‘ਆਪ’ ਦੇ ਨਰਿੰਦਰ ਸ਼ੇਰਗਿੱਲ ਨਹੀਂ ਲੜ ਸਕਣਗੇ ਚੋਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੋਣ ਕਮਿਸ਼ਨ ਨੇ ਨਰਿੰਦਰ ਸ਼ੇਰਗਿੱਲ ਨੂੰ ਅਯੋਗ ਕਰਾਰ ਦੇ ਚੋਣ ਮੈਦਾਨ ’ਚੋਂ ਕੀਤਾ ਬਾਹਰ

Narinder Singh Shergill

ਰੂਪਨਗਰ: ਲੋਕਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਪੰਜਾਬ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਹੁਣ ਲੋਕਸਭਾ ਚੋਣ ਨਹੀਂ ਲੜ ਸਕਣਗੇ। ਦਰਅਸਲ, ਚੋਣ ਕਮਿਸ਼ਨ ਵਲੋਂ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਅਯੋਗ ਕਰਾਰ ਦੇ ਕੇ ਚੋਣ ਮੈਦਾਨ ਵਿਚੋਂ ਬਾਹਰ ਕਰ ਦਿਤਾ ਗਿਆ ਹੈ। ਹਾਲਾਂਕਿ ਸ਼ੇਰਗਿੱਲ ਵਲੋਂ ਅਪਣੇ ਵਕੀਲ ਰਾਹੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਗੁਹਾਰ ਲਗਾਈ ਗਈ ਸੀ ਪਰ ਉਸ ਵਿਚ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ।

ਚੋਣ ਕਮਿਸ਼ਨ ਵਲੋਂ ਨਰਿੰਦਰ ਸ਼ੇਰਗਿੱਲ ਨੂੰ ਜੂਨ 2018 ਤੋਂ ਲੈ ਕੇ ਜੂਨ 2021 ਤੱਕ ਅਯੋਗ ਕਰਾਰ ਦਿਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਚੋਣ ਅਧਿਕਾਰੀ ਵਲੋਂ ਨਰਿੰਦਰ ਸਿੰਘ ਸ਼ੇਰਗਿੱਲ ਨੂੰ 2 ਮਈ ਸਵੇਰੇ 11 ਵਜੇ ਤੱਕ ਅਪਣਾ ਪੱਖ ਰੱਖ ਸਕਣ ਦਾ ਸਮਾਂ ਦਿਤਾ ਸੀ ਤੇ ਨਾਲ ਹੀ ਉਨ੍ਹਾਂ ਨੂੰ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਸੀ। ਇਸ ਦੌਰਾਨ ਸ਼ੇਰਗਿੱਲ ਜ਼ਿਲ੍ਹਾ ਚੋਣ ਅਧਿਕਾਰੀ ਕੋਲ ਪੇਸ਼ ਨਹੀਂ ਹੋਏ

ਪਰ ਆਮ ਆਦਮੀ ਪਾਰਟੀ ਤੋਂ ਰੂਪਨਗਰ ਦੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਜੈ ਕਿਸ਼ਨ ਰੋੜੀ ਵਿਧਾਇਕ ਗੜਸ਼ੰਕਰ ਅਤੇ ਸ਼ੇਰਗਿੱਲ ਦੇ ਵਕੀਲਾਂ ਦਾ ਇਕ ਵਫ਼ਦ ਚੋਣ ਅਧਿਕਾਰੀ ਨੂੰ ਮਿਲਿਆ ਅਤੇ ਕੁਝ ਦਸਤਾਵੇਜ਼, ਅਰਜ਼ੀਆਂ ਪੇਸ਼ ਕੀਤੀਆਂ ਪਰ ਜ਼ਿਲ੍ਹਾ ਚੋਣ ਅਧਿਕਾਰੀ ਸਹਿਮਤ ਨਾ ਹੋਏ। ਅੱਜ ਚੋਣ ਅਧਿਕਾਰੀ ਰੂਪਨਗਰ ਵਲੋਂ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਯੋਗ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿਤੀ ਗਈ, ਜਿਸ ਵਿਚ ਨਰਿੰਦਰ ਸਿੰਘ ਸ਼ੇਰਗਿੱਲ ਦਾ ਨਾਂਅ ਸ਼ਾਮਲ ਨਹੀਂ ਸੀ।