ਜਲੰਧਰ ’ਚ ਲੰਬੇ ਅਰਸੇ ਬਾਅਦ ਮੁੜ ਵਧੀ ਕਰੋਨਾ ਮਰੀਜ਼ਾਂ ਦੀ ਗਿਣਤੀ, ਸਾਹਮਣੇ ਆਏ 270 ਕੇਸ, 5 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵੇਂ ਆਏ ਕੇਸਾਂ ਵਿਚ ਵਿਦਿਆਰਥੀਆਂ ਦੀ ਬਹੁਤਾਤ, ਮਹਿਕਮੇ ਵਿਚ ਹਫੜਾ-ਦਫੜੀ ਦਾ ਮਹੌਲ

corona

ਜਲੰਧਰ : ਪਿਛਲੇ ਸਾਲ ਅੱਧ ਮਾਰਚ ਤੋਂ ਬਾਅਦ ਕਰੋਨਾ ਕਾਰਨ ਲੌਕਡਾਊਨ ਦੀ ਘਟਨਾ ਨੂੰ ਭਾਵੇਂ ਸਾਲ ਦਾ ਅਰਸਾ ਬੀਤ ਗਿਆ ਹੈ, ਪਰ ਇਸ ਦੀ ਕੌੜੀ ਯਾਦ ਅੱਜ ਵੀ ਲੋਕ-ਮਨਾਂ ਵਿਚ ਤਾਜ਼ਾ ਹੈ। ਹੁਣ ਮਾਰਚ ਮਹੀਨੇ ਦੌਰਾਨ ਇਕ ਵਾਰ ਫਿਰ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧਣ ਦੀਆਂ ਖਬਰਾਂ  ਸਾਹਮਣੇ ਆ ਰਹੀਆਂ ਹਨ। ਭਾਵੇਂ ਕਰੋਨਾ ਨੂੰ ਮਾਤ ਦੇਣ ਲਈ ਇਸ ਵੇਲੇ ਬਾਜ਼ਾਰ ਵਿਚ ਕਰੋਨਾ ਵੈਕਸੀਨ ਮੌਜੂਦ ਹੈ ਅਤੇ ਇਸ ਦਾ ਟੀਕਾਕਰਨ ਜਾਰੀ ਹੈ। ਇਸ ਦੇ ਬਾਵਜੂਦ ਲੋਕਾਂ ਨੂੰ ਕਰੋਨਾ ਲਈ ਸਾਵਧਾਨੀਆਂ ਵਰਤਣ ਦੀ ਲੋੜ ਹੈ।

ਇਸੇ ਦਰਮਿਆਨ ਵੀਰਵਾਰ ਨੂੰ ਜਲੰਧਰ ਜ਼ਿਲ੍ਹੇ ’ਚ ਕਰੋਨਾ ਦੇ ਕੇਸਾਂ ਵਿਚ ਵੱਡਾ ਵਾਧਾ ਵੇਖਣ ਨੂੰ ਮਿਲਿਆ ਹੈ। ਜ਼ਿਲ੍ਹੇ ਅੰਦਰ ਕਰੋਨਾ ਦੇ 270 ਪਾਜ਼ੇਟਿਵ ਕੇਸ ਸਾਹਮਣੇ ਆਉਣ ਦੇ ਨਾਲ ਹੀ 5 ਮਰੀਜ਼ਾਂ ਦੀ ਮੌਤ  ਹੋਣ ਦੀ ਖਬਰ ਹੈ।  ਅੱਜ ਸਾਹਮਣੇ ਆਏ ਪਾਜ਼ੇਟਿਵ ਕੇਸਾਂ ’ਚ ਜ਼ਿਆਦਾਤਰ ਵਿਦਿਆਰਥੀ ਹਨ। ਇਸ ਕਾਰਨ ਮਹਿਕਮੇ ’ਚ ਅਫਰਾ-ਤਫੜੀ ਮੱਚ ਗਈ ਹੈ। ਬੁੱਧਵਾਰ ਨੂੰ ਵੀ ਜ਼ਿਲ੍ਹੇ ’ਚ ਜਿਥੇ 35 ਸਾਲਾ ਨੌਜਵਾਨ ਸਮੇਤ 4 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ, ਉਥੇ ਹੀ 96 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ ਬੁੱਧਵਾਰ 3523 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 51 ਨੂੰ ਛੁੱਟੀ ਦੇ ਦਿੱਤੀ ਗਈ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 4943 ਹੋਰ ਲੋਕਾਂ ਦੇ ਸੈਂਪਲ ਲਏ। ਇਸੇ ਦੌਰਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਨੇ ਰਫਤਾਰ ਫੜ ਲਈ ਹੈ।

ਬੁੱਧਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਿਹਤ ਕੇਂਦਰਾਂ ਤੇ ਨਿੱਜੀ ਹਸਪਤਾਲਾਂ ਵਿਚ 540 ਸੀਨੀਅਰ ਨਾਗਰਿਕਾਂ ਸਮੇਤ ਕੁਲ 1160 ਲੋਕਾਂ ਨੇ ਟੀਕਾ ਲੁਆਇਆ। ਸਿਵਲ ਸਰਜਨ ਡਾ. ਬਲਵੰਤ ਸਿੰਘ ਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਲੋਕਾਂ ਵੱਲੋਂ ਕਰੇਨਾ ਟੀਕਾ ਲਵਾਉਣ ਲਈ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਟੀਕਾ ਲੁਆਉਣ ਵਾਲਿਆਂ ਵਿਚ 111 ਅਜਿਹੇ ਕੋਰੋਨਾ ਯੋਧੇ ਸਨ, ਜਿਨ੍ਹਾਂ ਨੇ ਦੂਜੀ ਡੋਜ਼ ਲੁਆਈ।