ਨੌਜਵਾਨ ਵੋਟਰ ਚੋਣ ਅਮਲ ਵਿਚ ਵੱਧ-ਚੜ੍ਹ ਕੇ ਭਾਗ ਲੈਣ : ਰਾਜੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਜ ਭਰ ਦੇ ਨੌਜਵਾਨ ਵੋਟਰਾਂ ਨੂੰ ਚੋਣ ਅਮਲ ਵਿਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕਰਨ ਲਈ ਮੁੱਖ ਚੋਣ ਅਫਸਰ ਪੰਜਾਬ...

Dr. S. Karuna Raju

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਰਾਜ ਭਰ ਦੇ ਨੌਜਵਾਨ ਵੋਟਰਾਂ ਨੂੰ ਚੋਣ ਅਮਲ ਵਿਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕਰਨ ਲਈ ਮੁੱਖ ਚੋਣ ਅਫਸਰ ਪੰਜਾਬ ਡਾ. ਐਸ ਕਰੁਣਾ ਰਾਜੂ ਵੱਲੋਂ ਪੰਜਾਬ ਭਰ ਦੀਆਂ ਯੂਨੀਵਰਸਿਟੀਆਂ ਅਤੇ ਸਿੱਖਿਆ ਸੰਸਥਾਵਾਂ ਦਾ ਦੌਰਾ ਕਰਨ ਦਾ ਪ੍ਰੋਗਰਾਮ  ਉਲੀਕਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫਤਰ ਮੁੱਖ ਚੋਣ ਅਫਸਰ ਦੇ ਬੁਲਾਰੇ ਨੇ ਦੱਸਿਆ ਕਿ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਲਵਲੀ ਯੂਨੀਵਰਸਿਟੀ ਕਪੂਰਥਲਾ ਦਾ ਦੌਰਾ ਕਰ ਚੁੱਕੇ ਸ੍ਰੀ ਰਾਜੂ ਆਪਣੇ ਇਸ ਆਗਾਮੀ ਦੌਰੇ ਦੌਰਾਨ

ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ, ਲਾਲ ਸਿੰਘ ਨਗਰ, ਬਠਿੰਡਾ, ਡੀ.ਏ.ਵੀ ਯੂਨੀਵਰਸਿਟੀ, ਜਲੰਧਰ, ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ, ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ, ਚਿਤਕਾਰਾ ਯੂਨੀਵਰਸਿਟੀ, ਚੰਡੀਗੜ੍ਹ ਪਟਿਆਲਾ ਹਾਈਵੇ, ਰਾਇਤ ਬਾਹਰਾ ਯੂਨੀਵਰਸਿਟੀ, ਖਰੜ, ਰਮਿਟ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ, ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਤਕਨਾਲੋਜੀ, ਪਟਿਆਲਾ ਅਤੇ ਸੰਤ ਲੋਗੋਂਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਤਕਨਾਲੋਜੀ ਲੋਗੋਂਵਾਲ ਅਤੇ ਹੋਰ ਵਿੱਦਿਅਕ ਅਦਾਰਿਆਂ ਦਾ ਦੌਰਾ ਕਰਨਗੇ।

ਆਪਣੇ ਇਸ ਦੌਰੇ ਦੌਰਾਨ ਉਹ ਭਾਰਤੀ ਚੋਣ ਕਮਸ਼ਿਨ ਦੇ ਮਨੋਰਥ “ਕੋਈ ਵੋਟਰ ਪਿੱਛੇ ਨਾ ਰਹੇ” ਅਨੁਸਾਰ ਨੌਜਵਾਨ ਵੋਟਰਾਂ ਨੂੰ ਚੋਣ ਅਮਲ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕਰਨਗੇ ਅਤੇ ਨਾਲ ਹੀ ਦਿਵਿਆਂਗ ਲੋਕਾਂ ਨੂੰ ਵੀ ਆਪਣੇ ਵੋਟ ਅਤੇ ਵੋਟ ਸਬੰਧੀ ਮਿਲੇ ਅਧਿਕਾਰਾਂ ਦੀ ਵਰਤੋਂ ਕਰਨ ਲਈ ਉਨ੍ਹਾਂ ਵਿੱਚ ਉਤਸ਼ਾਹ ਪੈਦਾ ਕਰਨ ਅਤੇ ਸਤਿਕਾਰ ਦੇਣ ਦਾ ਵੀ ਪ੍ਰਚਾਰ ਕਰਨਗੇ। ਸ੍ਰੀ ਰਾਜੂ ਸਮੁੱਚੀਆਂ ਸੰਸਥਾਵਾਂ ਵਿੱਚ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ ਅਤੇ ਨੌਜਵਾਨ ਵੋਟਰਾਂ ਦੇ ਚੋਣ ਅਮਲ ਸਬੰਧੀ ਸ਼ੰਕਿਆਂ ਦਾ ਵੀ ਨਿਵਾਰਨ ਕਰਨਗੇ ਅਤੇ ਨਾਲ ਹੀ ਵੋਟ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਉਣਗੇ।

ਉਨ੍ਹਾਂ ਵੱਲੋਂ ਇਸ ਤਰ੍ਹਾਂ ਦੇ ਦੋ ਦੌਰੇ ਸਫਲਤਾ ਪੂਰਵਕ ਕੀਤੇ ਜਾ ਚੁੱਕੇ ਹਨ। ਇਨ੍ਹਾਂ ਦੌਰਿਆਂ ਸਬੰਧੀ ਜਾਣਕਾਰੀ ਦਿੰਦਿਆਂ ਡਾ. ਐਸ ਕਰੁਣਾ ਰਾਜੂ ਮੁੱਖ ਚੋਣ ਅਫਸਰ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਦੌਰੇ ਦਾ ਮਕਸਦ ਨੌਜਵਾਨ ਵੋਟਰਾਂ ਨੂੰ ਈ.ਵੀ.ਐਮ, ਵੀ.ਵੀ.ਪੈਟ ਮਸ਼ੀਨ ਸਬੰਧੀ ਪੂਰੀ ਜਾਣਕਾਰੀ ਦੇਣਾ ਅਤੇ ਉਸ ਦੀ ਕਾਰਜ ਪ੍ਰਣਾਲੀ ਤੋਂ ਜਾਣੂ ਕਰਵਾਉਣਾ ਵੀ ਹੈ। ਇਸ ਤੋਂ ਇਲਾਵਾ ਉਹ ਇਨ੍ਹਾਂ ਸੰਸਥਾਵਾਂ ਵਿੱਚ ਵੋਟਰ ਸਾਖਰਤਾ ਕਲੱਬ ਸਥਾਪਿਤ ਕਰਨਾ, ਵੋਟਰ ਵਜੋਂ ਨਾਮ ਦਰਜ ਕਰਵਾਉਣਾ, ਨੋਟਾਂ ਦੀ ਵਰਤੋਂ, ਚੋਣ ਅਮਲ ਵਿੱਚ ਭਾਗ ਲੈਣਾ, ਸਿਧਾਂਤਕ ਵੋਟਿੰਗ ਬਾਰੇ ਵੀ ਜਾਗਰੁਕ ਕਰਨਗੇ। ਉਨ੍ਹਾਂ ਨੌਜਵਾਨ ਵੋਟਰਾਂ ਨੂੰ ਚੋਣ ਅਮਲ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਦੀ ਵੀ ਅਪੀਲ ਕੀਤੀ ਤਾਂ ਜੋ ਦੇਸ਼ ਵਿੱਚ ਸਹੀ ਸਰਕਾਰ ਦੀ ਚੋਣ ਕੀਤੀ ਜਾ ਸਕੇ।

Related Stories