ਰਾਜੇਵਾਲ ਵਲੋਂ ਕਿਸਾਨ ਅੰਦੋਲਨ ਦੀ ਹਮਾਇਤ ਦਾ ਦਾਅਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਮਾਛੀਵਾੜਾ ਸਾਹਿਬ ਵਿਚ ਅੱਜ ਕਿਸਾਨਾਂ ਦੀ ਹੜਤਾਲ ਦੇ ਪਹਿਲੇ ਹੀ ਦਿਨ ਪਿੰਡਾਂ 'ਚੋਂ ਸ਼ਹਿਰਾਂ ਵਿਚ ਸਬਜ਼ੀ, ਫੱਲ ਜਾਂ ਹਰਾ ਚਾਰਾ ਨਹੀਂ ਜਾਵੇਗਾ ਜਦਕਿ ਸਵੇਰੇ ...

DSP Samrala Talking to farmers

ਸ੍ਰੀ ਮਾਛੀਵਾੜਾ ਸਾਹਿਬ, ਸ੍ਰੀ ਮਾਛੀਵਾੜਾ ਸਾਹਿਬ ਵਿਚ ਅੱਜ ਕਿਸਾਨਾਂ ਦੀ ਹੜਤਾਲ ਦੇ ਪਹਿਲੇ ਹੀ ਦਿਨ ਪਿੰਡਾਂ 'ਚੋਂ ਸ਼ਹਿਰਾਂ ਵਿਚ ਸਬਜ਼ੀ, ਫੱਲ ਜਾਂ ਹਰਾ ਚਾਰਾ ਨਹੀਂ ਜਾਵੇਗਾ ਜਦਕਿ ਸਵੇਰੇ ਕੁੱਝ ਕਿਸਾਨਾਂ ਦੇ ਗਰੁਪ ਨੇ ਸ਼ਹਿਰ ਵਿਚ ਲਿਆਂਦਾ ਜਾ ਰਿਹਾ ਦੁਧ ਡੋਲ੍ਹ ਦਿਤਾ ਤਾਂ ਮਾਹੌਲ ਤਣਾਅ ਪੂਰਨ ਹੋ ਗਿਆ। ਐਸ.ਐਚ.ਓ. ਥਾਣਾ ਸ੍ਰੀ ਮਾਛੀਵਾੜਾ ਸਾਹਿਬ ਸੁਰਿੰਦਰਪਾਲ ਸਿੰਘ ਤੇ ਡੀ ਐਸ ਪੀ ਸਮਰਾਲਾ ਹਰਸਿਮਰਤ ਸਿੰਘ ਨੇ ਮਾਮਲਾ ਠੰਢਾ ਕਰਵਾਇਆ। ਅੱਜ ਮੰਡੀ 'ਚ ਕੋਈ ਕਿਸਾਨ ਸਬਜ਼ੀ ਲੈ ਕੇ ਨਹੀਂ ਆਇਆ ਪਰ ਕਿਸਾਨਾਂ ਵਲੋਂ ਖਿਲਾਰੀਆਂ ਸਬਜ਼ੀਆਂ ਨੂੰ ਡੰਗਰ ਖਾਂਦੇ ਵੇਖੇ ਗਏ।

ਅੱਜ ਇਲਾਕੇ 'ਚ ਕਿਸਾਨ ਯੂਨੀਅਨ ਵਲੋਂ ਬੰਦ ਕਰਾਉਣ ਦੀ ਅਗਵਾਈ ਵਿਚ ਸੁਖਵਿੰਦਰ ਸਿੰਘ ਭੱਟੀਆਂ, ਜੋਗਿੰਦਰ ਸਿੰਘ ਸੇਹ, ਅਮਰੀਕ ਸਿੰਘ ਧਾਲੀਵਾਲ, ਕਰਮਜੀਤ ਸਿੰਘ ਅਢਿਆਣਾ, ਮਲਕੀਤ ਸਿੰਘ ਜੀਤੀ ਪਵਾਤ, ਸੁਖਜੀਤ ਸਿੰਘ ਬੁਰਜ, ਦਲਜੀਤ ਸਿੰਘ ਮਾਛੀਵਾੜਾ, ਮਣਜੀਤ ਸਿੰਘ ਸੋਨੀ ਤੇ ਹੋਰ ਕਿਸਾਨ ਯੂਨੀਅਨ ਨਾਲ ਜੁੜੇ ਵਰਕਰ ਸ਼ਾਮਲ ਸਨ।

ਕਿਹਾ ਐਸ. ਐਚ ਓ ਥਾਣਾ ਮਾਛੀਵਾੜਾ ਨੇ ਇਸ ਸਬੰਧੀ ਪੱਖ ਜਾਣਨ ਲਈ ਜਦੋਂ ਸਥਾਨਕ ਥਾਣੇ ਦੇ ਥਾਣਾ ਮੁਖੀ ਇੰਸਪੈਕਟਰ ਸੁਰਿੰਦਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਅੱਜ ਵਾਰਨਿੰਗ ਦੇ ਦਿਤੀ ਹੈ। ਜੇਕਰ ਅੱਗੇ ਤੋਂ ਕੋਈ ਕਾਨੂੰਨ ਅਤੇ ਵਿਵਸਥਾ ਨੂੰ ਅਪਣੇ ਹੱਥ 'ਚ ਲਵੇਗਾ ਤੇ ਕਿਸੇ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

ਪਹਿਲੇ ਦਿਨ ਦਾ ਬੰਦ ਸਫ਼ਲ ਰਿਹਾ : ਰਾਜੇਵਾਲ : ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੂੰ ਬੰਦ ਸਬੰਧੀ ਪੁਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਦੇਸ਼ ਭਰ 'ਚ ਪਹਿਲੇ ਦਿਨ ਦਾ ਬੰਦ ਪੂਰਨ ਤੌਰ 'ਤੇ ਸਫ਼ਲ ਰਿਹਾ। ਜਦੋਂ ਉਨ੍ਹਾਂ ਨੂੰ ਮਾਛੀਵਾੜਾ ਸ਼ਹਿਰ 'ਚ ਕੁੱਝ ਲੋਕਾਂ ਵਲੋਂ ਕੀਤੀ ਹੁੱਲੜਬਾਜੀ ਸਬੰਧੀ ਪੁਛਿਆ ਤਾਂ ਉਨ੍ਹਾਂ ਇਸ ਨੂੰ ਕੁੱਝ ਸ਼ਰਾਰਤੀ ਅਨਸਰਾਂ ਦੀ ਸਾਜ਼ਸ਼ ਦਸਿਆ। ਉਨ੍ਹਾਂ ਸਖ਼ਤੀ ਨਾਲ ਜਥੇਬੰਦੀ ਦੇ ਸਥਾਨਕ ਆਗੂਆਂ ਨੂੰ ਸ਼ਰਾਰਤੀ ਅਨਸਰਾਂ 'ਤੇ ਨਜ਼ਰ ਰੱਖਣ ਲਈ ਕਿਹਾ ਹੈ ਤਾਕਿ ਭਾਰਤੀ ਕਿਸਾਨ ਯੂਨੀਅਨ ਨੂੰ ਕੋਈ ਬਦਨਾਮ ਨਾ ਕਰ ਸਕੇ।