ਚੰਡੀਗੜ੍ਹ ਪੰਜਾਬੀ ਮੰਚ ਨੇ ਮਨਾਇਆ ਕਾਲਾ ਦਿਵਸ
ਚੰਡੀਗੜ੍ਹ ਵਿਚ ਮਾਂ ਬੋਲੀ ਪੰਜਾਬੀ ਨੂੰ ਪਹਿਲੀ ਭਾਸ਼ਾ ਅਤੇ ਸਰਕਾਰੀ ਭਾਸ਼ਾ ਦਾ ਦਰਜਾ ਦਿਵਾਉਣ ਦੀ ਲੜਾਈ ਲੜ ਰਹੇ ਸਮੂਹ ਸੰਗਠਨਾਂ ਨੇ ਮਿਲ...
ਚੰਡੀਗੜ੍ਹ(ਸਸਸ):ਚੰਡੀਗੜ੍ਹ ਵਿਚ ਮਾਂ ਬੋਲੀ ਪੰਜਾਬੀ ਨੂੰ ਪਹਿਲੀ ਭਾਸ਼ਾ ਅਤੇ ਸਰਕਾਰੀ ਭਾਸ਼ਾ ਦਾ ਦਰਜਾ ਦਿਵਾਉਣ ਦੀ ਲੜਾਈ ਲੜ ਰਹੇ ਸਮੂਹ ਸੰਗਠਨਾਂ ਨੇ ਮਿਲ ਕੇ ਚੰਡੀਗੜ੍ਹ ਪੰਜਾਬੀ ਮੰਚ ਦੇ ਬੈਨਰ ਹੇਠ ਅੱਜ ਕਾਲਾ ਦਿਵਸ ਮਨਾਉਂਦਿਆਂ ਰੋਸ ਮਾਰਚ ਕੱਢਿਆ।ਕਾਲੀਆਂ ਝੰਡੀਆਂ, ਕਾਲੇ ਕੱਪੜੇ,ਕਾਲੀਆਂ ਪੱਗਾਂ ਤੇ ਕਾਲੀਆਂ ਚੁੰਨੀਆਂ ਲੈ ਕੇ ਨਿਕਲੇ ਪੰਜਾਬੀ ਦਰਦੀ ਅੱਜ ਚੰਡੀਗੜ੍ਹ ਦੀਆਂ ਸੜਕਾਂ ਤੋਂ ਰੋਸ ਮਾਰਚ ਕਰਦੇ ਹੋਏ ਇਕੋ ਮੰਗ ਕਰ ਰਹੇ ਸਨ ਕਿ ਚੰਡੀਗੜ੍ਹ ਦੀ ਪਹਿਲੀ ਤੇ ਸਰਕਾਰੀ ਭਾਸ਼ਾ ਪੰਜਾਬੀ ਲਾਗੂ ਕੀਤੀ ਜਾਵੇ।
ਇਸ 'ਕਾਲਾ ਦਿਵਸ ਰੋਸ ਮਾਰਚ' ਵਿਚ ਜਿੱਥੇ 1 ਹਜ਼ਾਰ ਤੋਂ ਵੱਧ ਪੰਜਾਬੀ ਦਰਦੀਆਂ ਨੇ ਸੈਕਟਰ 30 ਏ ਮੱਖਣ ਸ਼ਾਹ ਲੁਬਾਣਾ ਭਵਨ ਤੋਂ ਪੈਦਲ ਤੁਰ ਕੇ ਸੈਕਟਰ 20-21 ਹੁੰਦੇ ਹੋਏ ਉਜਾੜੇ ਪਿੰਡ ਰੁੜਕੀ ਤੇ ਮੌਜੂਦਾ ਸੈਕਟਰ 21-17 ਵਾਲੇ ਚੌਕ 'ਤੇਪਹੁੰਚ ਕੇ ਇਸ ਰੋਸ ਰੈਲੀ ਨੂੰ ਸਮਾਪਤ ਕੀਤਾ, ਉਥੇ ਹੀ ਇਸ ਕਾਲਾ ਦਿਵਸ ਰੋਸ ਮਾਰਚ ਵਿਚ ਉਚੇਚੇ ਤੌਰ 'ਤੇ ਪੰਜਾਬੀ ਕਲਾ ਪਰਿਸ਼ਦ ਦੇ ਚੇਅਰਮੈਨ ਪਦਮਸ੍ਰੀ ਡਾ. ਸੁਰਜੀਤ ਪਾਤਰ, ਸੰਸਦ ਮੈਂਬਰ ਧਰਮਵੀਰ ਗਾਂਧੀ, ਡਾ. ਲਖਵਿੰਦਰ ਜੌਹਲ, ਸਤਨਾਮ ਸਿੰਘ ਮਾਣਕ ਤੇ ਸਾਬਕਾ ਕੇਂਦਰੀ ਮੰਤਰੀਬਲਵੰਤ ਸਿੰਘ ਰਾਮੂਵਾਲੀਆ, ਆਮ ਆਦਮੀ ਪਾਰਟੀ ਦੇ ਜਗਤਾਰ ਸਿੰਘ ਸੰਘੇੜਾ ਨੇ ਹਾਜ਼ਰੀ ਭਰੀ।
ਵੱਖੋ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਇਕੋ ਗੱਲ ਦੁਹਰਾਈ ਕਿ ਹਰੇਕ ਖਿੱਤੇ ਵਿਚ ਉਥੋਂ ਦੀ ਭਾਸ਼ਾ ਨੂੰ ਪਹਿਲ ਦੇਣਾ ਲਾਜ਼ਮੀ ਬਣਦਾ ਹੈ। ਇਸ ਲਈ ਚੰਡੀਗੜ੍ਹ ਪੰਜਾਬੀ ਖਿੱਤਾ ਹੈ, ਪੰਜਾਬੀ ਪਿੰਡ ਉਜਾੜ ਕੇਵਸਾਇਆ ਤਾਂ ਇਸ ਦੀ ਵੀ ਪਹਿਲੀ ਤੇ ਸਰਕਾਰੀ ਭਾਸ਼ਾ ਪੰਜਾਬੀ ਹੋਣੀ ਚਾਹੀਦੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਸੁਰਜੀਤ ਪਾਤਰ ਨੇ ਆਖਿਆ ਕਿ ਅਸੀਂ ਸਾਰੀਆਂ ਭਾਸ਼ਾਵਾਂ ਦਾ ਸਨਮਾਨ ਕਰਦੇ ਹਾਂ, ਹਰ ਇਕ ਦੀ ਮਾਂ ਬੋਲੀ ਉਚੀ ਤੇ ਸੁੱਚੀ ਹੈ
ਪਰ ਹਰ ਇਕ ਨੂੰ ਅਧਿਕਾਰ ਹੈ ਕਿ ਉਸ ਦੇ ਘਰਉਸ ਦੀ ਹੀ ਮਾਂ ਬੋਲੀ ਸਭ ਤੋਂ ਮੂਹਰੇ ਹੋਵੇ, ਸਭ ਤੋਂ ਉਤੇ ਹੋਵੇ ਤੇ ਇਸੇ ਸੰਵਿਧਾਨਕ ਅਧਿਕਾਰ ਦੇ ਤਹਿਤ ਅਸੀਂ ਮੰਗ ਕਰਦੇ ਹਾਂ ਕਿ ਚੰਡੀਗੜ੍ਹ ਵਿਚ ਮਾਂ ਬੋਲੀ ਪੰਜਾਬੀ ਨੂੰ ਪਹਿਲੀ ਤੇ ਸਰਕਾਰੀ ਭਾਸ਼ਾ ਦਾ ਦਰਜਾ ਬਹਾਲ ਹੋਵੇ। ਸਤਨਾਮ ਸਿੰਘ ਮਾਣਕ ਤੇ ਲਖਵਿੰਦਰ ਜੌਹਲ ਹੁਰਾਂ ਨੇ ਆਪਣੇ ਸੰਬੋਧਨਵਿਚ ਸਰਕਾਰਾਂ ਨੂੰ ਜਿੱਥੇ ਆਪਣਾ ਜ਼ਿੱਦੀ ਰਵੱਈਆ ਤਿਆਗਣ ਦੀ ਅਪੀਲ ਕੀਤੀ ਉਥੇ ਹੀ ਪੰਜਾਬੀ ਦਰਦੀਆਂ ਦੀ ਹਿੰਮਤ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਸੰਘਰਸ਼ ਲੰਬਾ ਹੋ ਸਕਦਾ ਹੈ ਪਰ ਹੱਕ ਤੇ ਸੱਚ ਲਈ ਲੜਨ ਵਾਲਿਆਂ ਦੀ ਜਿੱਤ ਯਕੀਨੀ ਹੁੰਦੀ ਹੈ।
ਹੋਰਨਾਂ ਬੁਲਾਰਿਆਂ ਨੇ ਵੀ ਅਹਿਦ ਲਿਆ ਕਿਇਹ ਸੰਘਰਸ਼ ਮਾਂ ਬੋਲੀ ਦੇ ਸਨਮਾਨ ਤੱਕ ਜਾਰੀ ਰਹੇਗਾ। ਧਿਆਨ ਰਹੇ ਕਿ 1 ਨਵੰਬਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਯੂਟੀ ਸਥਾਪਨਾ ਦਿਵਸ ਦੇ ਜਸ਼ਨ ਮਨਾ ਰਿਹਾ ਸੀ ਤੇ ਦੂਜੇ ਪਾਸੇ ਪੰਜਾਬੀ ਦਰਦੀ ਮਾਂ ਬੋਲੀ ਦੇ ਉਜਾੜੇ ਨੂੰ ਲੈ ਕਾਲਾ ਦਿਵਸ ਮਨਾਉਂਦਿਆਂ ਰੋਸ ਮਾਰਚ ਕਰ ਰਹੇ ਸਨ।
ਇਸ ਮੌਕੇ ਮੌਜੂਦ ਵੱਡੀ ਗਿਣਤੀ ਵਿਚ ਪੰਜਾਬੀ ਦਰਦੀਆਂ ਵਿਚ ਗੁਰਨਾਮ ਸਿੰਘਸਿੱਧੂ, ਡਾ. ਸਰਬਜੀਤ ਸਿੰਘ, ਸੁਸ਼ੀਲ ਦੁਸਾਂਝ, ਜੋਗਿੰਦਰ ਸਿੰਘ ਬੁੜੈਲ, ਸਿਰੀਰਾਮ ਅਰਸ਼, ਗੁਰਨਾਮ ਕੰਵਰ, ਮਨਜੀਤ ਕੌਰ ਮੀਤ, ਕਸ਼ਮੀਰ ਕੌਰ ਸੰਧੂ, ਡਾ. ਗੁਰਮੇਲ ਸਿੰਘ ਸਿੱਧੂ, ਹਰਮਿੰਦਰ ਕਾਲੜਾ, ਬਲਵਿੰਦਰ ਜੰਮੂ, ਜਗਤਾਰ ਸਿੱਧੂ, ਪਾਲ ਅਜਨਬੀ, ਊਸ਼ਾ ਕੰਵਰ, ਤੇਜਾ ਸਿੰਘ ਥੂਹਾ, ਭਗਤਰਾਮ ਰੰਘਾੜਾ, ਸੇਵੀ ਰਾਇਤ, ਅਮਰਜੀਤ ਕੌਰ ਹਿਰਦੇ, ਮਲਕੀਅਤ ਬਸਰਾ, ਲਾਭ ਸਿੰਘ ਖੀਵਾ, ਰਮਨ ਸੰਧੂ, ਮਨਜੀਤ ਕੌਰ ਮੋਹਾਲੀ, ਨੀਤੂ ਸ਼ਰਮਾ ਸਣੇ ਵੱਡੀ ਗਿਣਤੀ ਵਿਚ ਨੌਜਵਾਨ ਤੇ ਮਹਿਲਾਵਾਂ ਇਸ ਰੋਸ ਮਾਰਚ ਵਿਚ ਸ਼ਾਮਲ ਸਨ।