ਤਨਖ਼ਾਹ ਨਾ ਮਿਲਣ ਕਰਕੇ ਨਗਰ ਨਿਗਮ ਦੇ ਕਰਮਚਾਰੀਆਂ ਨੇ ਦਿਤਾ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੇਅਰ ਦੇ ਭਰੋਸੇ ਤੋਂ ਬਾਅਦ ਕਰਮਚਾਰੀਆਂ ਨੇ ਚੁੱਕਿਆ ਧਰਨਾ

Protest by Nagar Nigam Employees

ਲੁਧਿਆਣਾ: ਨਗਰ ਨਿਗਮ ਦੇ ਕਰਮਚਾਰੀਆਂ ਵਲੋਂ ਲੁਧਿਆਣਾ ਦੇ ਜ਼ੋਨ-ਏ ਵਿਚ ਭਾਰੀ ਗਰਮੀ ਦੇ ਮੌਸਮ ਵਿਚ ਧਰਨਾ ਦਿਤਾ ਗਿਆ। ਕਰਮਚਾਰੀਆਂ ਨੇ ਅਪਣੀਆਂ ਮੰਗਾਂ ਬਾਰੇ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖ਼ਾਹ ਨਹੀਂ ਦਿਤੀ ਗਈ, ਜਿਸ ਕਰਕੇ ਉਨ੍ਹਾਂ ਨੇ ਸੜਕਾਂ ’ਤੇ ਉਤਰ ਕੇ ਅਪਣੀਆਂ ਮੰਗਾਂ ਮਨਵਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਬੰਧਤ ਅਧਿਕਾਰੀਆਂ ਵਲੋਂ ਲਗਾਤਾਰ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ।

ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਰਕੇ ਉਨ੍ਹਾਂ ਦੇ ਲਈ ਅਪਣੇ ਪਰਵਾਰ ਦਾ ਪ੍ਰਵਾਹ ਚਲਾਉਣਾ ਵੀ ਔਖਾ ਹੋ ਗਿਆ ਹੈ। ਨਾਲ ਉਨ੍ਹਾਂ ਇਹ ਵੀ ਦੱਸਿਆ ਕਿ ਤਨਖ਼ਾਹ ਦੀ ਮੰਗ ਨੂੰ ਲੈ ਕੇ ਉਨ੍ਹਾਂ ਵਲੋਂ ਪਹਿਲਾਂ ਵੀ ਪ੍ਰਦਰਸ਼ਨ ਕੀਤਾ ਗਿਆ ਸੀ ਪਰ ਉਨ੍ਹਾਂ ਦੀਆਂ ਮੰਗਾਂ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ।

ਕਰਮਚਾਰੀਆਂ ਵਲੋਂ ਲਗਾਏ ਗਏ ਧਰਨੇ ਦੀ ਜਾਣਕਾਰੀ ਜਦੋਂ ਮੇਅਰ ਨੂੰ ਮਿਲੀ ਤਾਂ ਉਹ ਮੌਕੇ ’ਤੇ ਪਹੁੰਚੇ ਤੇ ਕਰਮਚਾਰੀਆਂ ਨੂੰ ਭਰੋਸਾ ਦਿਤਾ ਕਿ ਦੋ ਦਿਨ ਦੇ ਅੰਦਰ ਉਨ੍ਹਾਂ ਨੂੰ ਤਨਖ਼ਾਹ ਦਿਤੀ ਜਾਵੇ। ਮੇਅਰ ਦੇ ਭਰੋਸੇ ਤੋਂ ਨਗਰ ਨਿਗਮ ਦੇ ਕਰਮਚਾਰੀਆਂ ਨੇ ਅਪਣਾ ਧਰਨਾ ਦੋ ਦਿਨ ਲਈ ਟਾਲ ਦਿਤਾ ਹੈ।