ਚਿੱਠੀ ਵਿਵਾਦ ਤੋਂ ਬਾਅਦ ਕਾਂਗਰਸ ਵਿਚ ਘਮਸਾਨ! ਗੁਲਾਮ ਨਬੀ ਨੂੰ ਪਾਰਟੀ ‘ਚੋਂ ‘ਅਜ਼ਾਦ’ ਕਰਨ ਦੀ ਮੰਗ

ਏਜੰਸੀ

ਖ਼ਬਰਾਂ, ਰਾਜਨੀਤੀ

ਉੱਤਰ ਪ੍ਰਦੇਸ਼ ਦੇ ਕਾਂਗਰਸ ਨੇਤਾ ਅਤੇ ਸਾਬਕਾ ਵਿਧਾਨ ਪਰੀਸ਼ਦ ਮੈਂਬਰ ਨਸੀਬ ਪਠਾਣ ਨੇ ਸੀਨੀਅਰ ਪਾਰਟੀ ਨੇਤਾ ਗੁਲਾਮ ਨਬੀ ਅਜ਼ਾਦ ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ

Ghulam Nabi Azad

ਨਵੀਂ ਦਿੱਲੀ: ਕਾਂਗਰਸ ਦੇ 23 ਨੇਤਾਵਾਂ ਵੱਲੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ ਦੌਰਾਨ ਉੱਤਰ ਪ੍ਰਦੇਸ਼ ਦੇ ਕਾਂਗਰਸ ਨੇਤਾ ਅਤੇ ਸਾਬਕਾ ਵਿਧਾਨ ਪਰੀਸ਼ਦ ਮੈਂਬਰ ਨਸੀਬ ਪਠਾਣ ਨੇ ਸ਼ੁੱਕਰਵਾਰ ਨੂੰ ਸੀਨੀਅਰ ਪਾਰਟੀ ਨੇਤਾ ਗੁਲਾਮ ਨਬੀ ਅਜ਼ਾਦ ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ।

ਉਹਨਾਂ ਨੇ ਕਿਹਾ ਕਿ ਪਾਰਟੀ ਨੇ ਅਜ਼ਾਦ ਨੂੰ ਬਹੁਤ ਕੁਝ ਦਿੱਤਾ ਪਰ ਉਹਨਾਂ ਨੇ ਵਫ਼ਾਦਾਰੀ ਨਹੀਂ ਕੀਤੀ। ਸੰਗਠਨ ਵਿਚ ਵਿਆਪਕ ਤਬਦੀਲੀ ਅਤੇ ਪ੍ਰਧਾਨ ਦੀ ਮੰਗ ਨੂੰ ਲੈ ਕੇ ਸੋਨੀਆ ਗਾਂਧੀ ਨੂੰ ਚਿੱਠੀ ਲਿਖਣ ਵਾਲੇ ਨੇਤਾਵਾਂ ਵਿਚ ਅਜ਼ਾਦ ਵੀ ਸ਼ਾਮਲ ਹਨ। ਨਸੀਬ ਪਠਾਣ ਨੇ ਕਿਹਾ, ‘ਕਾਂਗਰਸ ਵਰਕਿੰਗ ਕਮੇਟੀ ਵਿਚ ਸਭ ਕੁਝ ਤੈਅ ਹੋ ਗਿਆ ਸੀ। ਸੋਨੀਆ ਗਾਂਧੀ ਨੇ ਵੀ ਇਸ ਮੁੱਦੇ ‘ਤੇ ਵਿਵਾਦ ਨੂੰ ਖਤਮ ਕਰਨ ਦੀ ਗੱਲ ਕਹਿ ਦਿੱਤੀ ਸੀ, ਉਸ ਤੋਂ ਬਾਅਦ ਵੀ ਅਜ਼ਾਦ ਨੇ ਮੀਡੀਆ ਨਾਲ ਗੱਲ ਕਰਕੇ ਪਾਰਟੀ ਖਿਲਾਫ਼ ਬਿਆਨ ਦਿੱਤਾ’।

ਉਹਨਾਂ ਨੇ ਕਿਹਾ ਕਿ ਗੁਲਾਮ ਨਬੀ ਨੇ ਜਿਸ ਤਰ੍ਹਾਂ ਪਾਰਟੀ ਦਾ ਅਨੁਸ਼ਾਸਨ ਤੋੜਿਆ ਹੈ। ਉਸ ਤੋਂ ਬਾਅਦ ਉਹਨਾਂ ਨੂੰ ਪਾਰਟੀ ਤੋਂ ‘ਅਜ਼ਾਦ’ ਕਰ ਦੇਣਾ ਚਾਹੀਦਾ ਹੈ। ਪਠਾਨ ਨੇ ਕਿਹਾ ਕਿ ਸ਼ਾਇਦ ਗੁਲਾਮ ਨਬੀ ਭੁੱਲ਼ ਗਏ ਹਨ ਕਿ ਉਹਨਾਂ ਨੂੰ ਸੋਨੀਆ ਗਾਂਧੀ ਨੇ ਜੰਮੂ-ਕਸ਼ਮੀਰ ਦਾ ਮੁੱਖ ਮੰਤਰੀ ਪਹਿਲਾਂ ਬਣਾ ਦਿੱਤਾ ਸੀ, ਬਾਅਦ ਵਿਚ ਇਹ ਉਪ ਚੋਣਾਂ ਜਿੱਤੀਆਂ ਸਨ।

ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਪਠਾਨ ਨੇ ਇਕ ਵੀਡੀਓ ਜਾਰੀ ਕਰ ਕੇ ਵੀ ਅਜ਼ਾਦ ਨੂੰ ਕਾਂਗਰਸ ਤੋਂ ਬਾਹਰ ਕਰਨ ਦੀ ਮੰਗ ਕੀਤੀ ਸੀ। ਉਹਨਾਂ ਨੇ ਪਾਰਟੀ ਹਾਈ ਕਮਾਨ ਕੋਲ ਵੀ ਇਹ ਮੰਗ ਕੀਤੀ ਕਿ ਅਜਿਹੇ ਲੋਕਾਂ ਨੂੰ ਜੋ ਪਾਰਟੀ ਵਿਚ ਗੱਲਾਂ ਨਾ ਕਰ ਕੇ ਬਾਹਰ ਗੱਲ ਕਰਦੇ ਹਨ, ਉਹਨਾਂ ਨੂੰ ਪਾਰਟੀ ‘ਚੋਂ ਕੱਢ ਦੇਣਾ ਚਾਹੀਦਾ ਹੈ।