5ਵੇਂ ਮੈਗਾ ਰੁਜ਼ਗਾਰ ਮੇਲੇ 'ਚ 1,16,438 ਨੌਜਵਾਨਾਂ ਨੂੰ ਮਿਲਿਆ ਰੁਜ਼ਗਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੇ ਲਿਆਂਦਾ ਨੌਕਰੀਆਂ ਦਾ ਹੜ੍ਹ

Punjab govt conclude jobs 116,438 youths at 5th Mega Job Fair

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ 'ਘਰ ਘਰ ਰੁਜ਼ਗਾਰ ਸਕੀਮ' ਅਧੀਨ 5ਵੇਂ ਮੈਗਾ ਰੁਜ਼ਗਾਰ ਮੇਲੇ ਦੌਰਾਨ 1,16,438 ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ। ਇਸ ਤੋਂ ਇਲਾਵਾ ਇਸ ਮੈਗਾ ਰੁਜ਼ਗਾਰ ਮੇਲੇ ਦੌਰਾਨ ਸਰਕਾਰ ਵਲੋਂ 40,688 ਨੌਜਵਾਨਾਂ ਦੀ ਸਵੈ-ਰੁਜ਼ਗਾਰ ਅਤੇ 9016 ਨੌਜਵਾਨਾਂ ਦੀ ਹੁਨਰ ਸਿਖਲਾਈ ਲਈ ਚੋਣ ਕੀਤੀ ਗਈ ਹੈ। ਮੁੱਖ ਮੰਤਰੀ ਨੇ 9 ਸਤੰਬਰ ਤੋਂ ਸ਼ੁਰੂ ਹੋਏ ਇਸ ਰੁਜ਼ਗਾਰ ਮੇਲੇ ਨੂੰ ਸਫ਼ਲ ਬਣਾਉਣ ਲਈ ਰੁਜ਼ਗਾਰ ਉੱਤਪਤੀ ਵਿਭਾਗ ਦੀ ਸ਼ਲਾਘਾ ਕੀਤੀ ਅਤੇ ਚੁਣੇ ਗਏ ਨੌਜਵਾਨਾਂ ਨੂੰ ਵਧਾਈ ਵੀ ਦਿੱਤੀ।

ਸਵੈ-ਰੁਜ਼ਗਾਰ ਲਈ ਚੁਣੇ ਗਏ ਉਮੀਦਵਾਰਾਂ ਵਿਚ ਪਟਿਆਲਾ ਤੋਂ 4492, ਮੋਹਾਲੀ ਜ਼ਿਲ੍ਹੇ ਤੋਂ 3808 ਅਤੇ ਹੁਸ਼ਿਆਰਪੁਰ ਤੋਂ 3596 ਉਮੀਦਵਾਰ ਹਨ। ਹੁਨਰ ਸਿਖਲਾਈ ਲਈ ਚੁਣੇ ਗਏ ਨੌਜਵਾਨਾਂ ਵਿਚ ਜਲੰਧਰ ਤੋਂ 956, ਕਪੂਰਥਲਾ ਤੋਂ 854, ਸੰਗਰੂਰ ਤੋਂ 817, ਰੂਪਨਗਰ ਤੋਂ 606 ਅਤੇ ਮੋਹਾਲੀ ਤੋਂ 529, ਗੁਰਦਾਸਪੁਰ ਤੋਂ 420 ਅਤੇ ਅੰਮ੍ਰਿਤਸਰ ਤੋਂ 318 ਉਮੀਦਵਾਰ ਸ਼ਾਮਲ ਹਨ।

ਪੰਜਾਬ ਸਰਕਾਰ ਵਲੋਂ ਹਰੇਕ ਬੇਰੁਜ਼ਗਾਰ ਨੌਜਵਾਨ ਨੂੰ ਆਪਣੀ ਯੋਗਤਾ ਅਨੁਸਾਰ ਰੁਜ਼ਗਾਰ (ਸਵੈ ਜਾਂ ਉਜ਼ਰਤ) ਦੇ ਯੋਗ ਬਣਾਉਣ ਲਈ “ਘਰ ਘਰ ਰੁਜ਼ਗਾਰ ਮਿਸ਼ਨ'' ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਪ੍ਰੋਗਰਾਮ ਵਿਚ ਗ਼ੈਰ-ਹੁਨਰਮੰਦ ਲੋਕਾਂ ਨੂੰ ਹੁਨਰਮੰਦ ਬਣਾ ਕੇ ਉਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਵੀ ਸ਼ਾਮਲ ਹੈ।