ਸੰਦੌੜ ’ਚ ਅੰਮ੍ਰਿਤਧਾਰੀ ਬਜ਼ੁਰਗ ਦੀ ਬੇਰਹਿਮੀ ਨਾਲ ਕੁੱਟਮਾਰ, ਹਸਪਤਾਲ ’ਚ ਹੋਈ ਮੌਤ
ਬਜ਼ੁਰਗ ਵਿਅਕਤੀ ਜਲ ਸਪਲਾਈ ਵਿਭਾਗ ਦਾ ਕਰਮਚਾਰੀ ਸੀ
ਸੰਗਰੂਰ: ਬੀਤੇ ਦਿਨੀਂ ਮਲੇਰਕੋਟਲਾ ਦੇ ਪਿੰਡ ਸੰਦੋੜ ਵਿਚ ਇਕ ਅੰਮ੍ਰਿਤਧਾਰੀ ਬਜ਼ੁਰਗ ਵਿਅਕਤੀ ਨਾਲ ਕੁੱਟਮਾਰ ਦੀ ਘਟਨਾ ਵਾਪਰੀ ਸੀ ਤੇ ਇਸ ਘਟਨਾ ਵੀਡੀਓ ਵੀ ਵਾਇਰਲ ਹੋ ਰਹੀ ਹੈ। ਕੁੱਟਮਾਰ ਤੋਂ ਬਾਅਦ ਬਜ਼ੁਰਗ ਕੋਮਾ ਵਿਚ ਚਲਾ ਗਿਆ ਸੀ। ਅੱਜ ਉਸ ਬਜ਼ੁਰਗ ਦੀ ਲੁਧਿਆਣਾ ਵਿਚ ਇਲਾਜ ਦੌਰਾਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ, ਮ੍ਰਿਤਕ ਲਾਭ ਸਿੰਘ ਜਲ ਸਪਲਾਈ ਵਿਭਾਗ ਦਾ ਕਰਮਚਾਰੀ ਸੀ ਤੇ ਉਹ ਮਨੋਹਰ ਲਾਲ ਨਾਂਅ ਦੇ ਵਿਅਕਤੀ ਘਰ ਪਾਣੀ ਦਾ ਬਿੱਲ ਲੈਣ ਗਿਆ ਸੀ, ਜਿੱਥੇ ਮੌਜੂਦ 2 ਨੌਜਵਾਨਾਂ ਨੇ ਉਸ ਨੂੰ ਕਮਰੇ ਵਿਚ ਡੱਕ ਕੇ ਬੁਰੀ ਤਰ੍ਹਾਂ ਕੁੱਟਿਆ।
ਮਨੋਹਰ ਲਾਲ ਦੇ ਘਰ ਦੀਆਂ ਔਰਤਾਂ ਵੀ ਇਸ ਕੁੱਟਮਾਰ ਵਿਚ ਸ਼ਾਮਲ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਲੇਰਕੋਟਲਾ ਦੇ ਡੀਐਸਪੀ ਸੁਮਿਤ ਸੂਦ ਨੇ ਦੱਸਿਆ ਕਿ ਸੰਦੌੜ ਥਾਣੇ ਵਿਚ ਧਾਰਾ 308 ਤਹਿਤ ਮਨੋਹਰ ਲਾਲ ਤੇ ਉਸ ਦੇ ਦੋ ਸਾਥੀਆਂ ’ਤੇ ਮੁਕੱਦਮਾ ਨੰਬਰ 38 ਦਰਜ ਕਰ ਲਿਆ ਗਿਆ ਹੈ। ਮਨੋਹਰ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਉਸ ਦੇ ਦੋ ਸਾਥੀ ਅਜੇ ਫ਼ਰਾਰ ਹਨ, ਜਿੰਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਡੀਐਸਪੀ ਨੇ ਦੱਸਿਆ ਕਿ ਮੌਤ ਦੀ ਪੁਸ਼ਟੀ ਹੋਣ ’ਤੇ ਧਾਰਾਵਾਂ ਵਿਚ ਵਾਧਾ ਕੀਤਾ ਜਾ ਸਕਦਾ ਹੈ।