕੇ ਭੜਕਾਊ ਭਾਸ਼ਣ ਦਿੱਤੇ ਗਏ। ਹੋਰ ਤਾਂ ਹੋਰ ਮੋਦੀ ਸਰਕਾਰ ਵੱਲੋਂ 'ਭਾਰਤੀ ਜਨਔਸ਼ਧੀ ਪਰਿਯੋਜਨਾ' ਨਾਂਅ ਦੀ ਇਕ ਸਰਕਾਰੀ ਯੋਜਨਾ ਤਹਿਤ ਕਥਿਤ ਤੌਰ 'ਤੇ 'ਭਾਜਪਾ' ਪਾਰਟੀ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਈ ਸ਼ਹਿਰਾਂ ਦੇ ਨਾਵਾਂ ਦਾ ਹਿੰਦੂਕਰਨ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਚੀਜ਼ਾਂ 'ਤੇ ਭਗਵਾਕਰਨ ਦਾ ਰੰਗ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ।

ਜਦੋਂ ਇੰਨਾ ਸਭ ਕੁੱਝ ਮੋਦੀ ਸਰਕਾਰ ਦੇ ਪਿਛਲੇ ਕਾਰਜਕਾਲ ਦੌਰਾਨ ਹੋਇਆ ਤਾਂ ਨਵੇਂ ਕਾਰਜਕਾਲ ਵਿਚ ਤਾਂ ਕੁੱਝ ਇਸ ਤੋਂ ਵਧਕੇ ਹੀ ਹੋਣਾ ਸੀ, ਜੋ ਸੰਸਦ ਦੇ ਸਹੁੰ ਚੁੱਕ ਸਮਾਗਮ ਦੌਰਾਨ ਸਭ ਨੇ ਦੇਖ ਹੀ ਲਿਆ ਕਿ ਕਿਵੇਂ ਸੰਸਦ ਇਕ ਸੰਸਦ ਨਾ ਹੋ ਕੇ ਧਾਰਮਿਕ ਜ਼ੋਰ ਅਜ਼ਮਾਇਸ਼ ਦਾ ਅਖਾੜਾ ਜਾਪ ਰਹੀ ਸੀ। ਇਸ ਰੁਝਾਨ ਦਾ ਭਾਵੇਂ ਕਿੰਨਾ ਹੀ ਵਿਰੋਧ ਕੀਤਾ ਜਾ ਰਿਹਾ ਹੈ ਪਰ ਵਿਰੋਧੀਆਂ ਦਾ ਕਹਿਣਾ ਹੈ ਕਿ ਇਸ ਮੰਦਭਾਗੇ ਰੁਝਾਨ ਨੇ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਤੇਜ਼ੀ ਫੜੀ ਹੋਈ ਹੈ। ਸੰਸਦ ਵਿਚ ਧਾਰਮਿਕ ਨਾਅਰੇ ਗੂੰਜਣੇ ਅਤੇ ਭਾਰਤੀ ਕ੍ਰਿਕਟ ਟੀਮ ਦੀ ਭਗਵਾ ਵਰਦੀ ਇਸ ਦੀ ਤਾਜ਼ਾ ਮਿਸਾਲ ਹੈ।

ਦੇਖੋ ਵੀਡੀਓ: 

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ