'ਚੋਰਾਂ' ਦੀਆਂ ਜੇਬਾਂ 'ਚੋਂ ਪੈਸੇ ਖੋਹ ਕੇ 5 ਕਰੋੜ ਗਰੀਬ ਪਰਿਵਾਰਾਂ ਨੂੰ 72 ਹਜ਼ਾਰ ਰੁਪਏ ਦਿਆਂਗਾ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਮੋਦੀ ਨੇ ਸਿਰਫ਼ 15-20 ਲੋਕਾਂ ਦਾ ਭਲਾ ਕੀਤਾ

Rahul Gandhi addressed election rally at Jharkhand

ਰਾਂਚੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਨਰਿੰਦਰ ਮੋਦੀ ਦੀ ਤਰ੍ਹਾਂ ਮਨ ਕੀ ਬਾਤ ਨਹੀਂ ਕਹਾਂਗਾ। ਲੋਕਾਂ ਦੀਆਂ ਗੱਲਾਂ ਸੁਣਾਂਗਾ ਅਤੇ ਉਨ੍ਹਾਂ ਦੀਆਂ ਉਮੀਦਾਂ ਨੂੰ ਪੂਰਾ ਕਰ ਕੇ ਵਿਖਾਵਾਂਗਾ। ਮੋਦੀ ਨੇ ਸਿਰਫ਼ 15-20 ਲੋਕਾਂ ਦਾ ਭਲਾ ਕੀਤਾ। ਮੈਂ ਪੂਰੇ ਦੇਸ਼ ਦਾ ਭਲਾ ਕਰਾਂਗਾ। ਝਾਰਖੰਡ ਦੇ ਸਿਮਡੇਗਾ 'ਚ ਵੀਰਵਾਰ ਨੂੰ ਇਕ ਚੋਣ ਰੈਲੀ ਨੂੰ ਰਾਹੁਲ ਗਾਂਧੀ ਨੇ ਸੰਬੋਧਨ ਕੀਤਾ।

ਰਾਹੁਲ ਨੇ ਖੂੰਟੀ ਦੇ ਕਾਂਗਰਸ ਉਮੀਦਵਾਰ ਕਾਲੀਚਰਨ ਮੁੰਡਾ ਲਈ ਵੋਟ ਦੀ ਅਪੀਲ ਕੀਤੀ ਅਤੇ ਐਨਡੀਏ ਸਰਕਾਰ 'ਤੇ ਜਮ ਕੇ ਨਿਸ਼ਾਨਾ ਸਾਧਿਆ। ਰਾਹੁਲ ਨੇ ਕਿਹਾ ਕਿ ਜੇ ਕਾਂਗਰਸ ਦੀ ਸਰਕਾਰ ਬਣੀ ਤਾਂ 'ਚੋਰਾਂ' ਦੀਆਂ ਜੇਬਾਂ 'ਚੋਂ ਪੈਸੇ ਖੋਹ ਕੇ ਹਰ ਸਾਲ 5 ਕਰੋੜ ਗਰੀਬ ਪਰਿਵਾਰਾਂ ਨੂੰ 72 ਹਜ਼ਾਰ ਰੁਪਏ ਦਿੱਤੇ ਜਾਣਗੇ। ਰਾਹੁਲ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਆਪਣੇ 5 ਸਾਲ ਦੇ ਕਾਰਜਕਾਲ 'ਚ 15 ਪੂੰਜੀਪਤੀਆਂ ਦੀਆਂ ਜੇਬਾਂ 'ਚ 5 ਲੱਖ 55 ਹਜ਼ਾਰ ਕਰੋੜ ਰੁਪਏ ਪਾਏ ਹਨ, ਪਰ ਕਾਂਗਰਸ ਦੀ ਸਰਕਾਰ ਬਣਨ 'ਤੇ ਕਿਸੇ ਕੀਮਤ 'ਤੇ ਅਜਿਹਾ ਨਹੀਂ ਹੋਵੇਗਾ।

ਉਨ੍ਹਾਂ ਕਿਹਾ ਕਿ ਉਲਟੇ ਇਨ੍ਹਾਂ 'ਚੋਰਾਂ' ਦੀਆਂ ਜੇਬਾਂ ਤੋਂ ਸਰਕਾਰ ਦਾ ਦਿੱਤਾ ਗਿਆ ਪੈਸਾ ਖੋਹ ਕੇ  5 ਕਰੋੜ ਗਰੀਬ ਪਰਿਵਾਰਾਂ ਦੇ 25 ਕਰੋੜ ਲੋਕਾਂ ਦੇ ਖ਼ਾਤਿਆਂ 'ਚ ਸਿੱਧੇ 3 ਲੱਖ 60 ਹਜ਼ਾਰ ਕਰੋੜ ਰੁਪਏ ਭੇਜੇ ਜਾਣਗੇ। ਰਾਹੁਲ ਨੇ ਕਿਹਾ ਕਿ ਕਾਂਗਰਸ ਪਾਰਟੀ ਆਦਿਵਾਸੀਆਂ ਦੀਆਂ ਜ਼ਮੀਨਾਂ ਦੀ ਰੱਖਿਆ ਕਰੇਗੀ। ਕਾਂਗਰਸ ਦੀ ਸਰਕਾਰ ਬਣੀ ਤਾਂ ਸਾਰੇ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਇਲਾਜ, ਦਵਾਈ ਅਤੇ ਸਿੱਖਿਆ ਦਾ ਪ੍ਰਬੰਧ ਕੀਤਾ ਜਾਵੇਗਾ। ਸਾਰੇ ਜ਼ਿਲ੍ਹਿਆਂ 'ਚ ਇਕ ਟੈਕਨੀਕਲ ਯੂਨੀਵਰਸਿਟੀ ਦੀ ਸਥਾਪਾਨ ਕੀਤੀ ਜਾਵੇਗਾ। ਮੋਦੀ ਨੇ ਕਿਸਾਨਾਂ ਦਾ ਕਰਜ਼ਾ ਮਾਫ਼ ਨਹੀਂ ਕੀਤਾ, ਜਦਕਿ ਕਾਂਗਰਸ ਦੀ ਸਰਕਾਰ ਛੱਤੀਸਗੜ੍ਹ 'ਚ ਝੋਨਾ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਕੁਇੰਟਲ ਦੇ ਰਹੀ ਹੈ।