ਅਧਿਆਪਕ ਦਿਵਸ ਨੂੰ ਰੋਸ ਵਜੋਂ ਕਾਲਾ ਦਿਵਸ ਮਨਾਉਣਗੇ ਸਿਖਿਆ ਪ੍ਰੋਵਾਈਡਰ
ਸਰਕਾਰ (ਸਿਖਿਆ ਵਿਭਾਗ) ਦੀ ਪਾਲਿਸੀ ਅਨੁਸਾਰ ਭਰਤੀ ਹੋਏ ਸਿਖਿਆ ਪ੍ਰੋਵਾਈਡਰ ਪਿਛਲੇ 10-12 ਸਾਲਾਂ ਤੋਂ ਬਤੌਰ ਅਧਿਆਪਕ ਵਜੋਂ ਅਪਣੀਆਂ ਸੇਵਾਵਾਂ ਨਿਭਾ ਰਹੇ ਹਨ............
ਚੰਡੀਗੜ੍ਹ : ਸਰਕਾਰ (ਸਿਖਿਆ ਵਿਭਾਗ) ਦੀ ਪਾਲਿਸੀ ਅਨੁਸਾਰ ਭਰਤੀ ਹੋਏ ਸਿਖਿਆ ਪ੍ਰੋਵਾਈਡਰ ਪਿਛਲੇ 10-12 ਸਾਲਾਂ ਤੋਂ ਬਤੌਰ ਅਧਿਆਪਕ ਵਜੋਂ ਅਪਣੀਆਂ ਸੇਵਾਵਾਂ ਨਿਭਾ ਰਹੇ ਹਨ। ਸਿਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਪੰਜਾਬ ਦੇ ਕਨਵੀਨਰ ਸੰਜੀਵ ਕੁਮਾਰ ਨੇ ਕਿਹਾ ਕਿ ਜਿਵੇਂ ਪਿਛਲੀ ਬਾਦਲ ਸਰਕਾਰ ਨੇ ਰੱਜ ਕੇ ਸਿਖਿਆ ਪ੍ਰੋਵਾਈਡਰਾਂ ਦਾ ਸ਼ੋਸ਼ਣ ਕੀਤਾ, ਉਸੇ ਤਰ੍ਹਾਂ ਹੀ ਮੌਜੂਦਾ ਕੈਪਟਨ ਸਰਕਾਰ 3807 ਸਿਖਿਆ ਪ੍ਰੋਵਾਈਡਰਾਂ ਦਾ ਸ਼ੋਸ਼ਣ ਕਰਨ ਤੋਂ ਵੀ ਅੱਗੇ ਲੰਘ ਗਈ ਹੈ।
ਉਨ੍ਹਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ, ਇਨ੍ਹਾਂ ਨੇ ਸਿਖਿਆ ਪ੍ਰੋਵਾਈਡਰਾਂ ਦੇ ਮੁਹਾਲੀ ਧਰਨੈ ਵਿਚ ਆ ਕੇ ਵਾਅਦਾ ਕੀਤਾ ਸੀ ਕਿ ਤੁਸੀਂ ਮੇਰੀ ਸਰਕਾਰ ਬਣਾਉ, ਜੇਕਰ ਮੇਰੀ ਸਰਕਾਰ ਆਉਂਦੀ ਹੈ ਤਾਂ ਪਹਿਲ ਦੇ ਆਧਾਰ 'ਤੇ ਪਹਿਲੀ ਕੈਬਨਿਟ ਮੀਟਿੰਗ ਵਿਚ ਤੁਹਾਡੇ ਰੁਜ਼ਗਾਰ ਨੂੰ ਪੱਕਾ ਕਰਨ ਦਾ ਮਤਾ ਪਾਸ ਕਰਵਾ ਕੇ ਤੁਹਾਨੂੰ ਰੈਗੂਲਰ ਕਰਾਂਗਾ ਕਿਉਂਕਿ ਉਸ ਸਮੇਂ ਆਪ ਜੀ ਇਹ ਨਿੰਦਿਆਂ ਕੀਤੀ ਸੀ ਕਿ ਤੁਹਾਡੀ ਤਨਖ਼ਾਹ ਮੇਰੇ ਮਾਲੀ ਦੀ ਤਨਖ਼ਾਹ ਨਾਲੋਂ ਵੀ ਘੱਟ ਹੈ।
ਕਾਂਗਰਸ ਪਾਰਟੀ ਨੇ ਅਪਣੇ ਚੋਣ ਮੈਨੀਫ਼ੈਸਟੋ ਜਿਸ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੈ ਤਿਆਰ ਕੀਤਾ ਸੀ, ਉਸ ਮੈਨੀਫ਼ੈਸਟੋ ਦੇ ਮਦ ਨੰ. 13 ਅਤੇ 41 ਰਾਹੀਂ ਸਾਰੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ। ਉੁਨ੍ਹਾਂ ਕਿਹਾ ਕਿ ਸਰਕਾਰ ਦੀ ਵਾਅਦਾਖਿਲਾਫ਼ੀ, ਧੱਕੇਸ਼ਾਹੀ ਦੇ ਰੋਸ ਵਿਚ 5 ਸਤੰਬਰ 2018 ਨੂੰ ਅਧਿਆਪਕ ਦਿਵਸ ਮੌਕੇ 3807 ਸਿਖਿਆ ਪ੍ਰੋਵਾਈਡਰ ਕਾਲੇ ਦਿਵਸ ਵਜੋਂ ਮਨਾਉਣਗੇ,
ਜਿਸ ਦੇ ਰੋਸ ਵਿਚ ਸਕੂਲਾਂ ਵਿਚ ਕਾਲੀਆਂ ਪੱਟੀਆਂ ਬੰਨ੍ਹ ਕੇ ਜਾਣਗੇ ਅਤੇ ਪੂਰੇ ਪੰਜਾਬ ਵਿਚ ਸ਼ਾਂਤਮਈ ਢੰਗ ਨਾਲ ਅਪਣਾ ਰੋਸ ਵਿਖਾਉਣਗੇ। ਸਕੂਲ ਟਾਈਮ ਤੋਂ ਬਾਅਦ ਜ਼ਿਲ੍ਹੇ ਦੇ ਹੈਡਕੁਆਟਰਾਂ ਦੇ ਸਬੰਧਤ ਅਧਿਕਾਰੀ ਡੀ.ਸੀ. ਜਾਂ ਡੀ.ਈ.ਓ. ਨੂੰ ਮੰਗ ਪੱਤਰ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿਚ ਸੂਬਾ ਪਧਰੀ ਰੈਲੀਆਂ ਵੀ ਕੀਤੀਆਂ ਜਾਣਗੀਆਂ।