ਅੰਮ੍ਰਿਤਸਰ ਰੇਲ ਹਾਦਸੇ ਲਈ ਸੂਬਾ ਸਰਕਾਰ ਹੀ ਜ਼ਿੰਮੇਵਾਰ : ਟੀ.ਪੀ. ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ੁੱਕਰਵਾਰ ਨੂੰ ਪੰਜਾਬ ਵਿਚ ਲੁਧਿਆਣਾ, ਫਿਰੋਜ਼ਪੁਰ, ਮੋਗਾ ਆਦਿ ਰੇਲਵੇ ਸਟੇਸ਼ਨਾਂ ਦੀ ਸਲਾਨਾ ਜਾਂਚ ਉਤੇ ਆਏ ਉੱਤਰ ਰੇਲਵੇ ਦੇ...

T.P. Singh

ਫਿਰੋਜ਼ਪੁਰ : ਸ਼ੁੱਕਰਵਾਰ ਨੂੰ ਪੰਜਾਬ ਵਿਚ ਲੁਧਿਆਣਾ, ਫਿਰੋਜ਼ਪੁਰ, ਮੋਗਾ ਆਦਿ ਰੇਲਵੇ ਸਟੇਸ਼ਨਾਂ ਦੀ ਸਲਾਨਾ ਜਾਂਚ ਉਤੇ ਆਏ ਉੱਤਰ ਰੇਲਵੇ ਦੇ ਜਨਰਲ ਮੈਨੇਜਰ ਟੀਪੀ ਸਿੰਘ ਨੇ ਅੰਮ੍ਰਿਤਸਰ ਰੇਲ ਹਾਦਸੇ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਰਾਇਆ ਹੈ। ਉਨ੍ਹਾਂ ਦਾ ਸਾਫ਼ ਮੰਨਣਾ ਹੈ ਕਿ ਰੇਲਵੇ ਦੀ ਜ਼ਾਇਦਾਦ  ਦੇ ਨੇੜੇ ਕੋਈ ਵੀ ਸਰਵਜਨਿਕ ਪ੍ਰੋਗਰਾਮ ਵਰਜਿਤ ਹੈ। ਅਜਿਹੇ ਵਿਚ ਰੇਲਵੇ ਲਾਈਨਾਂ ਦੇ ਨੇੜੇ ਕਿਸੇ ਵੀ ਤਰ੍ਹਾਂ ਦਾ ਪ੍ਰਬੰਧ ਕਰਨ ਉਤੇ ਧਾਰਾ 147 ਦੇ ਤਹਿਤ ਕਾਨੂੰਨੀ ਕਾਰਵਾਈ ਰੇਲਵੇ ਵਿਭਾਗ ਵਲੋਂ ਕੀਤੀ ਜਾਂਦੀ ਹੈ।

ਰੇਲਵੇ ਟ੍ਰੈਕ ਦੇ ਕੋਲ ਪ੍ਰੋਗਰਾਮ ਨਾ ਕੀਤੇ ਜਾਣ, ਸੂਬਾ ਸਰਕਾਰ ਨੂੰ ਇਹ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਮੋਗਾ ਰੇਲਵੇ ਸਟੇਸ਼ਨ ਉਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਐਡਵਾਂਸ ਟਿਕਟ ਬੁਕਿੰਗ ਵਿਚ ਦਲਾਲਾਂ ਦੀ ਭੂਮਿਕਾ ਸੀਮਿਤ ਕਰਨ ਦੀ ਰਣਨੀਤੀ ਦੇ ਸਬੰਧ ਵਿਚ ਜਾਣਕਾਰੀ ਦਿਤੀ। ਉਨ੍ਹਾਂ ਦੇ  ਮੁਤਾਬਕ, ਚਾਰ ਦਿਨ ਪਹਿਲਾਂ ਰੇਲ ਮੰਤਰੀ ਨੇ ਦੇਸ਼ ਭਰ ਦੇ ਸਾਰੇ ਜੀਐਮ ਦੇ ਨਾਲ ਬੈਠਕ ਕਰ ਕੇ ਇਸ ਮੁੱਦੇ ਉਤੇ ਚਰਚਾ ਕੀਤੀ ਸੀ। ਰੇਲ ਵਿਭਾਗ ਨੇ ਦਲਾਲਾਂ ਉਤੇ ਲਗਾਮ ਲਗਾਉਣ ਯੋਜਨਾ ਬਣਾਈ ਹੈ।

ਇਸ ਦੇ ਲਾਗੂ ਹੋਣ ਨਾਲ ਮੁਸਾਫ਼ਰਾਂ ਦੀ ਪਰੇਸ਼ਾਨੀ ਘੱਟ ਹੋਵੇਗੀ ਅਤੇ ਦਲਾਲਾਂ ਦੀ ਹਕੂਮਤ ਘੱਟ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਮੋਬਾਇਲ ਫ਼ੋਨ ਤੋਂ ਹੀ ਰੇਲ ਟਿਕਟ ਬੁੱਕ ਕਰਨ ਦੇ ਸਬੰਧ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਅਧਿਕਾਰੀਆਂ ਨੂੰ ਢੁੱਕਵੇਂ ਕਦਮ ਚੁੱਕਣ ਦੇ ਨਿਰਦੇਸ਼ ਦਿਤੇ। ਫਿਰੋਜ਼ਪੁਰ ਵਿਚ ਉਨ੍ਹਾਂ ਨੇ ਮੁਸਾਫ਼ਰਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ। ਇਲੈਕਟ੍ਰੀਕਲ ਟ੍ਰੈਕ ਦੀ ਜਾਂਚ ਕਰਨ ਦੇ ਮੌਕੇ ਉਤੇ ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਦੇਸ਼ ਦੇ ਸਾਰੇ ਰੇਲਵੇ ਟ੍ਰੈਕ 2022 ਤੱਕ ਇਲੈਕਟ੍ਰੀਕਲ ਕਰ ਦਿਤੇ ਜਾਣਗੇ।

ਉਨ੍ਹਾਂ ਨੇ ਡੀਆਰਐਮ ਦਫ਼ਤਰ ਵਿਚ ਬਣੇ ਮੀਟਿੰਗ ਹਾਲ ਵਿਚ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ ਅਤੇ ਯੂਨੀਅਨ ਦੇ ਅਹੁਦਾ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ। ਟੀਪੀ ਸਿੰਘ ਨੇ ਕਿਹਾ ਕਿ ਫਿਰੋਜ਼ਪੁਰ ਦੇਸ਼ ਦੇ ਰੇਲ ਮੰਡਲਾਂ ਵਿਚੋਂ ਇਕ ਹੈ, ਜਿਸ ਦੇ ਮੁਤਾਬਕ 1800 ਕਿਲੋਮੀਟਰ ਟ੍ਰੈਕ ਦੇ ਨਾਲ-ਨਾਲ ਕਈ ਵੱਡੇ ਸਟੇਸ਼ਨ ਆਉਂਦੇ ਹਨ। ਅੰਮ੍ਰਿਤਸਰ, ਜਲੰਧਰ ਲੁਧਿਆਣਾ, ਪਠਾਨਕੋਟ, ਜੰਮੂ-ਕਸ਼ਮੀਰ ਵਰਗੇ ਸਟੇਸ਼ਨ ਇਸ ਵਿਚ ਆਉਂਦੇ ਹਨ।

ਟੀਪੀ ਸਿੰਘ ਨੇ ਕਿਹਾ ਕਿ ਰੇਲਵੇ ਚਾਲਕਾਂ ਨੂੰ ਸਾਰੀਆਂ ਜਾਣਕਾਰੀਆਂ ਨਾਲ ਅੱਪਡੇਟ ਰੱਖਣ ਦੇ ਮਕਸਦ ਨਾਲ ਰੇਲਵੇ ਵਲੋਂ ਮੋਟੀਵੇਸ਼ਨ ਇਨਾਮ ਸ਼ੁਰੂ ਕੀਤਾ ਜਾ ਰਿਹਾ ਹੈ। ਅਗਲੇ ਮਹੀਨੇ ਤੋਂ ਚਾਲਕਾਂ ਨੂੰ ਅੰਕ ਦਿਤੇ ਜਾਣਗੇ। ਹਰ ਮਹੀਨਾ ਅੰਕਾਂ ਦੇ ਆਧਾਰ ਉਤੇ ਬਿਹਤਰ ਜਾਣਕਾਰੀ ਵਾਲੇ ਚਾਲਕ ਦੀ ਪਹਿਚਾਣ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਉਸ ਨੂੰ ਰੇਲਵੇ ਵਲੋਂ ਇਨਾਮ ਦਿਤਾ ਜਾਵੇਗਾ। ਇਹ ਇਨਾਮ ਦੋ ਪੱਧਰ ਉਤੇ ਹੋਵੇਗਾ।

ਪਹਿਲਾ ਮੰਡਲ ਪੱਧਰ ਉਤੇ ਅਤੇ ਦੂਜਾ ਉੱਤਰ ਜ਼ੋਨ ਪੱਧਰ ਉਤੇ। ਉਨ੍ਹਾਂ ਨੇ ਕਿਹਾ ਕਿ ਸਾਰੇ ਚਾਲਕਾਂ ਨੂੰ ਸਿਸਟਮ ਲਾਗਇਨ ਕਰਦੇ ਸਮੇਂ ਕੁੱਝ ਸਵਾਲ ਪੁੱਛੇ ਜਾਣਗੇ। ਉਨ੍ਹਾਂ ਨੇ ਨਿਰਦੇਸ਼ ਦਿਤੇ ਕਿ ਹਰ ਮਹੀਨੇ ਅੰਕਾਂ ਦੇ ਆਧਾਰ ਉਤੇ ਮੰਡਲ ਪੱਧਰ ਉਤੇ ਚਾਲਕਾਂ ਦਾ ਨਤੀਜਾ ਕੱਢਿਆ ਜਾਵੇ।