109 ਵਿਅਕਤੀਆਂ ਦੀ ਦੋ ਸਾਲਾਂ ਵਿਚ ਓਵਰਡੋਜ਼ ਨਾਲ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ : ਪੰਜਾਬ ਵਿਚ ਦੋ ਸਾਲਾਂ ਵਿਚ 109 ਵਿਅਕਤੀਆਂ ਦੀ ਨਸ਼ੀਲੀ ਦਵਾਈ ਖਾਣ ਨਾਲ ਮੌਤ ਹੋਈ ਹੈ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਵਿਧਾਨ ਸਭਾ ਵਿਚ ਪੇਸ਼ ਕੀਤੀ ਗਈ...

Drugs

ਚੰਡੀਗੜ੍ਹ : ਪੰਜਾਬ ਵਿਚ ਦੋ ਸਾਲਾਂ ਵਿਚ 109 ਵਿਅਕਤੀਆਂ ਦੀ ਨਸ਼ੀਲੀ ਦਵਾਈ ਖਾਣ ਨਾਲ ਮੌਤ ਹੋਈ ਹੈ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਵਿਧਾਨ ਸਭਾ ਵਿਚ ਪੇਸ਼ ਕੀਤੀ ਗਈ ਰੀਪੋਰਟ ਅਨੁਸਾਰ ਦੋ ਸਾਲਾਂ ਵਿਚ 109 ਵਿਅਕਤੀਆਂ ਦੀ ਵੱਧ ਨਸ਼ੇ ਨਾਲ ਮੌਤ ਹੋਈ ਹੈ। ਸਰਕਾਰ ਵਲੋਂ ਪੇਸ਼ ਇਨ੍ਹਾਂ ਅੰਕੜਿਆਂ ਨੇ ਨਸ਼ਿਆਂ ਵਿਰੁਧ ਵਰਤੀ ਜਾਂਦੀ ਸਖ਼ਤੀ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿਤੀ ਹੈ।
ਵਿਰੋਧੀ ਧਿਰ ਵਲੋਂ ਸਰਕਾਰ ਨੂੰ ਨਸ਼ੇ ਦੇ ਮੁੱਦੇ 'ਤੇ ਲਗਾਤਾਰ ਘੇਰਿਆ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਮੁੱਚੀ ਲੀਡਰਸ਼ਿਪ ਪੰਜਾਬ ਵਿਚ ਨਸ਼ੇ ਦਾ ਲੋਕ ਤੋੜਨ ਦਾ ਦਾਅਵਾ ਕਰਦੇ ਆ ਰਹੇ ਹਨ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵਲੋਂ ਪੁਛੇ ਸਵਾਲ ਦੇ ਜਵਾਬ ਵਿਚ ਦਸਿਆ ਹੈ ਕਿ ਸਾਲ 2017-18 ਵਿਚ 23 ਮੌਤਾਂ ਅਤੇ ਸਾਲ 2018-19 ਵਿਚ 86 ਮੌਤਾਂ ਡਰੱਗ ਓਵਰਡੋਜ਼ ਨਾਲ ਹੋਈਆਂ ਹਨ। ਉਨ੍ਹਾਂ ਰੀਪੋਰਟ ਦੇ ਆਧਾਰ 'ਤੇ ਦਸਿਆ ਕਿ 49 ਮਾਮਲਿਆਂ ਵਿਚ ਮੋਰਫਿਨ, ਦੋ ਮਾਮਲਿਆਂ ਵਿਚ ਟਰਾਮਾਡੋਲ ਅਤੇ 15 ਮਾਮਲਿਆਂ ਵਿਚ ਐਲੂਮੀਨੀਅਮ ਫਾਸਫਾਈਡ ਦੀ ਓਵਰਡੋਜ਼ ਪਾਈ ਗਈ ਹੈ। ਜਦੋਂ ਕਿ 42 ਕੇਸਾਂ ਵਿਚ ਕਿਸੇ ਕਿਸਮ ਦੀ ਡਰੱਗ ਨਹੀਂ ਪਾਈ ਗਈ। ਬ੍ਰਹਮ ਮਹਿੰਦਰਾ ਨੇ ਜ਼ਿਲ੍ਹਾ ਅਨੁਸਾਰ ਹੋਈਆਂ ਮੌਤਾਂ ਦਾ ਵੇਰਵਾ ਦਿੰਦਿਆਂ ਦਸਿਆ ਕਿ ਅੰਮ੍ਰਿਤਸਰ ਵਿਚ ਦੋ ਸਾਲਾਂ ਦੌਰਾਨ 13, ਬਠਿੰਡਾ ਵਿਚ 7, ਲੁਧਿਆਣਾ 7, ਹੁਸ਼ਿਆਰਪੁਰ 9, ਜਲੰਧਰ 8, ਸ਼ਹੀਦ ਭਗਤ ਸਿੰਘ ਨਗਰ 5, ਗੁਰਦਾਸਪੁਰ 3, ਪਠਾਨਕੋਟ 2, ਤਰਨਤਾਰਨ 11, ਬਟਾਲਾ 4, ਮੋਗਾ 10, ਸੰਗਰੂਰ 1, ਫ਼ਰੀਦਕੋਟ 5, ਪਟਿਆਲਾ 3, ਕਪੂਰਥਲਾ 3, ਰੋਪੜ੍ਹ 3, ਫ਼ਿਰੋਜ਼ਪੁਰ 6, ਬਰਨਾਲਾ 2, ਫ਼ਾਜ਼ਿਲਕਾ 5 ਅਤੇ ਮੋਹਾਲੀ ਵਿਖੇ ਦੋ ਵਿਅਕਤੀਆਂ ਦੀ ਮੌਤ ਹੋਈ ਹੈ।