ਵਿਦਿਆਰਥਣਾਂ ਰਾਸ਼ਟਰ ਦੇ ਨਵ-ਨਿਰਮਾਣ 'ਚ ਵੱਧ-ਚੜ੍ਹ ਕੇ ਯੋਗਦਾਨ ਪਾਉਣ: ਮਨਪ੍ਰੀਤ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫ਼ਿਰੋਜ਼ਪੁਰ : ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਸ਼ਹਿਰ ਵਿਖੇ 80ਵਾਂ ਸਾਲਾਨਾ ਡਿਗਰੀ  ਵੰਡ ਸਮਾਰੋਹ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ ਜਿਸ ਵਿਚ ਵਿੱਤ...

Manpreet Badal in 80th Annual Degree Distribution Festival in Ferozepur City

ਫ਼ਿਰੋਜ਼ਪੁਰ : ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਸ਼ਹਿਰ ਵਿਖੇ 80ਵਾਂ ਸਾਲਾਨਾ ਡਿਗਰੀ  ਵੰਡ ਸਮਾਰੋਹ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ ਜਿਸ ਵਿਚ ਵਿੱਤ, ਯੋਜਨਾ ਤੇ ਰੁਜ਼ਗਾਰ ਉਤਪਤੀ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਬਤੌਰ ਮੁੱਖ ਮਹਿਮਾਨ ਅਤੇ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਾਲਜ ਦੀਆਂ ਗਰੈਜੂਏਟ ਅਤੇ ਪੋਸਟ ਗਰੈਜੂਏਟ ਦੀਆਂ ਲਗਭਗ 1500 ਵਿਦਿਆਰਥਣਾਂ ਨੂੰ ਡਿਗਰੀਆਂ ਤਕਸੀਮ ਕੀਤੀਆਂ।
ਕਾਲਜ ਦੇ ਸਾਲਾਨਾ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ. ਮਨਪ੍ਰੀਤ ਸਿੰਘ ਬਾਦਲ ਨੇ ਵਿਦਿਆਰਥਣਾਂ ਨੂੰ ਰਾਸ਼ਟਰ ਦੇ ਨਵ-ਨਿਰਮਾਣ 'ਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਡਿਗਰੀ ਪ੍ਰਾਪਤ ਕਰਨ ਉਪਰੰਤ ਦੇਸ਼ ਦੇ ਮਹਾਨ ਸ਼ਹੀਦਾਂ ਤੇ ਦੇਸ਼ ਭਗਤਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਮਾਜ ਵਿਚੋਂ ਰਿਸ਼ਵਤਖ਼ੋਰੀ, ਅਨਪੜ੍ਹਤਾ, ਗ਼ਰੀਬੀ ਤੇ ਨਸ਼ਾਖੋਰੀ ਨੂੰ ਖ਼ਤਮ ਕਰਨ ਅਤੇ ਰਾਸ਼ਟਰ ਵਿਰੋਧੀ ਤਾਕਤਾਂ ਵਿਰੁਧ ਇਕਜੁਟ ਹੋਣ ਦਾ ਪ੍ਰਣ ਕਰਨ। ਉਨ੍ਹਾਂ ਵਿਦਿਆਰਥਣਾਂ ਨੂੰ ਕਿਹਾ ਕਿ ਉਹ ਦੇਸ਼ ਦਾ ਭਵਿੱਖ ਹਨ ਅਤੇ ਰਾਸ਼ਟਰ ਦਾ ਵਿਕਾਸ ਉਨ੍ਹਾਂ 'ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ ਸਮੇਂ ਦਾ ਹਾਣੀ ਬਣਨ ਲਈ ਗਿਆਨ 'ਚ ਵਾਧੇ ਲਈ ਹਮੇਸ਼ਾ ਯਤਨਸ਼ੀਲ ਰਹਿਣ ਅਤੇ ਦ੍ਰਿੜ੍ਹ ਸੰਕਲਪ ਨਾਲ ਜ਼ਿੰਦਗੀ 'ਚ ਸਫ਼ਲਤਾ ਦੀਆਂ ਪੌੜੀਆਂ ਚੜ੍ਹਨ ਲਈ ਸਖ਼ਤ ਮਿਹਨਤ ਕਰਨ। 
ਇਸ ਮੌਕੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਰਾਜ ਅੰਦਰ ਸਿਖਿਆ ਅਤੇ ਖੇਡਾਂ ਦੇ ਪਾਸਾਰ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।  ਉਨ੍ਹਾਂ ਵਿਦਿਆਰਥਣਾਂ ਨੂੰ ਸਿਖਿਆ ਹਾਸਲ ਕਰਨ ਉਪਰੰਤ ਜ਼ਿੰਦਗੀ ਵਿਚ ਮਿਥੇ ਟੀਚੇ ਦੀ ਪ੍ਰਾਪਤ ਲਈ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਦਿਤੀ। ਇਸ ਤੋਂ ਪਹਿਲਾ ਦੋਵੇਂ ਮੰਤਰੀ ਸਾਹਿਬਾਨ ਵੱਲੋਂ ਕਾਲਜ ਦੇ ਨਵੇਂ ਬਣਨ ਵਾਲੇ ਆਡੀਟੋਰੀਅਮ ਦਾ ਨੀਂਹ ਪੱਥਰ ਵੀ ਰਖਿਆ ਗਿਆ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਮਧੂ ਪਰਾਸ਼ਰ ਨੇ ਕਿਹਾ ਕਿ ਕਾਲਜ ਸਿਖਿਆ ਅਤੇ ਖੇਡਾਂ ਦੇ ਨਾਲ-ਨਾਲ ਲੜਕੀਆਂ ਨੂੰ ਧਾਰਮਕ ਤੇ ਇਖ਼ਲਾਕੀ ਸਿਖਿਆ ਪ੍ਰਦਾਨ ਕਰਨ ਤੇ ਹੋਰ ਖੇਤਰਾਂ ਵਿਚ ਮੋਹਰੀ ਰੋਲ ਅਦਾ ਕਰ ਰਿਹਾ ਹੈ। ਉਨ੍ਹਾਂ ਡਿਗਰੀ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਹਾਰਦਿਕ ਵਧਾਈ ਵੀ ਦਿਤੀ। 

Related Stories