ਬਦਨੌਰ ਨੇ ਡੱਡੂਮਾਜਰਾ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਗਰ ਨਿਗਮ ਚੰਡੀਗੜ੍ਹ ਵਲੋਂ ਡੱਡੂਮਾਜਰਾ ਵਿਚ ਚਲਾਏ ਜਾ ਰਹੇ ਗਾਰਬੇਜ ਪਲਾਂਟ ਦੁਆਲੇ ਡੰਪਿੰਗ ਗਰਾਊਂਡ 'ਚ ਫ਼ੈਲੇ ਸੀਵਰੇਜ ਦੇ ਪਾਣੀ ਤੋਂ ਪ੍ਰੇਸ਼ਾਨ............

V.P. Singh Badnore during Dadu Majra's visit

ਚੰਡੀਗੜ੍ਹ  : ਨਗਰ ਨਿਗਮ ਚੰਡੀਗੜ੍ਹ ਵਲੋਂ ਡੱਡੂਮਾਜਰਾ ਵਿਚ ਚਲਾਏ ਜਾ ਰਹੇ ਗਾਰਬੇਜ ਪਲਾਂਟ  ਦੁਆਲੇ ਡੰਪਿੰਗ ਗਰਾਊਂਡ 'ਚ ਫ਼ੈਲੇ ਸੀਵਰੇਜ ਦੇ ਪਾਣੀ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਜਾਣਨ ਲਈ ਯੂ.ਟੀ. ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਦੌਰਾ ਕੀਤਾ। ਇਸ ਤੋਂ ਪਹਿਲਾਂ ਹੀ ਇਲਾਕੇ ਦੇ ਲੋਕਾਂ ਦੁਆਰਾ ਟੁੱਟੀਆਂ ਸੜਕਾਂ, ਥਾਂ ਰੁਕੇ ਪਏ ਸੀਵਰੇਜ ਦੇ ਗੰਦੇ ਪਾਣੀ ਸਮੇਤ ਹੋਰ ਕੂੜਾ ਕਰਕਟ ਨੂੰ ਹਟਾ ਕੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਰਾਤੋ-ਰਾਤ ਪ੍ਰਸ਼ਾਸਕੀ ਅਮਲੇ ਦੀਆਂ ਅੱਖਾਂ 'ਚ ਪੂਰੀ ਤਰ੍ਹਾਂ ਘੱਟਾ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ

ਤਾਕਿ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਜ਼ਿੰਮੇਵਾਰ ਅਫ਼ਸਰਾਂ ਦੀ ਝਾੜ-ਝੰਭ ਨਾ ਕਰ ਸਕਣੇ। ਇਸ ਮੌਕੇ ਉਨ੍ਹਾਂ ਡੱਡੂਮਾਜਰਾ ਦੇ ਲੋਕਾਂ ਨਾਲ ਗੱਲਬਾਤ ਕਰ ਕੇ ਛੇਤੀ ਹੀ ਖਾਂਸੀ, ਦਮਾ, ਸਾਹ ਦੇ ਰੋਗਾਂ ਤੇ ਚਮੜੀ ਦੇ ਗੰਭੀਰ ਰੋਗਾਂ ਤੋਂ ਇਲਾਵਾ ਪਿੰਡ ਦੇ ਆਲੇ-ਦੁਆਲੇ ਫੈਲੀ ਗੰਦਗੀ ਅਤੇ ਬਦਬੂ ਤੋਂ ਛੁਟਕਾਰਾ ਦਿਵਾਉਣ ਦਾ ਭਰੋਸਾ ਵੀ ਦਿਤਾ। ਜ਼ਿਕਰਯੋਗ ਡੱਡੂਮਾਜਰਾ ਕੂੜਾ ਪਲਾਂਟ ਚਲਾ ਰਹੀ ਕੰਪਨੀ ਸ਼ਹਿਰ ਦੇ ਅੱਧੇ ਹੀ ਕੂੜਾ-ਕਰਕਟ ਨੂੰ ਚੁਕ ਰਹੀ ਹੈ। ਇਸ ਮੌਕੇ ਬਦਨੌਰ ਨੇ ਨਗਰ ਨਿਗਮ ਵਲੋਂ ਨਵੇਂ ਗਰੀਨ ਫਿਊਲ ਪ੍ਰੋਸੈਸਿੰਗ ਪਲਾਂਟ ਅਤੇ ਸੈਕਟਰ-25 ਦੇ ਕੈਟਲ ਪੌਂਡ ਦਾ ਦੌਰਾ ਵੀ ਕੀਤਾ

ਜਿਥੇ ਸ਼ਹਿਰ 'ਚ ਫੜੇ ਆਵਾਰਾਂ ਪਸ਼ੂਆਂ ਤੇ ਗਾਵਾਂ ਆਦਿ ਦੀ ਨਗਰ ਨਿਗਮ ਵਲੋਂ ਸਾਂਭ-ਸੰਭਾਲ ਕੀਤੀ ਜਾ ਰਹੀ ਹੈ। ਇਸ ਮੌਕੇ ਡੱਡੂਮਾਜਰਾ ਦੇ ਪੜ੍ਹੇ-ਲਿਖੇ ਨੌਜਵਾਨ ਸੁਰਿੰਦਰ, ਬੰਟੀ ਅਤੇ ਭੋਲੇ ਨੇ ਯੂ.ਟੀ. ਪ੍ਰਸ਼ਾਸਕ ਨੂੰ ਸਵਾਲ ਕਰਦਿਆਂ ਕਿਹਾ ਕਿ ਜਦ ਪਿੰਡ ਵਾਸੀਆਂ ਨੂੰ ਪ੍ਰਸ਼ਾਸਨ ਨੇ ਡੱਡੂਮਾਜਰਾ 'ਚ ਵਸਾਇਆ ਸੀ ਤਾਂ ਹੁਣ ਵਾਲੇ ਡੰਪਿੰਗ ਗਰਾਊਂਡ ਵਿਚ ਪਿੰਡ ਦੇ ਨੌਜਵਾਨ ਖੇਡਿਆ ਕਰਦੇ ਸਨ ਪਰ 2008 ਵਿਚ ਨਗਰ ਨਿਗਮ ਨੇ ਸ਼ਹਿਰ ਦੇ ਕੂੜਾ-ਕਰਕਟ ਦੀ ਪ੍ਰੋਸੈਸਿੰਗ ਕਰ ਕੇ ਖਾਦ ਬਣਾਉਣ ਦਾ ਕਾਰਖ਼ਾਨਾ ਲਾ ਦਿਤਾ ਜਿਸ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿਤਾ ਅਤੇ ਖੇਡ ਮੈਦਾਨ 'ਚ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ

ਜਿਸ ਨਾਲ ਪਿਛਲੇ 10 ਸਾਲਾਂ ਤੋਂ ਪਿੰਡ ਦੇ ਲੋਕ ਨਰਕਾਂ 'ਚ ਪੈ ਗਏ।  ਬਦਨੌਰ ਨੇ ਨਗਰ ਨਿਗਮ ਦੇ ਮੇਅਰ ਦਿਵੇਸ਼ ਮੋਦਗਿਲ, ਕਮਿਸ਼ਨਰ ਕਮਲ ਕਿਸ਼ੋਰ ਯਾਦਵ ਅਤੇ ਗ੍ਰਹਿ ਸਕੱਤਰ ਨੂੰ ਡੱਡੂਮਾਜਰਾ ਦੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਅਤੇ ਕੂੜਾ-ਕਰਕਟ ਦੀ ਪਿੜਾਈ ਲਈ ਨਵਾਂ ਤੇ ਵੱਖਰਾ ਪਲਾਂਟ ਲਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਦੱਸਣਯੋਗ ਹੈ ਕਿ ਡੱਡੂਮਾਜਰਾ ਦੀ ਇਸ ਗੰਭੀਰ ਸਮੱਸਿਆਨਾਲ ਸੈਕਟਰ-37, 38, 39 ਤਕ ਦੇ ਲੋਕ ਵੀ ਗੰਭੀਰ ਰੋਗਾਂ ਦੇ ਸ਼ਿਕਾਰ ਤੇ ਗੰਦੀ ਅਤੇ ਬਦਬੂਦਾਰ ਪੌਣ-ਪਾਣੀ ਤੋਂ ਡਾਹਢੇ ਪ੍ਰੇਸ਼ਾਨ ਹੋ ਰਹੇ ਹਨ। ਇਲਾਕੇ ਦੇ ਕੌਂਸਲਰਾਂ ਨੇ ਇਸ ਮਾਮਲਾ ਦੇ ਹੱਲ ਕੱਢਣ ਕਈ ਵਾਰ ਜ਼ੋਰ ਦਿਤਾ ਪਰ ਮਾਮਲਾ ਜਿਉਂ ਦਾ ਤਿਉਂ ਲਟਕ ਗਿਆ ਹੈ।