‘ਜੋ ਕਰਨਾ ਹੈ ਕਰੋ, ਮੈਂ ਇੰਦਰਾ ਗਾਂਧੀ ਦੀ ਪੋਤੀ ਹਾਂ, BJP ਦੀ ਅਣਐਲਾਨੀ ਬੁਲਾਰਾ ਨਹੀਂ’

ਏਜੰਸੀ

ਖ਼ਬਰਾਂ, ਰਾਜਨੀਤੀ

ਨੋਟਿਸ ‘ਤੇ ਪ੍ਰਿਯੰਕਾ ਗਾਂਧੀ ਦਾ ਜਵਾਬ

Priyanka Gandhi

ਨਵੀਂ ਦਿੱਲੀ: ਕਾਨਪੁਰ ਦੇ ਸ਼ੈਲਟਰ ਹੋਮ ਵਿਚ ਕਈ ਬੱਚਿਆਂ ਨੂੰ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਸਿਆਸੀ ਮਾਹੌਲ ਭਖਦਾ ਜਾ ਰਿਹਾ ਹੈ। ਇਸ ਮਾਮਲੇ ‘ਤੇ ਬੀਤੇ ਦਿਨ ਉੱਤਰ ਪ੍ਰਦੇਸ਼ ਬਾਲ ਸੁਰੱਖਿਆ ਕਮਿਸ਼ਨ ਨੇ ਕਾਂਗਰਸ ਜਰਨਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਨੋਟਿਸ ਭੇਜਿਆ ਸੀ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਉਹ ਇੰਦਰਾ ਗਾਂਧੀ ਦੀ ਪੋਤੀ ਹੈ, ਕੋਈ ਅਣਐਲਾਨੀ ਬੁਲਾਰਾ ਨਹੀਂ।

ਪ੍ਰਿਯੰਕਾ ਗਾਂਧੀ ਵਾਡਰਾ ਨੇ ਅਪਣੇ ਟਵਿਟਰ ‘ਤੇ ਲਿਖਿਆ, ‘ਜਨਤਾ ਦੇ ਸੇਵਕ ਵਜੋਂ ਮੇਰਾ ਫਰਜ਼ ਉੱਤਰ ਪ੍ਰਦੇਸ਼ ਦੇ ਲੋਕਾਂ ਪ੍ਰਤੀ ਹੈ ਅਤੇ ਫਰਜ਼ ਉਨ੍ਹਾਂ ਸਾਹਮਣੇ ਸੱਚਾਈ ਪੇਸ਼ ਕਰਨ ਦਾ ਹੈ। ਕਿਸੇ ਸਰਕਾਰੀ ਪ੍ਰਾਪਗੇਂਡਾ ਨੂੰ ਅੱਗੇ ਰੱਖਣਾ ਨਹੀਂ ਹੈ।  ਯੂਪੀ ਸਰਕਾਰ ਆਪਣੇ ਹੋਰ ਵਿਭਾਗਾਂ ਵੱਲੋਂ ਮੈਨੂੰ ਧਮਕੀਆਂ ਦੇ ਕੇ ਆਪਣਾ ਸਮਾਂ ਬਰਬਾਦ ਕਰ ਰਹੀ ਹੈ’। ਪ੍ਰਿਯੰਕਾ ਗਾਂਧੀ ਨੇ ਅੱਗੇ ਲਿਖਿਆ ਕਿ ਜੋ ਵੀ ਕਾਰਵਾਈ ਕਰਨਾ ਚਾਹੁੰਦੇ ਹੋ, ਬੇਸ਼ੱਕ ਕਰੋ, ਮੈਂ ਸੱਚਾਈ ਸਾਹਮਣੇ ਰੱਖਦੀ ਰਹਾਂਗੀ। ਮੈਂ ਇੰਦਰਾ ਗਾਂਧੀ ਦੀ ਪੋਤੀ ਹਾਂ, ਕੁਝ ਵਿਰੋਧੀ ਨੇਤਾਵਾਂ ਦੀ ਤਰ੍ਹਾਂ ਭਾਜਪਾ ਦੀ ਅਣਐਲਾਨੀ ਬੁਲਾਰਾ ਨਹੀਂ’।

ਦੱਸ ਦਈਏ ਕਿ ਬੀਤੇ ਦਿਨ ਕਾਨਪੁਰ ਦੇ ਇਕ ਸ਼ੈਲਟਰ ਹੋਮ ਵਿਚ ਉਸ ਸਮੇਂ ਹੜਕੰਪ ਮਚ ਗਿਆ ਸੀ, ਜਦੋਂ ਇੱਥੇ 57 ਲੜਕੀਆਂ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਇਸ ਤੋਂ ਇਲਾਵਾ ਇਹਨਾਂ ਵਿਚੋਂ 6 ਲੜਕੀਆਂ ਗਰਭਵਤੀ ਵੀ ਸੀ। ਇਸ ਤੋਂ ਬਾਅਦ ਪ੍ਰਿਯੰਕਾ ਗਾਂਧੀ ਇਸ ਮਾਮਲੇ ਨੂੰ ਚੁੱਕ ਰਹੀ ਸੀ।

ਬੀਤੇ ਦਿਨ ਪ੍ਰਿਯੰਕਾ ਗਾਂਧੀ ਨੇ ਅਪਣੀ ਫੇਸਬੁੱਕ ਪੋਸਟ ਵਿਚ ਕਾਨਪੁਰ ਸ਼ੈਲਟਰ ਹੋਮ ਵਿਚ ਨਾਬਾਲਿਗ ਲੜਕੀਆਂ ਦੇ ਗਰਭਵਤੀ ਹੋਣ ਅਤੇ ਖ਼ਾਸ ਕਰ ਕੇ ਐਚਆਈਵੀ ਅਤੇ ਹੈਪੇਟਾਇਸ ਸੀ ਨਾਲ ਸੰਕਰਮਿਤ ਹੋਣ ਦੀ ਗੱਲ ਕਹੀ ਸੀ। ਇਸ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਬਾਲ ਸੁਰੱਖਿਆ ਕਮਿਸ਼ਨ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਸੀ। ਨੋਟਿਸ ਵਿਚ ਕਿਹਾ ਗਿਆ ਸੀ ਕਿ ਇਸ ਪੋਸਟ ਨੂੰ ਤਿੰਨ ਦਿਨ ਦੇ ਅੰਦਰ ਹਟਾਇਆ ਜਾਵੇ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।