ਮੋਹਾਲੀ : ਹੋਸਟਲ ਵਾਰਡਨ ਵਲੋਂ ਵਿਦਿਆਰਥੀ ਨਾਲ ਗੰਦੀ ਹਰਕਤ, ਮਾਮਲਾ ਦਰਜ
ਮੋਹਾਲੀ ਦੇ ਲਾਂਡਰਾਂ ਸਥਿਤ ਪ੍ਰਾਇਵੇਟ ਕਾਲਜ ਦੇ ਵਿਦਿਆਰਥੀ ਨਾਲ ਹੋਸਟਲ ਵਾਰਡਨ ਸੰਜੀਵ ਕੁਮਾਰ ਨੇ ਗੰਦੀ ਹਰਕਤ ਕਰਨ...
ਮੋਹਾਲੀ (ਪੀਟੀਆਈ) : ਮੋਹਾਲੀ ਦੇ ਲਾਂਡਰਾਂ ਸਥਿਤ ਪ੍ਰਾਇਵੇਟ ਕਾਲਜ ਦੇ ਵਿਦਿਆਰਥੀ ਨਾਲ ਹੋਸਟਲ ਵਾਰਡਨ ਸੰਜੀਵ ਕੁਮਾਰ ਨੇ ਗੰਦੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ। ਵਿਦਿਆਰਥੀ ਨੇ ਉਥੋਂ ਭੱਜ ਕੇ ਅਪਣੀ ਜਾਨ ਬਚਾਈ। ਇਸ ਹਰਕਤ ਦਾ ਪਤਾ ਲੱਗਣ ‘ਤੇ ਕਾਲਜ ਦੇ ਵਿਦਿਆਰਥੀ ਭੜਕ ਉਠੇ ਅਤੇ ਉਨ੍ਹਾਂ ਨੇ ਪਹਿਲਾਂ ਤਾਂ ਨਾਅਰੇਬਾਜ਼ੀ ਕੀਤੀ ਫਿਰ ਹੋਸਟਲ ਦੇ ਸ਼ੀਸ਼ੇ ਅਤੇ ਫਰਨੀਚਰ ਤੋੜਿਆ। ਕੈਂਪਸ ਵਿਚ ਖੜੀ ਗੱਡੀ ਨਾਲ ਵੀ ਤੋੜ ਭੰਨ ਕੀਤੀ।
ਦੇਰ ਰਾਤ ਦੋ ਵਜੇ ਵਾਰਡਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਵਿਦਿਆਰਥੀ ਸ਼ਾਂਤ ਹੋਏ। ਮਾਮਲੇ ਵਿਚ ਵਿਦਿਆਰਥੀਆਂ ਨੇ ਸੋਹਾਣਾ ਥਾਣੇ ਵਿਚ ਰਿਪੋਰਟ ਦਰਜ ਕਰਵਾਈ ਹੈ। ਕਾਲਜ ਮੈਨੇਜਮੈਂਟ ਵਲੋਂ ਜਾਂਚ ਲਈ ਕਮੇਟੀ ਬਣਾ ਦਿਤੀ ਗਈ ਹੈ। ਵਾਰਡਨ ਨੂੰ ਸਸਪੈਂਡ ਕਰ ਦਿਤਾ ਗਿਆ ਹੈ। ਉਧਰ, ਵਿਦਿਆਰਥੀਆਂ ਨੇ ਸਵੇਰੇ ਵੀ ਇਸ ਦੇ ਵਿਰੋਧ ਵਿਚ ਨਾਅਰੇਬਾਜ਼ੀ ਕੀਤੀ। ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਪੀੜਿਤ ਵਿਦਿਆਰਥੀ ਨੇ ਦੱਸਿਆ ਕਿ ਉਹ ਹੋਸਟਲ ਦੇ ਕਮਰੇ ਵਿਚ ਸੀ।
ਇਸ ਵਿਚ ਰਾਤ ਗਿਆਰਾਂ ਵਜੇ ਹੋਸਟਲ ਵਾਰਡਨ ਉਸ ਦੇ ਕਮਰੇ ਵਿਚ ਆਇਆ ਅਤੇ ਬਹਾਨਾ ਬਣਾ ਕੇ ਉਸ ਨੂੰ ਅਪਣੇ ਕਮਰੇ ਵਿਚ ਲੈ ਗਿਆ। ਇਥੇ ਆ ਕੇ ਉਸ ਨੇ ਵਿਦਿਆਰਥੀ ਨਾਲ ਗੰਦੀ ਹਰਕਤ ਕਰਨੀ ਸ਼ੁਰੂ ਕਰ ਦਿਤੀ। ਵਿਦਿਆਰਥੀ ਨੇ ਵਿਰੋਧ ਕੀਤਾ ਤਾਂ ਵਾਰਡਨ ਨੇ ਧਮਕੀ ਦਿਤੀ ਕਿ ਜੇਕਰ ਉਹ ਉਸ ਦੀ ਗੱਲ ਨਹੀਂ ਮੰਨੇਗਾ ਤਾਂ ਨਸ਼ੇ ਦੇ ਝੂਠੇ ਕੇਸ ਵਿਚ ਫਸਾ ਦੇਵੇਗਾ। ਉਹ ਡਰ ਗਿਆ। ਫਿਰ ਵੀ ਉਸ ਨੇ ਹਿੰਮਤ ਕਰ ਕੇ ਵਾਰਡਨ ਨੂੰ ਧੱਕਾ ਦਿਤਾ ਅਤੇ ਉਥੋਂ ਭੱਜ ਗਿਆ।
ਅਪਣੇ ਕਮਰੇ ਵਿਚ ਪਹੁੰਚ ਕੇ ਉਸ ਨੇ ਅਪਣੇ ਦੋਸਤਾਂ ਨੂੰ ਇਹ ਗੱਲ ਦੱਸੀ। ਗੰਦੀ ਹਰਕਤ ਦਾ ਪਤਾ ਲੱਗਦੇ ਹੀ ਵਿਦਿਆਰਥੀ ਭੜਕ ਗਏ। ਅਣਗਿਣਤ ਦੀ ਗਿਣਤੀ ਵਿਚ ਵਿਦਿਆਰਥੀਆਂ ਨੇ ਕੈਂਪਸ ਵਿਚ ਹੰਗਾਮਾ ਸ਼ੁਰੂ ਕਰ ਦਿਤਾ। ਵੱਧ ਕੇ ਤੋੜਫੋੜ ਕੀਤੀ। ਪੀੜਿਤ ਵਿਦਿਆਰਥੀ ਨੇ 100 ਨੰਬਰ ‘ਤੇ ਕਾਲ ਕਰ ਕੇ ਪੁਲਿਸ ਬੁਲਾਈ ਅਤੇ ਉਨ੍ਹਾਂ ਨੂੰ ਅਪਣੀ ਸ਼ਿਕਾਇਤ ਦਿਤੀ। ਪੁਲਿਸ ਨੇ ਬੜੀ ਮੁਸ਼ਕਿਲ ਨਾਲ ਵਿਦਿਆਰਥੀਆਂ ਨੂੰ ਸਮਝਾਇਆ ਪਰ ਵਿਦਿਆਰਥੀ ਸਮਝਣ ਨੂੰ ਤਿਆਰ ਨਹੀਂ ਸਨ।
ਬਾਅਦ ਵਿਚ ਦੇਰ ਰਾਤ 2 ਵਜੇ ਪੁਲਿਸ ਨੇ ਵਾਰਡਨ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਹੰਗਾਮਾ ਸ਼ਾਂਤ ਹੋਇਆ। ਬੁੱਧਵਾਰ ਸਵੇਰੇ ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਸ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿਤਾ ਗਿਆ ਹੈ।