ਮੁੱਖ ਮੰਤਰੀ ਵੱਲੋਂ 198 ਕਰੋੜ ਦੀ ਲਾਗਤ ਨਾਲ ਪੀਣਯੋਗ ਪਾਣੀ ਤੇ ਸੀਵਰੇਜ ਪ੍ਰਾਜੈਕਟਾਂ ਦੀ ਸ਼ੁਰੂਆਤ
ਅੰਮ੍ਰਿਤਸਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚਵਿੰਡਾ ਕਲਾਂ ਵਿਖੇ ਪੀਣ ਲਈ ਸਾਫ਼ ਨਹਿਰੀ ਪਾਣੀ ਮੁਹੱਈਆ ਕਰਵਾਉਣ, ਸੀਵਰੇਜ ਪ੍ਰਣਾਲੀ ਤੇ ਪਾਣੀ ਟੈਸਟ...
ਅੰਮ੍ਰਿਤਸਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚਵਿੰਡਾ ਕਲਾਂ ਵਿਖੇ ਪੀਣ ਲਈ ਸਾਫ਼ ਨਹਿਰੀ ਪਾਣੀ ਮੁਹੱਈਆ ਕਰਵਾਉਣ, ਸੀਵਰੇਜ ਪ੍ਰਣਾਲੀ ਤੇ ਪਾਣੀ ਟੈਸਟ ਲੈਬਾਰਟਰੀ ਕਾਇਮ ਕਰਨ ਲਈ 197.69 ਕਰੋੜ ਰੁਪਏ ਦੇ ਚਾਰ ਪ੍ਰਾਜੈਕਟਾਂ ਦੀ ਅੱਜ ਅੰਮ੍ਰਿਤਸਰ ਜ਼ਿਲ੍ਹੇ 'ਚ ਸ਼ੁਰੂਆਤ ਕੀਤੀ। ਉਨ੍ਹਾਂ ਇਸ ਮੌਕੇ ਲੋਪੋਕੇ ਸਬ ਤਹਿਸੀਲ ਨੂੰ ਅਪਗ੍ਰੇਡ ਕਰ ਕੇ ਤਹਿਸੀਲ ਦਾ ਦਰਜਾ ਦੇਣ ਅਤੇ ਚੌਗਾਵਾਂ ਵਿਖੇ ਨਵਾਂ ਡਿਗਰੀ ਕਾਲਜ ਖੋਲ੍ਹਣ ਦਾ ਐਲਾਨ ਵੀ ਕੀਤਾ।
ਪੰਜਾਬ ਦੇ ਪਾਣੀ ਦੀ ਸਥਿਤੀ ਨੂੰ ਬੇਹੱਦ ਖ਼ਤਰਨਾਕ ਦੱਸਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਆਉਣ ਵਾਲੀਆਂ ਪੀੜੀਆਂ ਲਈ ਪਾਣੀ ਬਚਾਉਣ ਅਤੇ ਸੰਭਾਲਣ ਦਾ ਸੱਦਾ ਦਿੰਦੇ ਕਿਹਾ ਕਿ ਜਦੋਂ ਐਸ.ਵਾਈ.ਐਲ. ਦਾ ਕੰਮ ਸ਼ੁਰੂ ਹੋਇਆ ਤਾਂ ਉਸ ਸਮੇਂ ਪੰਜਾਬ ਕੋਲ 17 ਐਮ.ਏ.ਐਫ. ਪਾਣੀ ਸੀ, ਜੋ ਕਿ 30 ਸਾਲਾਂ ਵਿਚ 13 ਐਮ.ਏ.ਐਫ. ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਗਰੀਨ ਹਾਊਸ ਗੈਸਾਂ ਦੇ ਪ੍ਰਭਾਵ, ਗਲੇਸ਼ੀਅਰਾਂ ਦੇ ਖੁਰਨ ਅਤੇ ਧਰਤੀ ਹੇਠਲੇ ਪਾਣੀ ਦੇ ਡੂੰਘੇ ਹੋਣ ਨਾਲ ਸਥਿਤੀ ਖ਼ਤਰਨਾਕ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਭਾਖੜਾ ਦੇ ਨਿਰਮਾਣ ਵੇਲੇ ਸੂਬੇ 'ਚ ਸਿਰਫ਼ 50 ਹਜ਼ਾਰ ਟਿਊਬਵੈਲ ਲੱਗਣ ਦਾ ਅਨੁਮਾਨ ਲਗਾਇਆ ਗਿਆ ਸੀ, ਜਦ ਕਿ ਇਸ ਵੇਲੇ ਸੂਬੇ 'ਚ 14 ਲੱਖ ਟਿਊੂਬਵੈਲ ਧਰਤੀ ਵਿਚੋਂ ਪਾਣੀ ਖਿੱਚ ਰਹੇ ਹਨ।
- ਮੁੱਖ ਮੰਤਰੀ ਨੇ ਨਹਿਰੀ ਪਾਣੀ ਨੂੰ ਸਾਫ਼ ਕਰ ਕੇ ਚਾਰ ਬਲਾਕਾਂ ਦੇ 112 ਪਿੰਡ, ਜਿਸ 'ਚ ਕਰੀਬ ਡੇਢ ਲੱਖ ਲੋਕ ਰਹਿੰਦੇ ਹਨ, ਤੱਕ ਪੁੱਜਦਾ ਕਰਨ ਲਈ 154.15 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਵਿਸ਼ਵ ਬੈਂਕ ਦੀ ਵਿੱਤੀ ਤੇ ਤਕਨੀਕੀ ਸਹਾਇਤਾ ਨਾਲ ਬਣਨ ਵਾਲੇ ਇਸ ਪ੍ਰਾਜੈਕਟ ਦੇ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ।
- ਨੀਤੀ ਆਯੋਗ ਪ੍ਰਾਜੈਕਟ ਤਹਿਤ ਪਾਣੀ ਵਿਚੋਂ ਆਰਸੈਨਿਕ ਕੱਢ ਕੇ ਅੰਮ੍ਰਿਤਸਰ, ਤਰਨਤਾਨਰ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਰੂਪਨਗਰ ਦੇ 102 ਪਿੰਡਾਂ ਪੀਣ ਲਈ ਸਾਫ਼ ਪਾਣੀ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ 21.97 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਣ ਵਾਲੇ 60 ਪਲਾਟਾਂ ਦਾ ਉਦਘਾਟਨ ਵੀ ਕੀਤਾ।
- ਮੁੱਖ ਮੰਤਰੀ ਨੇ ਪਾਣੀ 'ਚ ਮਿਲਣ ਵਾਲੇ ਭਾਰੀ ਤੱਤ ਆਰਸੈਨਿਕ, ਆਇਰਨ ਅਤੇ ਕੀਟਨਾਸ਼ਕਾਂ ਦੀ ਜਾਂਚ ਲਈ ਅੰਮ੍ਰਿਤਸਰ ਵਿਚ 6 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਪਾਣੀ ਟੈਸਟ ਲੈਬਾਰਟਰੀ ਦਾ ਨੀਂਹ ਪੱਥਰ ਵੀ ਰੱਖਿਆ।
- ਮੁੱਖ ਮੰਤਰੀ ਨੇ ਜਲ ਸਪਲਾਈ ਅਤੇ ਸੀਵਰੇਜ ਸਕੀਮ ਬੁੱਢਾ ਥੇਹ, ਬਲਾਕ ਰਈਆ ਦੇ ਤਿੰਨ ਪਿੰਡਾਂ ਵਿਚ ਕੁੱਲ 15.57 ਕਰੋੜ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਤੇ ਸੀਵਰੇਜ ਸਕੀਮ ਦਾ ਨੀਂਹ ਪੱਥਰ ਵੀ ਰੱਖਿਆ। ਉਨਾਂ ਦੱਸਿਆ ਕਿ ਇਹ ਪ੍ਰਾਜੈਕਟ ਨਾਬਾਰਡ ਦੀ ਸਹਾਇਤਾ ਨਾਲ ਇਸੇ ਸਾਲ ਹੀ ਪੂਰਾ ਕਰ ਲਿਆ ਜਾਵੇਗਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਪਾਣੀ ਦੀ ਮਹੱਤਤਾ ਨੂੰ ਸਮਝਦੇ ਹੋਏ 140 ਰੁਪਏ ਮਹੀਨਾ ਦਾ ਬਿਲ ਜਰੂਰੀ ਕੀਤਾ ਹੈ ਤਾਂ ਕਿ ਲੋਕ ਪਾਣੀ ਨੂੰ ਮੁਫਤ ਸਮਝ ਕੇ ਫਾਲਤੂ ਨਾ ਗਵਾਉਣ ਤੇ ਆਉਣ ਵਾਲੀਆਂ ਪੀੜੀਆਂ ਲਈ ਸੰਭਾਲ ਕੇ ਰੱਖਣ।
ਇਸ ਮੌਕੇ ਮਾਲ ਤੇ ਸਿੰਚਾਈ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਇਨ੍ਹਾਂ ਅਹਿਮ ਪ੍ਰਾਜੈਕਟਾਂ ਦੀ ਸ਼ੁਰੂਆਤ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਅਤੇ ਹਲਕੇ ਦੀਆਂ ਜ਼ਰੂਰੀ ਮੰਗਾਂ, ਜਿਸ ਵਿਚ ਲੋਪੋਕੇ ਸਬ ਤਹਿਸੀਲ, ਚੌਗਾਵਾਂ ਵਿਖੇ ਡਿਗਰੀ ਕਾਲਜ ਤੇ ਸੜਕਾਂ ਦੀ ਮੁਰੰਮਤ ਆਦਿ ਸ਼ਾਮਿਲ ਸੀ, ਮੁੱਖ ਮੰਤਰੀ ਕੋਲ ਰੱਖੀਆਂ, ਜਿਸ ਨੂੰ ਉਨਾਂ ਤਰੁੰਤ ਸਵਿਕਾਰ ਕਰਨ ਦਾ ਐਲਾਨ ਕੀਤਾ। ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਤੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਵੀ ਇਸ ਮੌਕੇ ਉਕਤ ਪ੍ਰਾਜੈਕਟਾਂ ਦੀ ਸ਼ੁਰੂਆਤ ਲਈ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ।
ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਿੰਸੀਪਲ ਸੈਕਟਰੀ ਗੁਰਕੀਰਤ ਕਿਰਪਾਲ ਸਿੰਘ, ਵਿਧਾਇਕ ਤਰਸੇਮ ਸਿੰਘ ਡੀ.ਸੀ., ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਆਈ.ਜੀ. ਐਸ.ਪੀ.ਐਸ. ਪਰਮਾਰ, ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਐਸ.ਐਸ.ਪੀ. ਪਰਮਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਦਿਲਰਾਜ ਸਿੰਘ ਸਰਕਾਰੀਆ ਆਦਿ ਆਗੂ ਵੀ ਹਾਜ਼ਰ ਸਨ।